ਨੈਸ਼ਨਲ ਡੈਸਕ- ਇੰਦੌਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਕਸ਼ੇ ਕਾਂਤੀ ਬਮ ਦੀ ਐਨ ਮੌਕੇ ’ਤੇ ਨਾਂ ਵਾਪਸੀ ਤੋਂ ਬਾਅਦ ਕਾਂਗਰਸ ਨੇ ਨੋਟਾ ਨੂੰ ਹੀ ਆਪਣਾ ਉਮੀਦਵਾਰ ਮੰਨ ਲਿਆ ਹੈ। ਇੰਦੌਰ ਸੀਟ ਦੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਚੋਣ ਦੌੜ ਤੋਂ ਬਾਹਰ ਹੋਈ ਕਾਂਗਰਸ ਈ. ਵੀ. ਐੱਮ. ’ਤੇ ਉਪਲੱਬਧ ਨੋਟਾ (ਉਪਰੋਕਤ ’ਚੋਂ ਕੋਈ ਨਹੀਂ) ਦੇ ਬਦਲ ਨੂੰ ਇੰਦੌਰ ਤੋਂ ਆਪਣੇ ਸਮਰਥਿਤ ਉਮੀਦਵਾਰ ਦੇ ਤੌਰ ’ਤੇ ਪੇਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੇ ਸਮਰਥਕ ‘ਨੋਟ ਦਾ ਜਵਾਬ ਨੋਟਾ’, ‘ਭਾਜਪਾ ਨੇ ਕੰਮ ਕੀਤਾ ਖੋਟਾ’, ਇਸ ਲਈ ਇੰਦੌਰ ਚੁਣੇਗਾ ਨੋਟਾ’ ਅਤੇ ‘ਭਾਜਪਾ ਲੋਕਤੰਤਰ ਦੀ ਹੱਤਿਆਰੀ ਹੈ, ਹੁਣ ਨੋਟਾ ਦਬਾਉਣ ਦੀ ਵਾਰੀ ਹੈ’ ਵਰਗੇ ਨਾਅਰਿਆਂ ਦੇ ਦਮ ’ਤੇ ਸੋਸ਼ਲ ਮੀਡੀਆ ’ਤੇ ਆਪਣੀ ਮੁਹਿੰਮ ਚਲਾ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਜੀਤੂ ਪਟਵਾਰੀ ਨੇ ਸਥਾਨਕ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਨੂੰ ਸਬਕ ਸਿਖਾਉਣ ਲਈ ਇਸ ਵਾਰ ‘ਨੋਟਾ’ ਦੀ ਵਰਤੋਂ ਕਰਨ। ਉਨ੍ਹਾਂ ਨੇ ਇਕ ਹਾਲੀਆ ਪ੍ਰੋਗਰਾਮ ਵਿਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਇਸ ਵਾਰ ਇੰਦੌਰ ਵਿਚ ਸਾਡਾ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਹੈ ਪਰ ਵੋਟਾਂ ਵਾਲੇ ਦਿਨ ਹਰ ਬੂਥ ਦੇ ਕੋਲ ਕਾਂਗਰਸੀ ਵਰਕਰ ਮੇਜ਼-ਕੁਰਸੀਆਂ ਲੈ ਕੇ ਬੈਠਣ ਅਤੇ ਇਸ ਭਾਵਨਾ ਨਾਲ ਕੰਮ ਕਰਨ ਕਿ ਨੋਟਾ ਹੀ ਸਾਡਾ ਉਮੀਦਵਾਰ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਵਿਸ਼ਨੂੰਦੱਤ ਸ਼ਰਮਾ ਨੇ ਆਪਣੇ ਕਾਂਗਰਸ ਦੇ ਹਮਰੁਤਬਾ ਪਟਵਾਰੀ ’ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ‘ਤੁਹਾਡਾ ਉਮੀਦਵਾਰ ਨਾਮਜ਼ਦਗੀ ਵਾਪਸੀ ਦੇ ਆਖਰੀ ਸਮੇਂ ਆਪਣੀ ਮਰਜ਼ੀ ਨਾਲ ਆਪਣੀ ਨਾਮਜ਼ਦਗੀ ਵਾਪਸ ਲੈ ਲੈਂਦਾ ਹੈ। ਜਨਤਾ ਮੂਰਖ ਨਹੀਂ ਹੈ। ਤੁਹਾਡਾ ਸਿੱਕਾ ਖੋਟਾ ਹੈ ਅਤੇ ਤੁਸੀਂ ਜਨਤਾ ਨੂੰ ਨੋਟਾ ’ਤੇ ਵੋਟ ਪਾਉਣ ਲਈ ਕਹਿ ਰਹੇ ਹੋ। ਇਸ ਤਰ੍ਹਾਂ ਥੋੜ੍ਹਾ ਚੱਲੇਗਾ।’ ਸ਼ਰਮਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਭਾਜਪਾ ਦੇ ਸਰਗਰਮ ਸਮਰਥਕ ‘ਤੁਹਾਡਾ ਸਿੱਕਾ ਖੋਟਾ, ਅਸੀਂ ਕਿਉਂ ਦਬਾਈਏ ਨੋਟਾ’ ਅਤੇ ‘70 ਸਾਲਾਂ ਦਾ ਕੰਮ ਤੁਹਾਡਾ ਖੋਟਾ, ਫਿਰ ਕਿਉਂ ਚੁਣੀਏ ਅਸੀਂ ਨੋਟਾ’ ਵਰਗੇ ਨਾਅਰਿਆਂ ਨਾਲ ਕਾਂਗਰਸ ’ਤੇ ਜਵਾਬੀ ਹਮਲਾ ਕਰ ਰਹੇ ਹਨ। ਭਾਜਪਾ ਦਾ ਪਿਛਲੇ 35 ਸਾਲਾਂ ਤੋਂ ਇੰਦੌਰ ਲੋਕ ਸਭਾ ਸੀਟ ’ਤੇ ਕਬਜ਼ਾ ਹੈ, ਜਿੱਥੇ ਪਾਰਟੀ ਨੇ ਇਸ ਵਾਰ ਘੱਟੋ-ਘੱਟ 8 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਾ ਦਾਅਵਾ ਕੀਤਾ ਹੈ। ਭਾਜਪਾ ਨੇ ਆਪਣੇ ਸਾਬਕਾ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੂੰ ਲਗਾਤਾਰ ਦੂਜੀ ਵਾਰ ਇੰਦੌਰ ਦੇ ਚੋਣ ਮੈਦਾਨ ’ਚ ਉਤਾਰਿਆ ਹੈ। ਇੰਦੌਰ ਵੋਟਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਲੋਕ ਸਭਾ ਹਲਕਾ ਹੈ। ਇਸ ਸੀਟ ’ਤੇ 25.13 ਲੱਖ ਵੋਟਰ 13 ਮਈ ਨੂੰ 14 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ, ਜਿਨ੍ਹਾਂ ’ਚ 9 ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ। ਸਾਲ 2019 ’ਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇੰਦੌਰ ’ਚ 69 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਉਦੋਂ ਇਸ ਸੀਟ ’ਤੇ 5,045 ਵੋਟਰਾਂ ਨੇ ‘ਨੋਟਾ’ ਦਾ ਬਦਲ ਚੁਣਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁੱਲ੍ਹੇ, ਚਾਰਧਾਮ ਯਾਤਰਾ ਪੂਰੀ ਤਰ੍ਹਾਂ ਹੋਈ ਸ਼ੁਰੂ
NEXT STORY