ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਦਿਨੋਂ-ਦਿਨ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਵਾਇਰਸ ਦੀ ਟੈਸਟਿੰਗ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਹੁਣ ਤੱਕ ਜਿੰਨੀਆਂ ਵੀ ਰਿਪੋਰਟਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਬੱਚਿਆਂ ਦੇ ਪੀੜਤ ਹੋਣ ਦੀ ਗਿਣਤੀ ਬਹੁਤ ਘੱਟ ਹੈ। ਜੋ ਵੀ ਮਾਮਲੇ ਸਾਹਮਣੇ ਹਨ ਜਾਂ ਆ ਰਹੇ ਹਨ, ਉਨ੍ਹਾਂ 'ਚ ਬੱਚਿਆਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਜਾਂ ਬਹੁਤ ਹਲਕੇ ਲੱਛਣ ਵੇਖੇ ਗਏ ਹਨ। ਇਟਲੀ, ਸਪੇਨ, ਬ੍ਰਿਟੇਨ ਅਤੇ ਅਮਰੀਕਾ ਦੇ ਕੁਝ ਬੱਚਿਆਂ ਵਿਚ ਕੋਰੋਨਾ ਨਾਲ ਸੰਬੰਧਤ ਇਕ ਨਵੇਂ ਸਿੰਡਰੋਮ ਦਿੱਸਣ ਦੀ ਵੀ ਗੱਲ ਸਾਹਮਣੇ ਆ ਚੁੱਕੀ ਹੈ। ਇਸ ਖਤਰਨਾਕ ਲੱਛਣ ਨੂੰ ਮਲਟੀ ਸਿਸਟਮ ਇੰਫਲੇਮੈਟਰੀ ਸਿੰਡਰੋਮ (MIS-C) ਦਾ ਨਾਮ ਦਿੱਤਾ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਹੁਣ ਭਾਰਤ ਦੇ ਬੱਚਿਆਂ ਵਿਚ ਵੀ ਇਹ ਲੱਛਣ ਸਾਹਮਣੇ ਆਉਣ ਲੱਗੇ ਹਨ।
ਦਿੱਲੀ ਸਥਿਤ ਏਮਜ਼ ਨੇ (MIS-C) ਦੇ ਦੋ ਮਾਮਲਿਆਂ ਦੀ ਸਟੱਡੀ ਕੀਤੀ ਗਈ, ਜਿਸ ਵਿਚ ਦੇਖਿਆ ਗਿਆ ਕਿ ਇਨ੍ਹਾਂ ਬੱਚਿਆਂ ਵਿਚ ਤੇਜ਼ ਬੁਖਾਰ ਸੀ, ਜਦਕਿ ਬਾਕੀ ਦੇ ਲੱਛਣ ਵੱਖ-ਵੱਖ ਸਨ। ਢਾਈ ਸਾਲ ਦੇ ਬੱਚੇ ਨੂੰ ਖੰਘ, ਨੱਕ ਵਹਿਣ ਅਤੇ ਦੌਰਾ ਪੈਣ ਦੀ ਸ਼ਿਕਾਇਤ ਸੀ ਤਾਂ 6 ਸਾਲ ਦੇ ਬੱਚੇ 'ਚ ਬੁਖਾਰ ਅਤੇ ਸਰੀਰ 'ਤੇ ਦਾਣੇ ਸਨ। ਇਸ ਬੱਚੇ 'ਚ ਖੰਘ ਜਾਂ ਦੌਰੇ ਵਰਗੇ ਲੱਛਣ ਨਹੀਂ ਸਨ। ਮਲਟੀ ਸਿਸਟਮ ਇੰਫਲੇਮੈਟਰੀ ਸਿੰਡਰੋਮ 'ਚ ਬੱਚਿਆਂ ਨੂੰ ਤੇਜ਼ ਬੁਖਾਰ, ਕੁਝ ਅੰਗਾਂ ਦਾ ਸਹੀ ਨਾਲ ਕੰਮ ਨਾ ਕਰਨਾ, ਸਰੀਰ ਵਿਚ ਵਧੇਰੇ ਸੋਜ ਵਰਗੇ ਲੱਛਣ ਦਿੱਸਦੇ ਹਨ। ਇਹ ਲੱਛਣ ਬਹੁਤ ਹੱਦ ਤੱਕ ਕਾਵਾਸਾਕੀ ਬੀਮਾਰੀ ਦੇ ਲੱਛਣਾਂ ਨਾਲ ਮਿਲਦੇ-ਜੁਲਦੇ ਹਨ। ਹਾਲਾਂਕਿ ਨਵੀਂ ਸਟੱਡੀ ਮੁਤਾਬਕ MIS-C ਅਤੇ ਕਾਵਾਸਾਕੀ ਬੀਮਾਰੀ ਵਿਚ ਧਮਣੀਆਂ ਨੂੰ ਹੋਣ ਵਾਲੇ ਨੁਕਸਾਨ ਦੇ ਲੱਛਣ ਥੋੜ੍ਹੇ ਵੱਖਰੇ ਹੁੰਦੇ ਹਨ। ਸਟੱਡੀ ਵਿਚ ਕਿਹਾ ਗਿਆ ਹੈ ਕਿ ਕਾਵਾਸਾਕੀ ਅਤੇ MIS-C 'ਚ ਤੇਜ਼ ਬੁਖਾਰ, ਪੈਰਾਂ ਅਤੇ ਗਲ਼ ਵਿਚ ਸੋਜ, ਧੱਫੜ ਵਰਗੇ ਇਕੋ ਜਿਹੇ ਹੀ ਲੱਛਣ ਪਾਏ ਜਾਂਦੇ ਹਨ, ਜਦਕਿ ਸਿਰਫ MIS-C ਵਿਚ ਸਿਰ ਦਰਦ, ਢਿੱਡ ਦਰਦ, ਉਲਟੀ, ਗਲੇ 'ਚ ਖ਼ਰਾਸ਼ ਅਤੇ ਖੰਘ ਵਰਗੇ ਲੱਛਣ ਪਾਏ ਜਾਂਦੇ ਹਨ।
ਦੱਸਣਯੋਗ ਹੈ ਕਿ ਬੱਚਿਆਂ ਅਤੇ ਵੱਡਿਆਂ ਵਿਚ ਇਮਿਊਨਿਟੀ ਸਿਸਟਮ 'ਚ ਫ਼ਰਕ ਹੁੰਦਾ ਹੈ। ਸਰੀਰ ਵਿਚ ਵਾਇਰਲ ਦੀ ਐਂਟਰੀ ਵੀ ਇਨ੍ਹਾਂ 'ਚ ਵੱਖ-ਵੱਖ ਢੰਗ ਨਾਲ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਅਜਿਹੀਆਂ ਗੰਭੀਰ ਬੀਮਾਰੀਆਂ ਛੇਤੀ ਨਹੀਂ ਪਾਈਆਂ ਜਾਂਦੀਆਂ। ਓਧਰ ਏਮਜ਼ ਦੇ ਬਾਲ ਰੋਗ ਮਾਹਰ ਡਾ. ਰਾਕੇਸ਼ ਲੋਢਾ ਦਾ ਕਹਿਣਾ ਹੈ ਕਿ ਬੱਚਿਆਂ ਦਾ ਇਮਿਊਨਿਟੀ ਸਿਸਟਮ ਬਹੁਤ ਮਜ਼ਬੂਤ ਹੁੰਦਾ ਹੈ ਅਤੇ ਟੀਕਾਕਰਣ ਦੀ ਵਜ੍ਹਾ ਕਰ ਕੇ ਇਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੋ ਜਾਂਦੀ ਹੈ। ਕੋਰੋਨਾ ਵਾਇਰਸ ਉਮਰ ਦੇ ਹਿਸਾਬ ਨਾਲ ਲੋਕਾਂ ਨੂੰ ਵਧੇਰੇ ਸ਼ਿਕਾਰ ਬਣਾ ਰਿਹਾ ਹੈ ਪਰ ਚੰਗੀ ਇਮਿਊਨਿਟੀ ਹੋਣ ਕਰ ਕੇ ਬੱਚੇ ਛੇਤੀ ਠੀਕ ਹੋ ਜਾਂਦੇ ਹਨ।
ਕੰਗਨਾ ਨਾਲ ਵਿਵਾਦ ਦਰਮਿਆਨ ਸ਼ਿਵ ਸੈਨਾ ਨੇ ਸੰਜੇ ਰਾਊਤ ਨੂੰ ਪਾਰਟੀ ਦਾ ਮੁੱਖ ਬੁਲਾਰਾ ਕੀਤਾ ਨਿਯੁਕਤ
NEXT STORY