ਨਵੀਂ ਦਿੱਲੀ– ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵਲੋਂ ਅਗਲੀਆਂ ਲੋਕ ਸਭਾ ਚੋਣਾਂ ਅਤੇ ਕਾਂਗਰਸ ਵਿਚ ਨਵੀਂ ਜਾਨ ਫੂਕਣ ਲਈ ਪੇਸ਼ ਕੀਤੀ ਗਈ ਰਣਨੀਤੀ ’ਤੇ ਪਾਰਟੀ ਦੇ ਅੰਦਰ ਚੱਲ ਰਹੇ ਡੂੰਘੇ ਮੰਥਨ ਦੇ ਕ੍ਰਮ ਵਿਚ ਬੁੱਧਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਨਾਲ ਵਿਸਤ੍ਰਿਤ ਚਰਚਾ ਕੀਤੀ ਗਈ। ਪਾਰਟੀ ਦਾ ਕਹਿਣਾ ਹੈ ਕਿ ਕਿਸ਼ੋਰ ਵਲੋਂ ਦਿੱਤੇ ਗਏ ਸੁਝਾਵਾਂ ’ਤੇ ਸਲਾਹ-ਮਸ਼ਵਰਾ ਦਾ ਦੌਰ ਅਗਲੇ 48 ਤੋਂ 72 ਘੰਟਿਆਂ ਵਿਚ ਸੰਪੰਨ ਹੋ ਜਾਵੇਗਾ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿਵਾਸ ’ਤੇ ਹੋਈ ਬੈਠਕ ਵਿਚ ਗਹਿਲੋਤ ਅਤੇ ਬਘੇਲ ਦੇ ਸਾਹਮਣੇ ਕਿਸ਼ੋਰ ਨੇ ਆਪਣੀ ਰਣਨੀਤੀ ਪੇਸ਼ ਕੀਤੀ ਅਤੇ ਬੁੱਧਵਾਰ ਨੂੰ ਕੁਝ ਵਾਧੂ ਸੁਝਾਅ ਵੀ ਦਿੱਤੇ। ਇਸ ਮੌਕੇ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਸੀਨੀਅਰ ਨੇਤਾ ਅੰਬਿਕਾ ਸੋਨੀ ਅਤੇ ਰਣਦੀਪ ਸੂਰਜੇਵਾਲਾ ਵੀ ਮੌਜੂਦ ਸਨ।
ਬੈਠਕ ਤੋਂ ਬਾਅਦ ਗਹਿਲੋਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਇਕ ਬ੍ਰਾਂਡ ਬਣ ਗਏ ਹਨ। ਉਨ੍ਹਾਂ ਮੋਦੀ ਜੀ ਲਈ ਕੰਮ ਕੀਤਾ, ਬਿਹਾਰ ਵਿਚ ਕੰਮ ਕੀਤਾ..., ਇਸ ਲਈ ਉਨ੍ਹਾਂ ਬਾਰੇ ਖਬਰ ਹੈ, ਹਰ ਵਿਅਕਤੀ ਦੇ ਤਜਰਬੇ ਤੋਂ ਕੰਮ ਲੈਣਾ ਹੀ ਚਾਹੀਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਅਸੀਂ ਏਜੰਸੀਆਂ ਤੋਂ ਉਨ੍ਹਾਂ ਦੀ ਰਾਏ ਲੈਂਦੇ ਹਾਂ।
ਸੂਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ ’ਤੇ ਵਿਚਾਰ ਲਈ ਇਕ ਕਮੇਟੀ ਬਣਾਈ ਸੀ। ਇਨ੍ਹਾਂ ਸੁਝਾਵਾਂ ਵਿਚ ਕਾਂਗਰਸ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਵਿਚ ਸੰਗਠਨ ਨੂੰ ਚੁਸਤ-ਦਰੁਸਤ ਕਰਨ, ਸੰਗਠਨਾਤਮਕ ਬਦਲਾਅ ਕਰਨ, ਸੰਗਠਨ ਨੂੰ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਬਣਾਉਣ ਦੀਆਂ ਗੱਲਾਂ ਸ਼ਾਮਲ ਹਨ। ਇਨ੍ਹਾਂ ਸੁਝਾਵਾਂ ’ਤੇ ਪਿਛਲੇ 3 ਦਿਨਾਂ ਤੋਂ ਡੂੰਘਾ ਸਲਾਹ-ਮਸ਼ਵਰਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਮੇਟੀ ਨੇ ਇਹ ਸਮਝਿਆ ਕਿ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਦੋਵਾਂ ਮੁੱਖ ਮੰਤਰੀਆਂ ਕੋਲੋਂ ਉਨ੍ਹਾਂ ਦੇ ਸੁਝਾਅ ਲੈਣੇ ਜ਼ਰੂਰੀ ਹਨ। ਅਜਿਹੇ ਵਿਚ ਅੱਜ ਦੋਵਾਂ ਮੁੱਖ ਮੰਤਰੀਆਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਸੂਰਜੇਵਾਲਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ 24 ਤੋਂ 48 ਘੰਟਿਆਂ ਵਿਚ ਇਹ ਸਲਾਹ-ਮਸ਼ਵਰਾ ਪੂਰਾ ਹੋ ਜਾਵੇਗਾ। ਪਿਛਲੇ 5 ਦਿਨਾਂ ਅੰਦਰ ਪ੍ਰਸ਼ਾਂਤ ਕਿਸ਼ੋਰ ਚੌਥੀ ਵਾਰ ਸੋਨੀਆ ਗਾਂਧੀ ਦੇ ਨਿਵਾਸ ’ਤੇ ਪੁੱਜੇ। ਉਨ੍ਹਾਂ ਸੋਮਵਾਰ ਨੂੰ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ।
ਜਹਾਂਗੀਰਪੁਰੀ ’ਚ ਕਬਜ਼ਾ ਵਿਰੋਧੀ ਮੁਹਿੰਮ: SC ਨੇ ਕਿਹਾ- ਇਲਾਕੇ ’ਚ ਨਹੀਂ ਚੱਲੇਗਾ ਬੁਲਡੋਜ਼ਰ
NEXT STORY