ਨਵੀਂ ਦਿੱਲੀ (ਭਾਸ਼ਾ): ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਦਾ ਬੁਰਾ ਅਸਰ ਦਿਖਾਈ ਦੇਣ ਲੱਗਾ ਹੈ। ਇਸ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਜ਼ੋਰਦਾਰ ਗਿਰਾਵਟ ਆਈ ਹੈ ਅਤੇ ਦੂਜੇ ਪਾਸੇ ਕੱਚੇ ਤੇਲ ਦਾ ਰੇਟ ਅਸਮਾਨ ’ਤੇ ਪਹੁੰਚ ਗਿਆ ਹੈ। ਅੱਜ ਕੱਚੇ ਤੇਲ ਦੇ ਰੇਟ ’ਚ ਸਾਲ 2008 ਤੋਂ ਬਾਅਦ ਸਭ ਤੋਂ ਵੱਡਾ ਉਛਾਲ ਆਇਆ ਅਤੇ ਇਸ ਦੀ ਕੀਮਤ 129.50 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ।
ਪੱਛਮੀ ਦੇਸ਼ ਲਗਾਤਾਰ ਰੂਸ ’ਤੇ ਆਪਣੀਆਂ ਪਾਬੰਦੀਆਂ ਤੇਜ਼ ਕਰਦੇ ਆ ਰਹੇ ਹਨ। ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀ ਸਹਿਯੋਗੀ ਰੂਸੀ ਤੇਲ ਦੀ ਦਰਾਮਦ ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਹੇ ਹਨ। ਇਸ ਕਾਰਨ ਬ੍ਰੇਂਟ 139.13 ਡਾਲਰ ਪ੍ਰਤੀ ਬੈਰਲ ਅਤੇ ਡਬਲਯੂ. ਟੀ. ਆਈ. 130.50 ਡਾਲਰ ’ਤੇ ਪਹੁੰਚ ਗਿਆ। ਸੋਮਵਾਰ ਨੂੰ ਤੜਕੇ ਕੱਚੇ ਤੇਲ ਦੀ ਕੀਮਤ ’ਚ ਅਚਾਨਕ 10 ਡਾਲਰ ਦੀ ਤੇਜ਼ੀ ਆ ਗਈ ਅਤੇ ਇਸ ਨੇ 14 ਸਾਲਾਂ ਦੇ ਉੱਚ ਪੱਧਰ ਨੂੰ ਛੂਹ ਲਿਆ। ਜ਼ਿਕਰਯੋਗ ਹੈ ਕਿ ਸਾਲ 2008 ’ਚ ਕੱਚਾ ਤੇਲ 147 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਕੌਮਾਂਤਰੀ ਪੱਧਰ ’ਤੇ ਨਿਊਯਾਰਕ ’ਚ ਬ੍ਰੇਂਟ ਕਰੂਡ ਦੀ ਕੀਮਤ 10 ਫ਼ੀਸਦੀ ਦੇ ਵਾਧੇ ਨਾਲ 129.50 ਡਾਲਰ ਪ੍ਰਤੀ ਬੈਰਲ ’ਤੇ ਸੀ ਜਦ ਕਿ ਅਮਰੀਕੀ ਕਰੂਡ 8.93 ਫ਼ੀਸਦੀ ਵਧ ਕੇ 126.00 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਯੂਕ੍ਰੇਨ ਜੰਗ ਦਰਮਿਆਨ ਰੂਸ ਦੀ ਭਾਰਤ ਨੂੰ ਵੱਡੀ ਪੇਸ਼ਕਸ਼, ਨਾਲ ਰੱਖੀ ਇਹ ਸ਼ਰਤ
ਮਾਹਿਰਾਂ ਮੁਤਾਬਕ ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਹੋਰ ਅੱਗੇ ਵਧਦੀ ਹੈ ਤਾਂ ਕਰੂਡ ਆਇਲ ਦੇ ਰੇਟ 185 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੇ ਹਨ। ਇੱਥੇ ਤੁਹਾਨੂੰ ਦੱਸ ਦਈਏ ਕਿ ਕੌਮਾਂਤਰੀ ਪੱਧਰ ’ਤੇ ਜੇ ਕੱਚੇ ਤੇਲ ਦੀਆਂ ਕੀਮਤਾਂ ’ਚ ਇਕ ਡਾਲਰ ਦਾ ਵਾਧਾ ਹੁੰਦਾ ਹੈ ਤਾਂ ਭਾਰਤ ’ਚ ਪੈਟਰੋਲ-ਡੀਜ਼ਲ ਦਾ ਰੇਟ 50-60 ਪੈਸੇ ਵਧ ਜਾਂਦਾ ਹੈ। ਅਜਿਹੇ ’ਚ ਉਤਪਾਦਨ ਘੱਟ ਹੋਣ ਅਤੇ ਸਪਲਾਈ ’ਚ ਰੁਕਾਵਟ ਕਾਰਨ ਇਸ ਦੇ ਰੇਟ ’ਚ ਤੇਜ਼ੀ ਆਉਣੀ ਤੈਅ ਹੈ ਅਤੇ ਉਮੀਦ ਹੈ ਕਿ ਕੱਚਾ ਤੇਲ 150 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚਣ ਨਾਲ ਭਾਰਤ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਵੇਗਾ। ਹਾਲਾਂਕਿ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਤੇਲ ਦੇ ਰੇਟ ’ਚ ਹੋਣ ਵਾਲਾ ਵਾਧਾ ਇਕ ਵਾਰ ਨਹੀਂ, ਹੌਲੀ-ਹੌਲੀ ਕਰ ਕੇ ਕਈ ਦਿਨਾਂ ’ਚ ਕੀਤਾ ਜਾ ਸਕਦਾ ਹੈ।
ਭਾਰਤ ’ਤੇ ਦਿਖਾਈ ਦੇਵੇਗਾ ਵੱਡਾ ਅਸਰ
ਕਰੂਡ ਮਹਿੰਗਾ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ। ਤੁਹਾਡੇ ਲਈ ਆਫਿਸ ਜਾਣਾ ਮਹਿੰਗਾ ਹੋ ਜਾਵੇਗਾ। ਇਸ ਦਾ ਅਸਰ ਆਵਾਜਾਈ ਦੀ ਲਾਗਤ ’ਤੇ ਵੀ ਪਵੇਗਾ। ਇਸ ਨਾਲ ਫ਼ਲ-ਸਬਜ਼ੀਆਂ ਤੋਂ ਲੈ ਕੇ ਜ਼ਿਆਦਾਤਰ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਦਰਅਸਲ ਪੈਟਰੋਲ-ਡੀਜ਼ਲ ਦੇ ਰੇਟ ਵਧਣ ਦਾ ਸਿੱਧਾ ਅਸਰ ਮਹਿੰਗਾਈ ’ਤੇ ਪੈਂਦਾ ਹੈ। ਰਿਟੇਲ ਮਹਿੰਗਾਈ ਪਹਿਲਾਂ ਹੀ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਤੈਅ ਰੇਂਜ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ।
ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣ ਦਾ ਸਿੱਧਾ ਅਸਰ ਤੁਹਾਡੇ ਪਰਿਵਾਰ ਦੇ ਬਜਟ ’ਤੇ ਪਵੇਗਾ। ਲੋਕ ਪਹਿਲਾਂ ਹੀ ਪੈਟਰੋਲੀਅਮ ਅਤੇ ਖਾਣ ਵਾਲੇ ਤੇਲਾਂ ਦੀਆਂ ਉੱਚੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧ ਸਕਦੀ ਹੈ।
ਇਹ ਵੀ ਪੜ੍ਹੋ : ਸੋਨੇ ਦੀ ਤੂਫਾਨੀ ਚਾਲ, ਮਈ 2021 ਤੋਂ ਬਾਅਦ ਨਜ਼ਰ ਆਈ ਸਭ ਤੋਂ ਵੱਡੀ ਹਫਤਾਵਾਰੀ ਤੇਜ਼ੀ
15 ਰੁਪਏ ਮਹਿੰਗਾ ਹੋ ਸਕਦੈ ਪੈਟਰੋਲ
ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਰਿਪੋਰਟਾਂ ਦੀ ਮੰਨੀਏ ਤਾਂ ਆਉਣ ਵਾਲੇ 2-4 ਦਿਨਾਂ ਦੇ ਅੰਦਰ ਹੀ ਦੇਸ਼ ’ਚ ਪੈਟਰੋਲ-ਡੀਜ਼ਲ ਦੇ ਰੇਟ ’ਚ ਕ੍ਰਮਵਾਰ 15 ਤੋਂ 22 ਰੁਪਏ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ।
ਦਰਅਸਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰੇਲੂ ਤੇਲ ਕੰਪਨੀਆਂ ਨੂੰ ਸਿਰਫ਼ ਲਾਗਤ ਦੀ ਭਰਪਾਈ ਲਈ 16 ਮਾਰਚ ਜਾਂ ਉਸ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 12 ਪ੍ਰਤੀ ਲਿਟਰ ਵਧਾਉਣੀਆਂ ਪੈਣਗੀਆਂ। ਮਾਰਜਨ (ਲਾਭ) ਨੂੰ ਵੀ ਜੋੜ ਲਈਏ ਤਾਂ ਉਨ੍ਹਾਂ ਨੂੰ 15 ਰੁਪਏ ਪ੍ਰਤੀ ਲਿਟਰ ਤੱਕ ਰੇਟ ’ਚ ਵਾਧਾ ਕਰਨਾ ਪਵੇਗਾ। ਜ਼ਾਹਰ ਹੈ ਕਿ ਜੇ ਤੇਲ ਕੰਪਨੀਆਂ ਇਹ ਵਾਧਾ ਕਰਦੀਆਂ ਹਨ ਤਾਂ ਦੇਸ਼ ਦੇ ਆਮ ਲੋਕਾਂ ਲਈ ਇਕ ਵੱਡਾ ਝਟਕਾ ਹੋਵੇਗਾ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਮਹਿਲਾ ਦਿਵਸ ’ਤੇ PM ਮੋਦੀ ਨੇ ਕਿਹਾ- ਮੈਂ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕਰਦਾ ਹਾਂ
NEXT STORY