ਬੇਲਗਾਵੀ- ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਇਕ ਪਿੰਡ 'ਚ ਐਤਵਾਰ ਨੂੰ ਕੋਵਿਡ-19 ਕਾਰਨ ਕਥਿਤ ਤੌਰ 'ਤੇ ਕੋਈ ਮਦਦ ਨਹੀਂ ਮਿਲਣ ਕਾਰਨ ਇਕ ਪਰਿਵਾਰ ਨੂੰ ਭਾਰੀ ਬਾਰਸ਼ ਦਰਮਿਆਨ ਲਾਸ਼ ਨੂੰ ਸਾਈਕਲ 'ਤੇ ਰੱਖ ਕੇ ਸ਼ਮਸ਼ਾਨ ਲਿਜਾਉਣਾ ਪਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੀ ਰਾਜ ਇਕਾਈ ਨੇ ਲਾਸ਼ ਨੂੰ ਲਿਜਾਉਣ ਲਈ ਐਂਬੂਲੈਂਸ ਮੁਹੱਈਆ ਨਹੀਂ ਕਰਵਾ ਪਾਉਣ 'ਤੇ ਸਰਕਾਰ ਦੀ ਆਲੋਚਨਾ ਕੀਤੀ। ਕਾਂਗਰਸ ਦੀ ਰਾਜ ਇਕਾਈ ਦੇ ਪ੍ਰਮੁੱਖ ਡੀ. ਕੇ. ਸ਼ਿਵਕੁਮਾਰ ਨੇ ਟਵਿੱਟਰ 'ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ,''ਬੇਲਗਾਵੀ ਦੇ ਕਿੱਤੂਰ 'ਚ ਜਾਨ ਗਵਾਉਣ ਵਾਲੇ 70 ਸਾਲਾ ਵਿਅਕਤੀ ਦੇ ਸੰਬੰਧੀਆਂ ਨੂੰ ਭਾਰੀ ਬਾਰਸ਼ ਦਰਮਿਆਨ ਲਾਸ਼ ਸਾਈਕਲ 'ਤੇ ਰੱਖ ਕੇ ਅੰਤਿਮ ਸੰਸਕਾਰ ਲਈ ਲਿਜਾਉਣੀ ਪਈ।'' ਸ਼ਿਵ ਕੁਮਾਰ ਨੇ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ,''ਬੀ.ਐੱਸ. ਯੇਦੀਯੁਰੱਪਾ, ਤੁਹਾਡੀ ਸਰਕਾਰ ਕਿੱਥੇ ਹੈ? ਐਂਬੂਲੈਂਸ ਮੁਹੱਈਆ ਕਿਉਂ ਨਹੀਂ ਕਰਵਾਈ ਗਈ? ਸਰਕਾਰ 'ਚ ਮਨੁੱਖਤਾ ਦੀ ਕਮੀ ਹੈ ਅਤੇ ਉਹ ਮਹਾਮਾਰੀ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।''
ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ 2 ਦਿਨ ਤੋਂ ਬੁਖਾਰ ਸੀ ਅਤੇ ਸਥਾਨਕ ਸਿਹਤ ਕੇਂਦਰ ਦੀ ਮੈਡੀਕਲ ਟੀਮ ਨੇ ਪਰਿਵਾਰ ਨੂੰ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਦੀ ਸਲਾਹ ਦਿੱਤੀ ਸੀ, ਕਿਉਂਕਿ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਦਿੱਸ ਰਹੇ ਸਨ। ਪਰਿਵਾਰ ਜਦੋਂ ਹਸਪਤਾਲ ਲਿਜਾਉਣ ਦੀ ਤਿਆਰੀ ਕਰ ਰਿਹਾ ਸੀ, ਉਦੋਂ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਕਿਹਾ ਕ ਿਉਨ੍ਹਾਂ ਨੇ ਐਂਬੂਲੈਂਸ ਲਈ ਐਮਰਜੈਂਸੀ ਨੰਬਰ 'ਤੇ ਫੋਨ ਕੀਤਾ ਪਰ ਉੱਥੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੋਰੋਨਾ ਦੇ ਡਰ ਕਾਰਨ ਗੁਆਂਢੀ ਵੀ ਮਦਦ ਲਈ ਨਹੀਂ ਆਏ। ਆਖਰ ਪਰਿਵਾਰ ਨੇ ਲਾਸ਼ ਨੂੰ ਬਾਰਸ਼ ਦਰਮਿਆਨ ਸਾਈਕਲ 'ਤੇ ਰੱਖ ਕੇ ਸ਼ਮਸ਼ਾਨ ਲਿਜਾਉਣ ਦਾ ਫੈਸਲਾ ਲਿਆ। ਸਰਕਾਰ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।
ਮਹਾਰਾਸ਼ਟਰ ਪੁਲਸ 'ਤੇ ਕੋਰੋਨਾ ਦੀ ਮਾਰ, ਹੁਣ ਤੱਕ 12 ਹਜ਼ਾਰ ਤੋਂ ਵੱਧ ਮੁਲਾਜ਼ਮ ਹੋਏ ਇਨਫੈਕਟਡ
NEXT STORY