ਨਵੀਂ ਦਿੱਲੀ- ਦਿੱਲੀ ਦੀ ਸਰਹੱਦ 'ਤੇ ਚੱਲ ਰਿਹਾ ਕਿਸਾਨ ਅੰਦੋਲਨ ਅੱਜ ਕੱਲ ਸਮੁੱਚੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅੰਦੋਲਨ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਤੋਂ ਬਿਨਾ ਹੀ ਬਿਹਤਰੀਨ ਅਤੇ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ। ਜੇਕਰ ਇਸ ਅੰਦੋਲਨ ਦੀਆਂ ਵਿਲੱਖਣਤਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਲੰਬੀ ਸੂਚੀ ਬਣ ਜਾਵੇਗੀ ਪਰ ਫਿਰ ਵੀ ਕੁਝ ਨਵੀਆਂ ਸਿਰਜਣਾਤਮਕ ਪਹਿਲਾਂ ਹੋਈਆਂ ਹਨ, ਜਿਨ੍ਹਾਂ ਦੀ ਜਾਣਕਾਰੀ ਦਿੱਤੇ ਬਿਨਾ ਰਿਹਾ ਨਹੀਂ ਜਾ ਸਕਦਾ। ਇਸ ਅੰਦੋਲਨ ਤੋਂ ਪਹਿਲਾਂ ਬਹੁਤ ਸਾਰੇ ਅੰਦੋਲਨ ਹੁੰਦੇ ਰਹੇ ਹਨ ਪਰ ਉਨ੍ਹਾਂ ਅੰਦੋਲਨਾਂ ਵਿਚ ਜਨਾਨੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਅਰਥਾਤ ਆਟੇ ਵਿਚ ਲੂਣ ਦੀ ਤਰ੍ਹਾਂ ਹੁੰਦੀ ਰਹੀ ਹੈ। ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਜਨਾਨੀਆਂ ਜੇ ਬਰਾਬਰ ਨਹੀਂ ਤਾਂ ਤੀਜਾ ਹਿੱਸਾ ਜ਼ਰੂਰ ਹਨ।
ਮੋਹਰੀ ਭੂਮਿਕਾ ਨਿਭਾ ਰਹੀਆਂ ਹਨ ਜਨਾਨੀਆਂ
ਇਹ ਸ਼ਮੂਲੀਅਤ ਸਿਰਫ ਹਾਜ਼ਰੀ ਤੱਕ ਹੀ ਸੀਮਤ ਨਹੀਂ ਸਗੋਂ ਜਨਾਨੀਆਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਇਸ ਤੋਂ ਪਹਿਲਾਂ ਜਨ ਸੰਖਿਆ ਦਾ ਅੱਧਾ ਹਿੱਸਾ ਜਨਾਨੀਆਂ ਕਿਸੇ ਅੰਦੋਲਨ ਵਿਚ ਦਿਲਚਸਪੀ ਨਾਲ ਹਿੱਸਾ ਹੀ ਨਹੀਂ ਲੈਂਦੀਆਂ ਸਨ। ਇਸ ਅੰਦੋਲਨ ਲਈ ਸ਼ੁਭ ਸੰਕੇਤ ਹਨ, ਜਿਸ ਵਿਚ ਨੌਜਵਾਨ ਅਤੇ ਬਜ਼ੁਰਗ ਬੀਬੀਆਂ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ। ਕਈ ਬੀਬੀਆਂ ਤਾਂ ਆਪੋ ਆਪਣੇ ਪਿੰਡਾਂ ਤੋਂ ਟਰੈਕਟਰ, ਮੋਟਰ ਸਾਈਕਲ, ਕਾਰਾਂ, ਜੀਪਾਂ, ਸਕੂਟਰੀਆਂ ਅਤੇ ਹੋਰ ਆਪੋ ਆਪਣੇ ਸਾਧਨਾ ਉਪਰ ਇਕੱਲੀਆਂ ਹੀ ਜਾਂ ਕਾਫਲਿਆਂ ਵਿਚ ਆ ਰਹੀਆਂ ਹਨ। ਹੁਣ ਤੱਕ ਜਨਾਨੀ ਨੂੰ ਸੈਕਿੰਡ ਸੈਕਸ ਕਹਿ ਕੇ ਮਰਦ ਨਾਲੋਂ ਕਮਜ਼ੋਰ ਕਿਹਾ ਜਾਂਦਾ ਰਿਹਾ ਹੈ। ਜੇਕਰ ਕਿਸਾਨ ਅੰਦੋਲਨ ਵਿਚ ਜਨਾਨੀਆਂ ਦੀ ਸਰਗਰਮੀ ਅਤੇ ਯੋਗਦਾਨ ਨੂੰ ਵੇਖਿਆ ਜਾਵੇ ਤਾਂ ਸਾਰਾ ਕੁਝ ਝੂਠਾ ਜਾਪਦਾ ਹੈ। ਪਿਛਲੇ ਇਕ ਮਹੀਨੇ ਤੋਂ ਇਹ ਜਨਾਨੀਆਂ ਲਗਾਤਾਰ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਉਹ ਇਹ ਵੀ ਕਹਿ ਰਹੀਆਂ ਹਨ ਕਿ ਹਰ ਹਾਲਤ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਜਾਵਾਂਗੀਆਂ। ਭਾਵੇਂ ਸਾਨੂੰ ਵਰਿ੍ਹਆਂ ਬੱਧੀ ਬੈਠਣਾ ਪਵੇ। ਕੁਝ ਨੌਜਵਾਨ ਕੁੜੀਆਂ ਅੰਦੋਲਨਕਾਰੀਆਂ ਵਿਸ਼ੇਸ ਤੌਰ 'ਤੇ ਜਨਾਨੀਆਂ ਵਿਚ ਤਿੰਨ ਖੇਤੀ ਕਾਨੂੰਨਾਂ ਬਾਰੇ ਜਾਗ੍ਰਤੀ ਪੈਦਾ ਕਰਨ ਦਾ ਕੰਮ ਕਰ ਰਹੀਆਂ ਹਨ। ਇਹ ਪਹਿਲਾ ਅੰਦੋਲਨ ਹੈ, ਜਿਸ ਵਿਚ ਕੁੜੀਆਂ ਬੇਖੌ਼ਫ਼ ਹੋ ਕੇ ਘੁੰਮ ਫਿਰ ਅਤੇ ਸਟੇਜਾਂ 'ਤੇ ਭਾਸ਼ਣ ਵੀ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਕੀ ਕਿਸਾਨਾਂ ਅਤੇ ਸਰਕਾਰ ਵਿਚਾਲੇ ਬਣੇਗੀ ਗੱਲ? ਅੱਜ ਦੁਪਹਿਰ 2 ਵਜੇ ਹੋਵੇਗੀ ਬੈਠਕ
ਹਰ ਰੋਜ਼ ਨਵੇਂ ਕਾਫਲੇ ਆ ਰਹੇ ਹਨ
ਪੰਜਾਬ ਦੇ ਹਰ ਵਰਗ ਦੀਆਂ ਜਨਾਨੀਆਂ ਵੱਡੀ ਗਿਣਤੀ ਵਿਚ ਦਲੇਰੀ ਨਾਲ ਹਿੱਸਾ ਲੈਣ ਲਈ ਆ ਰਹੀਆਂ ਹਨ। ਹਰ ਰੋਜ਼ ਨਵੇਂ ਕਾਫਲੇ ਆ ਰਹੇ ਹਨ। ਭਾਵੇਂ ਕਿ ਗੋਦੀ ਮੀਡੀਆ ਵੱਲੋਂ ਕਿਸਾਨ ਅੰਦੋਲਨ ਵਿਚ ਜਨਾਨੀਆਂ ਦੀ ਸੁਰੱਖਿਆ ਬਾਰੇ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਬਿਹਾਰ ਅਤੇ ਦਿੱਲੀ ਤੋਂ ਜਨਾਨੀਆਂ ਵੀ ਆ ਰਹੀਆਂ ਹਨ। ਕੁਝ ਉਹ ਬੀਬੀਆਂ ਵੀ ਆ ਰਹੀਆਂ ਹਨ, ਜਿਨ੍ਹਾਂ ਦੇ ਘਰ ਵਾਲੇ ਖੇਤੀਬਾੜੀ ਨਹੀਂ ਸਗੋਂ ਹੋਰ ਕਿੱਤੇ ਕਰ ਰਹੇ ਹਨ। ਉਹ ਮੰਨਦੀਆਂ ਹਨ ਕਿ ਇਹ ਖੇਤੀ ਕਾਨੂੰਨ ਸਮੁਚੇ ਵਰਗ ਦੀ ਆਰਥਿਕ ਤਬਾਹੀ ਦਾ ਕੰਮ ਕਰਨਗੇ।
ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਹੋਵੇਗੀ ਗੱਲਬਾਤ, ਕਿਸਾਨ ਆਗੂ ਬੋਲੇ- ਸੋਧ ਮਨਜ਼ੂਰ ਨਹੀਂ
ਕੁਝ ਨੌਜਵਾਨ ਕੁੜੀਆਂ ਨੌਕਰੀ ਛੱਡ ਕੇ ਆਈਆਂ ਹਨ
ਮਹਾਰਾਸ਼ਟਰ ਤੋਂ ਨੌਜਵਾਨ ਅਜਿਹੀਆਂ ਕੁੜੀਆਂ ਵੀ ਆਈਆਂ ਹਨ ਜਿਹੜੀਆਂ ਖੁਦ ਵੱਡੀਆਂ ਕੰਪਨੀਆਂ ਦੀ ਨੌਕਰੀ ਛੱਡ ਕੇ ਆਈਆਂ ਹਨ। ਹਿੰਦੂ, ਮੁਸਲਿਮ, ਸਿੱਖ, ਇਸਾਈ ਇਕੱਠੇ ਇਨਸਾਨੀਅਤ ਦੇ ਵਗਦੇ ਦਰਿਆ ਦੀ ਤਰ੍ਹਾਂ ਵਿਚਰ ਰਹੇ ਹਨ। ਜਦੋਂ ਸੰਸਾਰ ਦੀ ਜਨਨੀ ਮੈਦਾਨ ਵਿਚ ਉਤਰ ਆਵੇ ਤਾਂ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਇਸ ਤੋਂ ਪਹਿਲਾਂ ਵੀ ਸਾਡੇ ਦੇਸ ਦੇ ਇਤਿਹਾਸ ਵਿਚ ਪੰਜਾਬੀ ਬੀਬੀਆਂ ਦੇ ਯੋਗਦਾਨ ਦਾ ਮਹੱਤਵਪੂਰਨ ਜ਼ਿਕਰ ਆਉਂਦਾ ਹੈ। ਉਹ ਭਾਵੇਂ ਦੇਸ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਧਾਰਮਿਕ ਅਤੇ ਸਮਾਜਿਕ ਸਰਗਰਮੀ ਹੋਵੇ ਪਰ ਇਸ ਅੰਦੋਲਨ ਦੀ ਇਹ ਵਿਲੱਖਣਤਾ ਵੀ ਹੈ ਕਿ ਇਸ ਵਿਚ ਇਕ ਵਰਗ ਦੀਆਂ ਬੀਬੀਆਂ ਹੀ ਨਹੀਂ ਸਗੋਂ ਹਰ ਵਰਗ ਅਤੇ ਧਰਮ ਦੀ ਨੁਮਾਇੰਦਗੀ ਕਰਨ ਵਾਲੀਆਂ ਜਨਾਨੀਆਂ ਸਰਗਰਮੀ ਨਾਲ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ।
ਅੰਮ੍ਰਿਤਧਾਰੀ ਬੀਬੀਆਂ ਅੰਦੋਲਨ ਵਿਚ ਯੋਗਦਾਨ ਪਾ ਰਹੀਆਂ ਹਨ
ਜਿਥੇ ਅੰਮ੍ਰਿਤਧਾਰੀ ਬੀਬੀਆਂ ਅੰਦੋਲਨ ਵਿਚ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ, ਉਥੇ ਹੀ ਆਮ ਸਾਧਾਰਣ ਬੀਬੀਆਂ ਬਿਨਾਂ ਜਾਤ ਪਾਤ, ਰੰਗ, ਧਰਮ ਅਤੇ ਮਜਹਬ ਤੋਂ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ। ਪੜ੍ਹੀਆਂ ਲਿਖੀਆਂ ਜਨਾਨੀਆਂ ਤਾਂ ਕਈ ਖੇਤਰਾਂ ਵਿਚ ਅੰਦੋਲਨ ਦੀ ਅਗਵਾਈ ਵੀ ਕਰ ਰਹੀਆਂ ਹਨ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਵੈਸੇ ਤਾਂ ਇੰਨੀ ਵੱਡੀ ਮਾਤਰਾ ਵਿਚ ਜਨਾਨੀਆਂ ਆਈਆਂ ਹਨ, ਉਨ੍ਹਾਂ ਸਾਰੀਆਂ ਬਾਰੇ ਲਿਖਣਾ ਅਸੰਭਵ ਹੈ ਪਰ ਉਦਾਹਰਣ ਲਈ ਕੁਝ ਕੁ ਇਸ ਤਰ੍ਹਾਂ ਹਨ- ਬੁੱਧੀਜੀਵੀ ਵਰਗ ਵਿਚੋਂ ਕਵਿੱਤਰੀ ਸੁਖਵਿੰਦਰ ਕੌਰ ਅੰਮ੍ਰਿਤ, ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ, ਫਿਲਮ ਸਨਅਤ ਵਿਚੋਂ ਜੱਸੀ ਸੰਘਾ, ਖਾਲਸਾ ਏਡ ਵਿਚੋਂ ਨਾਜ਼ੀਆ ਧੰਜੂ, ਕਿਰਤੀਆਂ ਵਿਚੋਂ ਮਲਕੀਤ ਕੌਰ ਮਾਨਸਾ (ਉਹ ਐਕਸੀਡੈਂਟ ਵਿਚ ਸ਼ਹੀਦ ਹੋ ਗਏ), ਡਾਕਟਰਾਂ ਵਿਚੋਂ ਡਾ ਹਰਸ਼ਿੰਦਰ ਕੌਰ, ਵਿਦਿਆਰਥੀਆਂ ਵਿਚੋਂ ਕਨੂੰਪ੍ਰਿਆ, ਨੀਲ ਕਮਲ , ਕੰਵਲਜੀਤ ਕੌਰ, ਕਿਸਾਨਾ ਵਿਚੋਂ ਮਹਿੰਦਰ ਕੌਰ ਕਿਸਾਨ ਸਭਾ, ਹਰਜਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵਕੀਲਾਂ ਵਿਚੋਂ ਹਰਮੀਤ ਕੌਰ ਬਰਾੜ ਅਤੇ ਚੰਡੀਗੜ੍ਹ ਤੋਂ ਇਕ ਲੜਕੀ ਵਕੀਲ ਜਿਹੜੇ ਸੀ ਆਰ ਪੀ ਐਫ ਦੀ ਨੌਕਰੀ ਛੱਡ ਕੇ ਆਈ ਹੈ, ਕਲਾਕਾਰਾਂ ਵਿਚੋਂ ਸੁਖੀ ਬਰਾੜ, ਅਮਨਦੀਪ ਕੌਰ ਦਿਓਲ ਜਾਗ੍ਰਤੀ ਏਕਤਾ ਮੰਚ, ਸਰਵਖੱਪ ਮਹਾਂ ਪੰਚਾਇਤ ਸੰਤੋਸ਼ ਦਾਹੀਆ ਹਰਿਆਣਾ, ਚੰਡੀਗੜ੍ਹ ਤੋਂ ਕੰਵਲਜੀਤ ਕੌਰ ਅਤੇ ਜਸਪ੍ਰੀਤ ਕੌਰ ਅਖੰਡ ਕੀਰਤਨੀ ਜੱਥਾ ਅਤੇ ਮੁਕਤਸਰ ਤੋਂ ਇਕ ਲੜਕੀ, ਜਿਹੜੀ ਖੁਦ ਖੇਤੀ ਕਰਦੀ ਹੈ,ਪਹਿਲੇ ਦਿਨ ਤੋਂ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ ਜੋ ਕਿ ਬਾਕੀ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ।
ਖੇਤੀਬਾੜੀ ਦਾ ਕੰਮ ਜਨਾਨੀਆਂ ਸੰਭਾਲ ਰਹੀਆਂ ਹਨ
ਇਸ ਤੋਂ ਇਲਾਵਾ ਪਿੰਡਾਂ ਵਿਚ ਬੀਬੀਆਂ ਅੰਦੋਲਨ ਬਾਰੇ ਜਾਗ੍ਰਤੀ ਪੈਦਾ ਕਰਨ ਅਤੇ ਰਾਸ਼ਣ ਇਕੱਠਾ ਕਰਨ ਲਈ ਕੰਮ ਕਰ ਰਹੀਆਂ ਹਨ। ਜਿਹੜੇ ਕਿਸਾਨ ਅੰਦੋਲਨ ਵਿਚ ਆਏ ਹੋਏ ਹਨ, ਉਨ੍ਹਾਂ ਦੀ ਖੇਤੀਬਾੜੀ ਦਾ ਕੰਮ ਵੀ ਜਨਾਨੀਆਂ ਸੰਭਾਲ ਰਹੀਆਂ ਹਨ। ਜਿਹੜੀਆਂ ਜਨਾਨੀਆਂ ਅੰਦੋਲਨ ਵਿਚ ਆਈਆਂ ਹੋਈਆਂ ਹਨ, ਉਨ੍ਹਾਂ ਵਿਚੋਂ ਕੁਝ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ ਹਨ। ਬੀਬੀਆਂ ਦੀ ਅੰਦੋਲਨ ਵਿਚ ਦਿਲਚਸਪੀ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਈ ਨਵੀਆਂ ਵਿਆਹੀਆਂ ਜਨਾਨੀਆਂ ਚੂੜੇ ਪਾ ਕੇ ਸ਼ਾਮਲ ਹੋ ਰਹੀਆਂ ਹਨ। ਲੰਗਰਾਂ ਦਾ ਇੰਤਜ਼ਾਮ ਵੀ ਬੀਬੀਆਂ ਕਰ ਰਹੀਆਂ ਹਨ। ਸੁਪਰੀਮ ਕੋਰਟ ਦੀ ਇਕ ਸੀਨੀਅਰ ਵਕੀਲ ਆਪਣੀ ਕੁੜੀ ਨੂੰ ਲੈ ਕੇ ਸ਼ਾਮਲ ਹੋਈ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਹੋਰ ਵੱਡਾ ਬਣਿਆ ਮੰਚ, ਲੰਬੀ ਲੜਾਈ ਦੀ ਤਿਆਰੀ
ਸਮਾਜਿਕ, ਸਾਹਿਤਕ, ਸਭਿਆਚਾਰਕ, ਬੁੱਧੀਜੀਵੀਆਂ ਅਤੇ ਹੋਰ ਸਵੈ ਇਛਤ ਸੰਸਥਾਵਾਂ ਵਿਚ ਕੰਮ ਕਰ ਰਹੀਆਂ ਬੀਬੀਆਂ ਆਪਣੇ ਸੰਗਠਨਾ ਦੇ ਮੈਂਬਰਾਂ ਨੂੰ ਲੈ ਕੇ ਅੰਦੋਲਨ ਵਿਚ ਹਿੱਸਾ ਲੈ ਰਹੀਆਂ ਹਨ। ਕੰਵਲਜੀਤ ਕੌਰ ਜੋ ਕਿ ਅੰਮ੍ਰਿਤਸਰ ਵਿਖੇ ਇਕ ਸਵੈ ਇਛਤ ਸੰਸਥਾ ਨਾਲ ਕੰਮ ਕਰ ਰਹੀ ਹੈ, ਉਹ ਅੰਦੋਲਨ ਦੇ ਆਲੇ ਦੁਆਲੇ ਰਹਿਣ ਵਾਲੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਕਿਉਂਕਿ ਕੋਵਿਡ ਕਰਕੇ ਸਕੂਲ ਬੰਦ ਹਨ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਬੈਠੀਆਂ ਕਵਿਤਰੀਆਂ ਸ਼ੋਸਲ ਮੀਡੀਆ ਉਪਰ ਅੰਦੋਲਨ ਦੇ ਹੱਕ ਵਿਚ ਕਵਿਤਾਵਾਂ ਲਿਖਕੇ ਪਾ ਰਹੀਆਂ ਹਨ। ਸ਼ੋਸ਼ਲ ਮੀਡੀਆ ਉਪਰ ਕੂੜ ਪ੍ਰਚਾਰ ਨੂੰ ਕਾਊਂਟਰ ਕਰਨ ਲਈ ਇਸਤਰੀਆਂ ਸਭ ਤੋਂ ਵੱਡਾ ਯੋਗਦਾਨ ਪਾ ਰਹੀਆਂ ਹਨ। ਕਲਾਕਾਰ ਬੀਬੀਆਂ ਕਿਸਾਨ ਅੰਦੋਲਨ ਦੇ ਹੱਕ ਵਿਚ ਪੇਂਟਿੰਗ ਕਰਕੇ ਆਪਣਾ ਫਰਜ਼ ਨਿਭਾ ਰਹੀਆਂ ਹਨ। ਸਮੁੱਚੇ ਤੌਰ ਤੇ ਨਤੀਜਾ ਭਾਵੇਂ ਅੰਦੋਲਨ ਦਾ ਉਸਾਰੂ ਆਉਣ ਦੀ ਉਮੀਦ ਹੈ ਪਰ ਬੀਬੀਆਂ ਦੀ ਹਿੱਸੇਦਾਰੀ ਪੰਜਾਬ ਦਾ ਸੁਨਹਿਰਾ ਭਵਿੱਖ ਬਣਾਉਣ ਵਿਚ ਸਾਰਥਿਕ ਸਾਬਤ ਹੋਵੇਗੀ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ਕਿਸਾਨਾਂ ਬਾਰੇ PM ਟਰੂਡੋ ਦੇ ਬਿਆਨ ’ਤੇ ਰਾਜਨਾਥ ਬੋਲੇ- ‘ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਬੋਲਣਾ ਬੰਦ ਕਰੋ’
NEXT STORY