ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਇਕ ਖੇਤਰੀ ਪਾਰਟੀ ਦਸਦਿਆਂ ਕਿਹਾ ਹੈ ਕਿ ਦੇਸ਼ 'ਤੇ ਇਕੱਲੀ ਰਾਜ ਕਰਨ ਦੀ ਗੱਲ ਕਰਨ ਵਾਲੀ ਇਹ ਪਾਰਟੀ ਅੱਜ ਸਹਿਯੋਗੀ ਪਾਰਟੀਆਂ ਨੂੰ ਲੱਭਣ ਲਈ ਦਰ-ਦਰ ਭਟਕ ਰਹੀ ਹੈ। 'ਸਵਰਾਜਯ' ਰਸਾਲੇ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਮੋਦੀ ਨੇ ਕਾਂਗਰਸ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਆਪਣੀ ਹੋਂਦ ਬਚਾਉਣ ਲਈ ਇਸ ਸਮੇਂ ਸੰਘਰਸ਼ ਕਰਨ ਲਈ ਮਜਬੂਰ ਹੈ। ਕਾਂਗਰਸ ਸਿਰਫ ਪੰਜਾਬ, ਮਿਜ਼ੋਰਮ ਅਤੇ ਪੁਡੂਚੇਰੀ 'ਚ ਹੀ ਸੱਤਾ ਵਿਚ ਹੈ। ਦਿੱਲੀ, ਆਂਧਰਾ ਪ੍ਰਦੇਸ਼ ਅਤੇ ਸਿੱਕਮ ਵਿਚ ਉਸਦਾ ਇਕ ਵੀ ਵਿਧਾਇਕ ਨਹੀਂ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਉਸਦੀ ਹਾਲਤ ਬਾਰੇ ਸਭ ਨੂੰ ਪਤਾ ਹੈ। ਉਸਦੀ ਇਹ ਹਾਲਤ ਦੇਸ਼ ਦੇ ਲੋਕਾਂ ਨੇ ਹੀ ਕੀਤੀ ਹੈ, ਜਿਨ੍ਹਾਂ ਨੇ ਕਾਂਗਰਸ ਦੀਆਂ ਮਨਮਰਜ਼ੀਆਂ ਨੂੰ ਪ੍ਰਵਾਨ ਨਹੀਂ ਕੀਤਾ। ਵਿਰੋਧੀ ਧਿਰ ਨੂੰ ਇਕਮੁੱਠ ਕਰਨ ਦੇ ਕਾਂਗਰਸ ਦੇ ਯਤਨਾਂ ਸਬੰਧੀ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਗਠਜੋੜ ਦੀ ਸਿਆਸਤ ਸਬੰਧੀ ਕਾਂਗਰਸ ਕੀ ਸੋਚਦੀ ਹੈ। ਉਨ੍ਹਾਂ 20 ਸਾਲ ਪਹਿਲਾਂ 1998 'ਚ ਪੰਚਮੜੀ ਵਿਖੇ ਹੋਏ ਕਾਂਗਰਸ ਦੇ ਕੈਂਪ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਉਦੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਗੱਠਜੋੜ ਦਾ ਦੌਰ ਲੰਘਣ ਵਾਲਾ ਹੈ। ਪਾਰਟੀ ਨੇ ਉਦੋਂ ਦੇਸ਼ 'ਚ ਇਕ ਪਾਰਟੀ ਦੇ ਰਾਜ ਦੀ ਗੱਲ ਕਹੀ ਸੀ।
ਜਾਣਕਾਰੀ ਮੁਤਾਬਕ ਅੱਜ ਉਹੀ ਕਾਂਗਰਸ ਸਹਿਯੋਗੀਆਂ ਨੂੰ ਲੱਭਣ ਲਈ ਦਰ-ਦਰ ਭਟਕ ਰਹੀ ਹੈ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਮਹਾਗੱਠਜੋੜ ਨੂੰ ਰਾਸ਼ਟਰ ਦੇ ਹਿੱਤਾਂ 'ਚ ਨਹੀਂ ਸਗੋਂ ਖੁਦ ਦੀ ਹੋਂਦ ਨੂੰ ਬਚਾਉਣ ਅਤੇ ਸੱਤਾ ਹਥਿਆਉਣ ਦਾ ਯਤਨ ਕਰਾਰ ਦਿੰਦਿਆਂ ਕਿਹਾ ਕਿ ਇਸ 'ਚ ਸ਼ਾਮਲ ਹਰ ਨੇਤਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੇਖ ਰਿਹਾ ਹੈ। ਉਨ੍ਹਾਂ ਮਹਾਗੱਠਜੋੜ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆਉਣ ਦੀ ਮਹਾਦੌੜ ਕਰਾਰ ਦਿੰਦਿਆਂ ਕਿਹਾ ਕਿ ਇਸ 'ਚ ਹਰ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਪਰ ਗੱਠਜੋੜ ਦਾ ਦੂਜਾ ਸਹਿਯੋਗੀ ਉਸ ਨੂੰ ਪਿੱਛੇ ਧੱਕ ਕੇ ਖੁਦ ਦੌੜ ਜਿੱਤਣੀ ਚਾਹੁੰਦਾ ਹੈ।
ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ ਪਰ ਤ੍ਰਿਣਮੂਲ ਕਾਂਗਰਸ ਇਸ ਲਈ ਤਿਆਰ ਨਹੀਂ। ਮਮਤਾ ਖੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ ਪਰ ਇਸ ਸਬੰਧੀ ਵੀ ਖੱਬੇਪੱਖੀ ਪਾਰਟੀਆਂ ਨੂੰ ਦਿਕਤ ਹੈ। ਸਮਾਜਵਾਦੀ ਪਾਰਟੀ ਮੰਨਦੀ ਹੈ ਕਿ ਉਸਦਾ ਨੇਤਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਯੋਗ ਹੈ। ਮਹਾਗੱਠਜੋੜ 'ਚ ਲੋਕਾਂ ਦੀ ਖੁਸ਼ਹਾਲੀ ਵਲ ਕਿਸੇ ਦਾ ਧਿਆਨ ਨਹੀਂ। ਸਭ ਦਾ ਜ਼ੋਰ ਸੱਤਾ ਹਥਿਆਉਣ ਵਲ ਹੈ।
ਖਰਾਬ ਮੌਸਮ ਕਾਰਨ ਕੈਲਾਸ਼ ਮਾਨਸਰੋਵਰ ਦੇ ਡੇਢ ਹਜ਼ਾਰ ਸ਼ਰਧਾਲੂ ਫਸੇ, 250 ਬਚਾਏ
NEXT STORY