ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਦੀ ਸਵੇਰ ਪ੍ਰਦੂਸ਼ਣ ਅਤੇ ਜ਼ਹਿਰੀਲੀ ਧੁੰਦ ਦੇ ਇਕ ਖ਼ਤਰਨਾਕ ਮਿਸ਼ਰਣ ਨਾਲ ਹੋਈ, ਜਿਸ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ। ਦਿੱਲੀ 'ਚ ਹਵਾ ਦੀ ਗੁਣਵੱਤਾ ਦਾ ਸੂਚਕਾਂਕ (AQI) 400 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਸਥਿਤੀ 'ਗੰਭੀਰ' (Severe) ਸ਼੍ਰੇਣੀ 'ਚ ਪਹੁੰਚ ਗਈ ਹੈ। ਸਵੇਰੇ 7 ਵਜੇ ਦਿੱਲੀ ਦਾ ਔਸਤ AQI 402 ਦਰਜ ਕੀਤਾ ਗਿਆ।
ਪ੍ਰਦੂਸ਼ਣ ਨਾਲ ਹਾਲਾਤ ਬਦਤਰ
ਦਿੱਲੀ ਦੇ 40 ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ 'ਚੋਂ 25 ਸਟੇਸ਼ਨਾਂ 'ਤੇ ਪ੍ਰਦੂਸ਼ਣ ਦਾ ਪੱਧਰ 'ਗੰਭੀਰ' ਪਾਇਆ ਗਿਆ। ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਿਆਂ 'ਚ ਆਨੰਦ ਵਿਹਾਰ (459), ਵਿਵੇਕ ਵਿਹਾਰ (458), ਰੋਹਿਣੀ (445) ਅਤੇ ਵਜ਼ੀਰਪੁਰ (444) ਸ਼ਾਮਲ ਹਨ। ਇਹਨਾਂ ਖੇਤਰਾਂ 'ਚ PM2.5 ਕਣਾਂ ਦੀ ਮਾਤਰਾ ਸਭ ਤੋਂ ਵੱਧ ਪ੍ਰਦੂਸ਼ਕ ਵਜੋਂ ਦਰਜ ਕੀਤੀ ਗਈ ਹੈ।
ਆਵਾਜਾਈ 'ਤੇ ਪਿਆ ਵੱਡਾ ਅਸਰ
ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ 'ਤੇ ਵਿਜ਼ੀਬਿਲਟੀ ਘੱਟ ਕੇ 125 ਮੀਟਰ ਤੱਕ ਰਹਿ ਗਈ, ਜਦੋਂ ਕਿ ਰਨਵੇਅ 'ਤੇ ਇਹ 100 ਤੋਂ 150 ਮੀਟਰ ਦੇ ਵਿਚਕਾਰ ਰਹੀ। ਉਡਾਣਾਂ 'ਤੇ ਅਸਰ ਪੈਣ ਕਾਰਨ ਕਈ ਉਡਾਣਾਂ 'ਚ ਦੇਰੀ ਹੋਈ ਹੈ ਜਾਂ ਉਨ੍ਹਾਂ ਨੂੰ ਰੱਦ ਕਰਨਾ ਪਿਆ ਹੈ। ਇੰਡੀਗੋ ਅਤੇ ਏਅਰ ਇੰਡੀਆ ਵਰਗੀਆਂ ਏਅਰਲਾਈਨਾਂ ਨੇ ਯਾਤਰੀਆਂ ਨੂੰ ਸਥਿਤੀ ਬਾਰੇ ਜਾਣੂ ਕਰਵਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਰੇਲ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ 'ਚ ਰਾਜਧਾਨੀ ਐਕਸਪ੍ਰੈਸ, ਵੰਦੇ ਭਾਰਤ ਅਤੇ ਜਨ ਸ਼ਤਾਬਦੀ ਵਰਗੀਆਂ ਪ੍ਰਮੁੱਖ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।
ਮੌਸਮ ਵਿਭਾਗ ਵੱਲੋਂ 'ਰੈੱਡ ਅਲਰਟ' ਜਾਰੀ
ਭਾਰਤੀ ਮੌਸਮ ਵਿਭਾਗ (IMD) ਨੇ ਸਵੇਰੇ 5:31 ਤੋਂ 8:31 ਵਜੇ ਦੇ ਵਿਚਕਾਰ ਬਹੁਤ ਜ਼ਿਆਦਾ ਸੰਘਣੀ ਧੁੰਦ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਫੋਗ ਲਾਈਟਾਂ ਦੀ ਵਰਤੋਂ ਕਰਨ। ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਬਾਹਰ ਨਿਕਲਣ ਸਮੇਂ ਆਪਣੇ ਚਿਹਰੇ ਨੂੰ ਢੱਕ ਕੇ ਰੱਖਣ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਬਾਹਰੀ ਗਤੀਵਿਧੀਆਂ ਨੂੰ ਸੀਮਿਤ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਹਵਾ ਦੀ ਗੁਣਵੱਤਾ ਲਗਾਤਾਰ ਖ਼ਤਰਨਾਕ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਰੇਲੀ ’ਚ 2 ਸ਼ੱਕੀ ਕਸ਼ਮੀਰੀ ਨੌਜਵਾਨ ਹਿਰਾਸਤ ’ਚ
NEXT STORY