ਨਾਗਪੁਰ- ਕਾਂਗਰਸ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਕੇਂਦਰੀ ਮੰਤਰੀ ਨਿਤਨਿ ਗਡਕਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਨੇ ਸੰਸਦ ਵਿਚ ਇਹ ਸੰਕੇਤ ਦੇ ਕੇ ਮਹਾਰਾਸ਼ਟਰ ਦਾ ਅਪਮਾਨ ਕੀਤਾ ਹੈ ਕਿ ਇਹ ਹੋਰ ਸੂਬਿਆਂ ਵਿਚ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਹੈ। ਪ੍ਰਦਰਸ਼ਨ ਦੇ ਮੱਦੇਨਜ਼ਰ ਵਰਧਾ ਰੋਡ ਸਥਿਤ ਗਡਕਰੀ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। ਨਾਗਪੁਰ ਸੀਨੀਅਰ ਭਾਜਪਾ ਨੇਤਾ ਦਾ ਗ੍ਰਹਿ ਨਗਰ ਹੈ। ਉਹ ਇਸ ਸਮੇਂ ਦਿੱਲੀ ਵਿਚ ਹਨ।
ਸਥਾਨਕ ਕਾਂਗਰਸ ਵਿਧਾਇਕ ਵਿਕਾਸ ਠਾਕਰੇ ਅਤੇ ਹੋਰ ਪਾਰਟੀ ਵਰਕਰਾਂ ਨੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਮਹਾਰਾਸ਼ਟਰ ਵਿਰੋਧੀ ਦੱਸਿਆ। ਕਾਂਗਰਸ ਦੇ ਪ੍ਰਦਰਸ਼ਨ ਦਾ ਜਵਾਬ ਦੇਣ ਲਈ ਭਾਜਪਾ ਦੇ ਵਰਕਰ ਵੀ ਗਡਕਰੀ ਦੇ ਘਰ ਦੇ ਬਾਹਰ ਇਕੱਠੇ ਹੋ ਗਏ। ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਸੀ ਕਿ ਪ੍ਰਧਾਨ ਮਤੰਰੀ ਜਦੋਂ ਤੱਕ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ ਉਦੋਂ ਤੱਕ ਉਨ੍ਹਾਂ ਦੀ ਪਾਰਟੀ ਦਾ ਪ੍ਰਦਰਸ਼ਨ ਜਾਰੀ ਰੱਖੇਗੀ।
ਦੱਸ ਦੇਈਏ ਕਿ ਲੋਕ ਸਭਾ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਂਗਰਸ ਨੇ ਕੋਵਿਡ-19 ਮਹਾਮਾਰੀ ਦੌਰਾਨ ‘ਸਾਰੀਆਂ ਹੱਦਾਂ ਪਾਰ’ ਕਰ ਦਿੱਤੀਆਂ ਸਨ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਪਹਿਲੀ ਲਹਿਰ ਦੌਰਾਨ, ਜਦੋਂ ਲੋਕ ਲੌਕਡਾਊਨ ਅਤੇ ਕੋਵਿਡ-19 ਦਿਸ਼ਾ-ਨਿਰਦੇਸ਼ ਦਾ ਪਾਲਣ ਕਰ ਰਹੇ ਸਨ ਤਾਂ ਕਾਂਗਰਸ ਨੇਤਾ ਮੁੰਬਈ ਦੇ ਰੇਲਵੇ ਸਟੇਸ਼ਨਾਂ ’ਤੇ ਖੜ੍ਹੇ ਹੋ ਕੇ ਮਜ਼ਦੂਰਾਂ ਨੂੰ ਡਰਾ ਰਹੇ ਸਨ ਤਾਂ ਕਿ ਉਹ ਆਪਣੇ-ਆਪਣੇ ਗ੍ਰਹਿ ਸੂਬੇ ਚਲੇ ਜਾਣ।
ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ‘ਹਿੰਦੁਸਤਾਨ ਦੀ ਅੰਤਿਮ ਦੁਕਾਨ’ ਦੀ ਫੋਟੋ
NEXT STORY