ਵੈੱਬ ਡੈਸਕ : ਪੱਛਮੀ ਬੰਗਾਲ ਦੀਆਂ 293 ਵਿਧਾਨ ਸਭਾ ਸੀਟਾਂ ਦੇ ਚੋਣ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਭਾਜਪਾ ਨੇ ਸਰਕਾਰ ਬਣਾਉਣ ਲਈ ਲੋੜੀਂਦੇ ਅੰਕੜੇ ਨੂੰ ਪਾਰ ਕਰ ਲਿਆ ਹੈ ਅਤੇ ਉਹ ਲਗਭਗ 200 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਲਈ ਇਹ ਵੱਡਾ ਝਟਕਾ ਹੈ, ਕਿਉਂਕਿ ਪਾਰਟੀ 100 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਇੰਨਾ ਹੀ ਨਹੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੀ ਵਿਧਾਨਸਭਾ ਸੀਟ ਵੀ ਬਚਾ ਨਹੀਂ ਸਕੀ ਹੈ।
ਭਾਜਪਾ ਉਮੀਦਵਾਰ ਤੋਂ ਹਾਰੀ ਮਮਤਾ
ਦੱਸ ਦਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਬਾਨੀਪੁਰ ਤੋਂ ਚੋਣ ਲੜ ਰਹੀ ਸੀ। ਇਸ ਦੌਰਾਨ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਅਧਿਕਾਰੀ ਸੁਵੇਂਦੂ ਦੇ ਨਾਲ ਸੀ। ਸ਼ੁਰੂਆਤੀ ਗੇੜਾਂ ਵਿਚ ਮਮਤਾ ਬੈਨਰਜੀ ਨੇ ਬੜਤ ਬਣਾਈ ਰੱਖੀ ਪਰ 15ਵੇਂ ਗੇੜ ਤੋਂ ਬਾਅਦ ਭਾਜਪਾ ਉਮੀਦਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਪਛਾੜ ਦਿੱਤਾ ਤੇ ਬੜਤ ਬਣਾ ਲਈ। ਅਖੀਰ ਭਾਜਪਾ ਉਮੀਦਵਾਰ ਸੁਵੇਂਦੂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ 15113 ਵੋਟਾਂ ਨਾਲ ਹਰਾ ਕੇ ਮਾਤ ਦੇ ਦਿੱਤਾ ਤੇ ਇਸ ਤਰ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਆਪਣੀ ਵਿਧਾਨ ਸਭਾ ਸੀਟ ਵੀ ਬਚਾ ਨਹੀਂ ਸਕੀ।
ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀ ਪ੍ਰਤੀਕਿਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ਨੂੰ 'ਬੇਮਿਸਾਲ' ਦੱਸਿਆ ਅਤੇ ਕਿਹਾ ਕਿ ਬੰਗਾਲ ਦੀ ਜਨਤਾ ਨੇ "ਸੁਸ਼ਾਸਨ" ਦੀ ਰਾਜਨੀਤੀ 'ਤੇ ਮੋਹਰ ਲਗਾਈ ਹੈ। ਉਨ੍ਹਾਂ ਇਸ ਜਿੱਤ ਦਾ ਸਿਹਰਾ ਕਈ ਪੀੜ੍ਹੀਆਂ ਦੇ ਵਰਕਰਾਂ ਦੇ ਸੰਘਰਸ਼ ਨੂੰ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫਤਵਾ ਭੈਅ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਕਰਾਰਾ ਜਵਾਬ ਹੈ।
ਮਮਤਾ ਬੈਨਰਜੀ ਦੇ ਦੋਸ਼ ਅਤੇ ਰਾਜ ਭਵਨ ਫੇਰੀ
ਨਤੀਜਿਆਂ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਵੋਟਾਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਹੌਸਲਾ ਨਾ ਹਾਰਨ ਦੀ ਅਪੀਲ ਕੀਤੀ। ਮਮਤਾ ਬੈਨਰਜੀ ਸ਼ਾਮ ਨੂੰ ਰਾਜਪਾਲ ਨਾਲ ਮੁਲਾਕਾਤ ਕਰਨ ਲਈ ਰਾਜ ਭਵਨ ਵੀ ਪਹੁੰਚੀ।
ਹਿੰਸਾ ਅਤੇ ਮੁੜ-ਮਤਦਾਨ
ਚੋਣ ਨਤੀਜਿਆਂ ਦੌਰਾਨ ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਕੂਚਬਿਹਾਰ ਅਤੇ ਦਿਨਹਾਟਾ ਵਿੱਚ ਭਾਜਪਾ ਅਤੇ ਟੀਐਮਸੀ ਵਰਕਰਾਂ ਵਿਚਾਲੇ ਝੜਪਾਂ ਹੋਈਆਂ, ਜਿਸ ਕਾਰਨ ਕੇਂਦਰੀ ਬਲਾਂ ਨੂੰ ਲਾਠੀਚਾਰਜ ਕਰਨਾ ਪਿਆ। ਇਸ ਦੇ ਨਾਲ ਹੀ, ਚੋਣ ਕਮਿਸ਼ਨ ਨੇ ਗੜਬੜੀ ਦੀਆਂ ਸ਼ਿਕਾਇਤਾਂ ਕਾਰਨ ਫਲਤਾ ਵਿਧਾਨ ਸਭਾ ਸੀਟ 'ਤੇ 29 ਅਪ੍ਰੈਲ ਨੂੰ ਹੋਈ ਵੋਟਿੰਗ ਰੱਦ ਕਰ ਦਿੱਤੀ ਹੈ ਤੇ ਹੁਣ ਉੱਥੇ 21 ਮਈ ਨੂੰ ਦੁਬਾਰਾ ਵੋਟਾਂ ਪੈਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਧਾਨ ਸਭਾ ਚੋਣਾਂ : ਤਮਿਲਨਾਡੂ 'ਚ 'ਥਲਪਤੀ' ਵਿਜੇ ਦੀ ਸਿਆਸੀ ਸੁਨਾਮੀ, ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ TVK
NEXT STORY