ਵਿਜੇਵਾੜਾ– ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਕੰਢੇ ਵਾਲੇ ਜ਼ਿਲਿਆਂ ’ਚ ਸਮੁੰਦਰੀ ਤੂਫਾਨ ‘ਅਸਾਨੀ’ ਕਾਰਨ ਵੀਰਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਏਕੜ ਰਕਬੇ ’ਚ ਖੜ੍ਹੀ ਫਸਲ ਨੁਕਸਾਨੀ ਗਈ।
ਸੂਤਰਾਂ ਮੁਤਾਬਕ ਪਿਛਲੇ 48 ਘੰਟਿਆਂ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਮੀਂਹ ਪਿਆ। ਅਨਾਕਾਪੱਲੀ ਜ਼ਿਲੇ ਦੇ ਇਕ ਪਿੰਡ ਵਿਚ 40 ਸਾਲਾ ਇਕ ਵਿਅਕਤੀ ਰੁੱਖ ਡਿੱਗ ਜਾਣ ਕਾਰਨ ਮਾਰਿਆ ਗਿਆ। ਘਟਨਾ ਵੇਲੇ ਉਹ ਆਪਣੀ ਬਾਈਕ ’ਤੇ ਸਵਾਰ ਹੋ ਕੇ ਜਾ ਰਿਹਾ ਸੀ। 43 ਸਾਲ ਦੇ ਇਕ ਵਿਅਕਤੀ ਸ਼੍ਰੀਨਿਵਾਸ ਦੀ ਮੌਤ ਆਪਣੇ ਮਕਾਨ ਦੇ ਢਹਿ ਜਾਣ ਕਾਰਨ ਹੋ ਗਈ। ਇਕ ਹੋਰ ਵਿਅਕਤੀ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਰਿਆ ਗਿਆ।
ਸਮੁੰਦਰੀ ਤੂਫਾਨ ਕਾਰਨ ਸਭ ਤੋਂ ਵੱਧ ਨੁਕਸਾਨ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਹੋਇਆ ਹੈ। ਵੱਖ-ਵੱਖ ਜ਼ਿਲਿਆਂ ’ਚ ਅੰਬ, ਕੇਲਾ, ਹਲਦੀ, ਮੱਕੀ ਤੇ ਪਪੀਤੇ ਵਰਗੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਪਪੀਤੇ ਦੇ ਰੁੱਖ ਕਈ ਥਾਈਂ ਜੜ੍ਹੋਂ ਪੁੱਟੇ ਗਏ ਹਨ।
ਸੂਤਰਾਂ ਮੁਤਾਬਕ ਪੂਰਬੀ ਗੋਦਾਵਰੀ ਤੇ ਪੱਛਮੀ ਗੋਦਾਵਰੀ ’ਚ ਲਗਭਗ 4 ਲੱਖ ਏਕੜ ਰਕਬੇ ’ਚ ਝੋਨੇ ਦੀ ਖੇਤੀ ਹੋਈ ਸੀ। ਇਸ ਵਿਚੋਂ 3 ਲੱਖ ਏਕੜ ਰਕਬੇ ’ਚ ਫਸਲ ਦੀ ਵਾਢੀ ਹੋ ਚੁੱਕੀ ਹੈ। ਬਾਕੀ ਫਸਲ ਨੂੰ ਨੁਕਸਾਨ ਪੁੱਜਾ ਹੈ। ਵੀਰਵਾਰ ਸਵੇਰੇ 8.30 ਵਜੇ ਅਸਾਨੀ ਤੂਫਾਨ ਕਮਜ਼ੋਰ ਹੋ ਗਿਆ ਸੀ। ਇਸ ਕਾਰਨ ਓਡਿਸ਼ਾ ਤੇ ਬੰਗਾਲ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਬ੍ਰਹਿਮੋਸ ਮਿਜ਼ਾਈਲ ਦਾ ਸੁਖੋਈ ਜੰਗੀ ਜਹਾਜ਼ ਤੋਂ ਸਫਲ ਪ੍ਰੀਖਣ
NEXT STORY