ਨੈਸ਼ਨਲ ਡੈਸਕ- ਭਾਰਤ ਅਤੇ ਨੇਪਾਲ ਜਲਦੀ ਹੀ ਪਹਿਲੀ ਵਾਰ ਸਿੱਧੇ ਰੇਲ ਮਾਰਗ ਨਾਲ ਜੁੜ ਸਕਦੇ ਹਨ ਕਿਉਂਕਿ ਬਿਹਾਰ ਦੇ ਰਕਸੌਲ ਤੋਂ ਕਾਠਮੰਡੂ ਤੱਕ ਨਵੀਂ ਰੇਲਵੇ ਲਾਈਨ ਦੀ ਯੋਜਨਾ ਅੰਤਿਮ ਪੜਾਅ ’ਚ ਹੈ। ਪ੍ਰਸਤਾਵਿਤ 136 ਕਿਲੋਮੀਟਰ ਲੰਬੇ ਟ੍ਰੈਕ ’ਤੇ 13 ਸਟੇਸ਼ਨ ਹੋਣਗੇ, ਜਿਸ ਦੀ ਅੰਦਾਜ਼ਨ ਲਾਗਤ 25,000 ਕਰੋੜ ਰੁਪਏ ਹੈ। ਇਸ ਨਾਲ ਦਿੱਲੀ ਤੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚਾਲੇ ਸਿੱਧੀ ਰੇਲ ਯਾਤਰਾ ਸੰਭਵ ਹੋ ਸਕੇਗੀ।
ਸਰਵੇਖਣ ’ਤੇ ਖਰਚ ਹੋਣਗੇ 37 ਕਰੋੜ ਰੁਪਏ
ਇਕ ਰਿਪੋਰਟ ਦੇ ਅਨੁਸਾਰ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ ਦੀ ਅਗਵਾਈ ਹੇਠ ਰਕਸੌਲ-ਕਾਠਮੰਡੂ ਮਾਰਗ ਲਈ ਅੰਤਿਮ ਸਥਾਨ ਸਰਵੇਖਣ (ਐੱਫ. ਐੱਲ. ਐੱਸ.) ਚੱਲ ਰਿਹਾ ਹੈ। ਸਾਲ ਭਰ ਚੱਲਣ ਵਾਲੇ ਸਰਵੇਖਣ ’ਤੇ 37 ਕਰੋੜ ਰੁਪਏ ਖਰਚ ਹੋਣਗੇ ਤੇ ਇਸ ਤੋਂ ਬਾਅਦ ਇਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕੀਤੀ ਜਾਵੇਗੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਅੰਤਿਮ ਡੀ.ਪੀ.ਆਰ. ਪੂਰੀ ਹੋਣ ’ਤੇ ਪ੍ਰੋਜੈਕਟ ਦੀ ਲਾਗਤ ਥੋੜ੍ਹੀ ਵੱਧ ਸਕਦੀ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਸਰਕਾਰ ਨਿਰਮਾਣ ਲਈ ਟੈਂਡਰ ਮੰਗੇਗੀ।
ਦੋ-ਪੱਖੀ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ
ਰੇਲਵੇ ਅਧਿਕਾਰੀਆਂ ਅਨੁਸਾਰ ਦਿੱਲੀ-ਰਕਸੌਲ ਰੇਲ ਲਿੰਕ ਪਹਿਲਾਂ ਤੋਂ ਹੀ ਮੌਜੂਦ ਹੈ। ਨਵਾਂ ਸੈਕਸ਼ਨ ਰਕਸੌਲ ਤੋਂ ਕਾਠਮੰਡੂ ਤੱਕ ਦੇ ਬਾਕੀ ਹਿੱਸੇ ਨੂੰ ਕਵਰ ਕਰੇਗਾ, ਜੋ ਨੇਪਾਲ ਦੇ ਬੀਰਗੰਜ ਤੋਂ ਸਰਹੱਦ ਪਾਰ ਹੈ। ਇਹ ਦੂਰੀ ਜੋ ਸੜਕ ਰਾਹੀਂ 5 ਘੰਟੇ ਦੀ ਹੈ, ਟ੍ਰੇਨ ਰਾਹੀਂ 2 ਤੋਂ 3 ਘੰਟੇ ਤੱਕ ਘੱਟ ਹੋ ਸਕਦੀ ਹੈ। ਇਸ ਰੇਲਵੇ ਲਾਈਨ ਨਾਲ ਦੁਵੱਲੇ ਵਪਾਰ ਨੂੰ ਹੁਲਾਰਾ ਮਿਲਣ, ਯਾਤਰੀਆਂ ਦੀ ਆਵਾਜਾਈ ਆਸਾਨ ਹੋਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਅਤੇ ਰਣਨੀਤਕ ਸਬੰਧਾਂ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਾਰਗ ਤੋਂ ਦੋ-ਪੱਖੀ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਭਾਰਤੀ ਸੈਲਾਨੀ ਪੋਖਰਾ, ਫੇਵਾ ਝੀਲ ਅਤੇ ਐਵਰੈਸਟ ਬੇਸ ਕੈਂਪ ਵਰਗੀਆਂ ਥਾਵਾਂ ’ਤੇ ਜਾਂਦੇ ਹਨ, ਜਦਕਿ ਨੇਪਾਲੀ ਸੈਲਾਨੀ ਵੈਸ਼ਾਲੀ, ਰਾਜਗੀਰ ਅਤੇ ਬੋਧਗਯਾ ਵਰਗੇ ਬੋਧੀ ਅਤੇ ਹਿੰਦੂ ਵਿਰਾਸਤੀ ਸਥਾਨਾਂ ’ਤੇ ਅਕਸਰ ਜਾਂਦੇ ਹਨ।
ਇਹ ਟ੍ਰੇਨ ਪ੍ਰਮੁੱਖ ਤੀਰਥ ਅਸਥਾਨਾਂ ਤੱਕ ਪਹੁੰਚ ਨੂੰ ਬਿਹਤਰ ਬਣਾਏਗੀ। ਨੇੇਪਾਲ ਦੇ ਪਸ਼ੂਪਤੀਨਾਥ ਮੰਦਰ ਅਤੇ ਜਨਕਪੁਰ ਭਾਰਤੀਆਂ ਲਈ ਡੂੰਘੀ ਅਧਿਆਤਮਿਕ ਮਹੱਤਤਾ ਰੱਖਦੇ ਹਨ, ਜਦਕਿ ਸੀਤਾਮੜੀ ਅਤੇ ਬਾਬਾ ਬੈਦਿਆਨਾਥ ਧਾਮ ਵਰਗੇ ਅਸਥਾਨ ਨੇਪਾਲੀ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੇ ਹਨ।
ਮੁੰਬਈ ’ਚ ਵਿਦਿਆਰਥਣ ਨਾਲ ਛੇੜਖਾਨੀ ਦੇ ਦੋਸ਼ ਹੇਠ ਕਾਲਜ ਪ੍ਰਿੰਸੀਪਲ ਗ੍ਰਿਫਤਾਰ
NEXT STORY