ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਦੇ ਰੋਹਿਣੀ ਸਥਿਤ ਅੰਬੇਡਕਰ ਹਸਪਤਾਲ ਦੇ 32 ਸਿਹਤ ਕਰਮਚਾਰੀ, ਜਿਨ੍ਹਾਂ 'ਚ ਡਾਕਟਰ ਅਤੇ ਨਰਸਾਂ ਵੀ ਸ਼ਾਮਲ ਹਨ, ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਟੈਸਟ ਦੇ ਨਤੀਜਿਆਂ ਦੀ ਪੁਸ਼ਟੀ ਨੈਸ਼ਨਲ ਇੰਸਟੀਚਿਊਟ ਆਫ ਬਾਇਓਲਾਜੀਕਲ, ਨੋਇਡਾ ਵਲੋਂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਹੀ ਬਾਬੂ ਜਗਜੀਵਨ ਰਾਮ ਹਸਪਤਾਲ 'ਚ ਮੈਡੀਕਲ ਸਟਾਫ ਦੇ 65 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਐਤਵਾਰ ਨੂੰ ਹਸਪਤਾਲ ਤੋਂ 21 ਨਵੇਂ ਕੇਸ ਆਉਣ ਤੋਂ ਬਾਅਦ ਇਹ ਅੰਕੜਾ 65 ਹੋ ਗਿਆ। ਇਨ੍ਹਾਂ 'ਚ ਡਾਕਟਰ ਅਤੇ ਮੈਡੀਕਲ ਸਟਾਫ ਸ਼ਾਮਲ ਹੈ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 2,918 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ। ਦਿੱਲੀ 'ਚ 877 ਲੋਕ ਠੀਕ ਹੋ ਚੁੱਕੇ ਹਨ।
ਕਿਸ ਹਸਪਤਾਲ ਦੇ ਕਿੰਨੇ ਸਟਾਫ ਕੋਰੋਨਾ ਦੀ ਲਪੇਟ 'ਚ—
—ਏਮਜ਼ 'ਚ ਦੋ ਨਰਸਾਂ ਅਤੇ ਇਕ ਡਾਕਟਰ ਵਾਇਰਸ ਦਾ ਸ਼ਿਕਾਰ ਹੋਏ ਹਨ।
— ਸਫਦਰਜੰਗ ਹਸਪਤਾਲ 'ਚ 7 ਡਾਕਟਰ ਅਤੇ 2 ਨਰਸਾਂ ਕੋਰੋਨਾ ਪਾਜ਼ੀਟਿਵ ਪਾਏ ਗਏ।
— ਬਾਬੂ ਜਗਜੀਵਨ ਰਾਮ ਹਸਪਤਾਲ ਵਿਚ 65 ਸਿਹਤ ਕਰਮਚਾਰੀ ਪੀੜਤ ਹੋਏ।
— ਰਾਜੀਵ ਗਾਂਧੀ ਕੈਂਸਰ ਹਸਪਤਾਲ ਦੇ 3 ਡਾਕਟਰਾਂ ਸਮੇਤ 21 ਸਟਾਫ ਕਰਮਚਾਰੀ ਪਾਜ਼ੀਟਿਵ ਮਿਲੇ।
— ਲੇਡੀ ਹਾਰਡਿੰਗ ਹਸਪਤਾਲ ਦੇ 2 ਡਾਕਟਰ ਅਤੇ 6 ਨਰਸਾਂ ਪਾਜ਼ੀਟਿਵ ਹੋਏ।
— ਕਲਾਵਤੀ ਸ਼ਰਨ ਹਸਪਤਾਲ 'ਚ 2 ਡਾਕਟਰ ਪੀੜਤ ਹੋਏ।
— ਮੁਹੱਲਾ ਕਲੀਨਿਕ ਬਾਬਰਪੁਰਾ ਅਤੇ ਮੌਜਪੁਰ 1-1 ਡਾਕਟਰ ਵਾਇਰਸ ਦੇ ਸ਼ਿਕਾਰ ਹੋਏ ਹਨ।
ਕੋਰੋਨਾ ਵਾਇਰਸ : ਇੰਦੌਰ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 60 ਹੋਈ, 31 ਨਵੇਂ ਮਾਮਲੇ ਆਏ ਸਾਹਮਣੇ
NEXT STORY