ਭਾਰਤ ਦੀ ਰਾਜਧਾਨੀ ਦਿੱਲੀ ਸ਼ਕਤੀ, ਰਾਜਨੀਤੀ ਅਤੇ ਤਰੱਕੀ ਦੀ ਪ੍ਰਤੀਕ ਹੈ। ਫਿਰ ਵੀ, ਇਸ ਦੇ ਚਮਕਦਾਰ ਦਿਸਹੱਦੇ ਅਤੇ ਰਾਜਨੀਤਿਕ ਮਹੱਤਵ ਪਿੱਛੇ ਇਕ ਸਖਤ ਹਕੀਕਤ ਹੈ। ਇੱਥੇ ਅੱਤਵਾਦ, ਪ੍ਰਦੂਸ਼ਣ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਵਧਦਾ ਖ਼ਤਰਾ ਹੈ, ਖਾਸ ਕਰ ਕੇ ਉਨ੍ਹਾਂ ਬੱਚਿਆਂ ਲਈ ਜੋ ਰੋਜ਼ਾਨਾ ਸਕੂਲ ਜਾਂਦੇ ਹਨ। ਇਕ ਸ਼ਹਿਰ ਵਿਚ, ਜੋ ਲਗਾਤਾਰ ਹਾਈ ਅਲਰਟ ’ਤੇ ਰਹਿੰਦਾ ਹੈ, ਹੁਣ ਦਿਸਣਯੋਗ ਅਤੇ ਅਦਿੱਖ ਦੋਵੇਂ ਤਰ੍ਹਾਂ ਦੇ ਖ਼ਤਰੇ ਦਿੱਲੀ ਵਾਸੀਆਂ ਦੇ ਜਿਊਣ ਅਤੇ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਦੇ ਤਰੀਕੇ ਨੂੰ ਆਕਾਰ ਦੇ ਰਹੇ ਹਨ।
ਹਰ ਸਵੇਰ, ਦਿੱਲੀ ਦੇ ਲੱਖਾਂ ਸਕੂਲੀ ਬੱਚੇ ਟ੍ਰੈਫਿਕ ਜਾਮ, ਧੁੰਦ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰਦੇ ਹੋਏ ਬੱਸਾਂ, ਆਟੋ ਅਤੇ ਕਾਰਾਂ ’ਚ ਸਵਾਰ ਹੁੰਦੇ ਹਨ। ਮਾਤਾ-ਪਿਤਾ ਬੇਚੈਨੀ ਨਾਲ ਦੇਖਦੇ ਹਨ ਕਿ ਉਨ੍ਹਾਂ ਦੇ ਬੱਚੇ ਇਕ ਧੁੰਦ ਵਿਚ ਕਿਵੇਂ ਗਾਇਬ ਹੋ ਜਾਂਦੇ ਹਨ ਜੋ ਨਾ ਸਿਰਫ ਪ੍ਰਤੀਕਾਤਮਕ ਹੈ ਸਗੋਂ ਖ਼ਤਰਨਾਕ ਤੌਰ ’ਤੇ ਅਸਲ ਵੀ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏ. ਆਈ. ਕਿਊ.) ਅਕਸਰ ‘ਗੰਭੀਰ’ ਪੱਧਰਾਂ ਨੂੰ ਛੂਹ ਜਾਂਦਾ ਹੈ, ਜਿਸ ਨਾਲ ਹਵਾ ਜ਼ਹਿਰੀਲੀ ਹੋ ਜਾਂਦੀ ਹੈ। ਦਿੱਲੀ ਵਿਚ ਸਾਹ ਲੈਣਾ ਇਕ ਦਿਨ ਵਿਚ ਕਈ ਸਿਗਰਟਾਂ ਪੀਣ ਦੇ ਬਰਾਬਰ ਹੈ, ਜਦੋਂ ਕਿ ਪ੍ਰਦੂਸ਼ਣ ਚੁੱਪਚਾਪ ਨੌਜਵਾਨਾਂ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਥੇ ਹੀ ਅੱਤਵਾਦ ਦਾ ਇਕ ਹੋਰ ਪਰਛਾਵਾਂ ਮੰਡਰਾਅ ਰਿਹਾ ਹੈ।
ਦਿੱਲੀ ਨੇ ਪਿਛਲੇ ਕੁਝ ਸਾਲਾਂ ’ਚ ਕਈ ਅੱਤਵਾਦੀ ਹਮਲਿਆਂ ਦਾ ਸਾਹਮਣਾ ਕੀਤਾ ਹੈ-2001 ’ਚ ਸੰਸਦ ’ਤੇ ਹਮਲੇ ਤੋਂ ਲੈ ਕੇ 2005 ਅਤੇ 2008 ’ਚ ਬਾਜ਼ਾਰਾਂ ਅਤੇ ਜਨਤਕ ਸਥਾਨਾਂ ਨੂੰ ਹਿਲਾ ਕੇ ਰੱਖ ਦੇਣ ਵਾਲੇ ਧਮਾਕਿਆਂ ਤੱਕ। 2025 ’ਚ ਵੀ, ਆਪਣੇ ਸਿਆਸੀ ਮਹੱਤਵ ਦੇ ਕਾਰਨ ਇਹ ਸ਼ਹਿਰ ਇਕ ਸੰਭਾਵਿਤ ਨਿਸ਼ਾਨਾ ਬਣਿਆ ਹੋਇਆ ਹੈ। ਸੁਰੱਖਿਆ ਏਜੰਸੀਆਂ ਲਗਾਤਾਰ ਸਥਿਤੀ ’ਤੇ ਨਜ਼ਰ ਰੱਖਦੀਆਂ ਹਨ ਪਰ ‘ਕੀ ਹੋਵੇਗਾ’ ਦਾ ਡਰ ਦਿੱਲੀ ਵਾਸੀਆਂ ਦੇ ਮਨ ’ਚੋਂ ਕਦੇ ਵੀ ਨਹੀਂ ਜਾਂਦਾ। ਸਕੂਲ, ਮਾਲ, ਮੈਟਰੋ ਸਟੇਸ਼ਨ ਅਤੇ ਜਨਤਕ ਸਮਾਰੋਹਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ। ਇਨ੍ਹਾਂ ਸਭ ਦੇ ਬਾਵਜੂਦ, ਅਜਿਹੇ ਖਤਰਿਆਂ ਵਿਚਾਲੇ ਰਹਿਣ ਦਾ ਮਨੋਵਿਗਿਆਨਿਕ ਪ੍ਰਭਾਵ ਘੱਟ ਨਹੀਂ ਹੋ ਸਕਦਾ।
ਦਿੱਲੀ ਦੇ ਸਕੂਲੀ ਬੱਚਿਆਂ ਲਈ, ਸੁਰੱਖਿਆ ਨੇ ਇਕ ਨਵਾਂ ਅਰਥ ਗ੍ਰਹਿਣ ਕਰ ਲਿਆ ਹੈ। ਸੜਕ ਸੁਰੱਖਿਆ ਅਤੇ ਅਨੁਸ਼ਾਸਨ ਦੇ ਇਲਾਵਾ, ਮਾਤਾ-ਪਿਤਾ ਅਤੇ ਸਕੂਲ ਹੁਣ ਐਮਰਜੈਂਸੀ ਅਭਿਆਸ, ਨਿਕਾਸੀ ਯੋਜਨਾਵਾਂ ਅਤੇ ਹਵਾ ਸੋਧਕ ਮਾਸਕ ’ਤੇ ਵੀ ਚਰਚਾ ਕਰਦੇ ਹਨ। ਦਿੱਲੀ ’ਚ ਪਲ ਰਹੀ ਇਕ ਪੀੜ੍ਹੀ ਨਾ ਸਿਰਫ ਏ. ਬੀ. ਸੀ. ਅਤੇ ਗਿਣਤੀ ਸਿੱਖ ਰਹੀ ਹੈ ਸਗੋਂ ਅਲਾਰਮ, ਸੁਰੱਖਿਆ ਜਾਂਚ ਅਤੇ ਪ੍ਰਦੂਸ਼ਣ ਮਾਸਕ ਨਾਲ ਨਜਿੱਠਣਾ ਵੀ ਸਿੱਖ ਰਹੀ ਹੈ।
ਪਰ ਜਿੱਥੇ ਪ੍ਰਦੂਸ਼ਣ ਇਕ ਲਾਈਵ ਖਤਰਾ ਹੈ, ਉਥੇ ਅੱਤਵਾਦ ਦਾ ਅਚਾਨਕ ਖਤਰਾ ਬਣਿਆ ਹੋਇਆ ਹੈ। ਸ਼ਹਿਰ ਦੇ ਸਕੂਲਾਂ, ਖਾਸ ਕਰ ਸਰਕਾਰੀ ਇਮਾਰਤਾਂ ਜਾਂ ਸੰਵੇਦਨਸ਼ੀਲ ਖੇਤਰਾਂ ਦੇ ਨੇੜਲੇ ਸਕੂਲਾਂ ’ਚ, ਸਖਤ ਸੁਰੱਖਿਆ ਉਪਾਅ ਹਨ ਜਿਵੇਂ ਹਥਿਆਰਬੰਦ ਗਾਰਡ, ਪਛਾਣ ਪੱਤਰ ਤਸਦੀਕ, ਸੀ. ਸੀ. ਟੀ. ਵੀ. ਨੈੱਟਵਰਕ ਆਦਿ। ਫਿਰ ਵੀ, ਡਰ ਬਣਿਆ ਰਹਿੰਦਾ ਹੈ। ਬੱਚਿਆਂ ਲਈ ਇਹ ਸੁਰੱਖਿਆ ਜਾਂਚਾਂ ਉਨ੍ਹਾਂ ਦੇ ਆਮ ਜੀਵਨ ਦਾ ਹਿੱਸਾ ਬਣ ਗਈਆਂ ਹਨ।
ਦਿੱਲੀ ਦੇ ਸੁਰੱਖਿਆ ਬਲ ਖਤਰਿਆਂ ਨੂੰ ਰੋਕਣ ਲਈ ਅਣਥੱਕ ਯਤਨ ਕਰਦੇ ਹਨ ਪਰ ਸ਼ਹਿਰ ਦੀ ਵਿਸ਼ਾਲ ਆਬਾਦੀ ਅਤੇ ਖਾਮੀਆਂ ਭਰੀਆਂ ਹੱਦਾਂ ਇਸ ਕੰਮ ਨੂੰ ਗੁੰਝਲਦਾਰ ਬਣਾ ਦਿੰਦੀਆਂ ਹਨ। ਹਰ ਦਿਨ ਹਜ਼ਾਰਾਂ ਲੋਕ ਸ਼ਹਿਰ ’ਚ ਆਉਂਦੇ-ਜਾਂਦੇ ਹਨ। ਵੱਡੇ ਸਮਾਰੋਹ, ਰਾਜਨੀਤਿਕ ਰੈਲੀਆਂ, ਤਿਉਹਾਰ, ਵਿਰੋਧ-ਪ੍ਰਦਰਸ਼ਨ ਸੁਰੱਖਿਆ ਵਿਵਸਥਾ ’ਤੇ ਭਾਰੀ ਪੈਂਦੇ ਹਨ।
ਇਸ ਦੇ ਇਲਾਵਾ ਪ੍ਰਦੂਸ਼ਣ ਦਾ ਸੰਕਟ ਵੀ ਹੈ। ਖਾਸ ਕਰਕੇ ਸਰਦੀਆਂ ’ਚ ਜਦੋਂ ਗੁਆਂਢੀ ਰਾਜਾਂ ਤੋਂ ਪਰਾਲੀ ਸਾੜਨ ਨਾਲ ਵਾਹਨਾਂ ਦਾ ਉਤਸਰਜਨ, ਨਿਰਮਾਣ ਧੂੜ ਅਤੇ ਉਦਯੋਗਿਕ ਕਚਰਾ ਮਿਲਦਾ ਹੈ ਅਤੇ ਸ਼ਹਿਰ ਗੈਸ ਦਾ ਚੈਂਬਰ ਬਣ ਜਾਂਦਾ ਹੈ। ਹਸਪਤਾਲਾਂ ’ਚ ਅੱਖਾਂ ’ਚ ਜਲਨ, ਸਾਹ ਲੈਣ ’ਚ ਤਕਲੀਫ ਅਤੇ ਫੇਫੜਿਆਂ ’ਚ ਇਨਫੈਕਸ਼ਨ ਦੇ ਵਧਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਨ੍ਹਾਂ ਬੱਚਿਆਂ ਦੇ ਫੇਫੜੇ ਅਜੇ ਵਿਕਸਤ ਹੋ ਰਹੇ ਹਨ, ਉਨ੍ਹਾਂ ਲਈ ਇਹ ਪ੍ਰਭਾਵ ਲੰਬੇ ਸਮੇਂ ਤੱਕ ਰਹਿਣ ਵਾਲੇ ਅਤੇ ਨਾ ਬਦਲੇ ਜਾਣ ਵਾਲੇ ਹੋ ਸਕਦੇ ਹਨ।
ਆਧੁਨਿਕ ਰਾਜਧਾਨੀ ਵਿਚ ਮਾਪਿਆਂ ਦੀਆਂ ਚਿੰਤਾਵਾਂ : ਦਿੱਲੀ ਵਿਚ ਹਰ ਮਾਂ-ਪਿਓ ਨੂੰ ਰੋਜ਼ਾਨਾ ਇਕ ਦੁਬਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕੀ ਆਪਣੇ ਬੱਚੇ ਨੂੰ ਸਕੂਲ ਭੇਜਣਾ ਸੁਰੱਖਿਅਤ ਹੈ? ਇਹ ਡਰ ਦੋਹਰਾ ਹੈ- ਸਰੀਰਕ ਅਤੇ ਵਾਤਾਵਰਣ ਸੰਬੰਧੀ। ਹਾਲਾਂਕਿ ਸਕੂਲਾਂ ਨੇ ਏਅਰ ਪਿਊਰੀਫਾਇਰ ਲਗਾ ਕੇ ਅਤੇ ਸੁਰੱਖਿਆ ਨੂੰ ਸਖ਼ਤ ਕਰ ਕੇ ਅਨੁਕੂਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਸਮੱਸਿਆ ਦਾ ਘੇਰਾ ਇੰਨਾ ਵਿਸ਼ਾਲ ਹੈ ਕਿ ਇਕੱਲੇ ਅਜਿਹੇ ਉਪਾਅ ਨਹੀਂ ਕੀਤੇ ਜਾ ਸਕਦੇ।
ਸਵੇਰ ਦੀਆਂ ਸਭਾਵਾਂ ਅਕਸਰ ਘਰ ਦੇ ਅੰਦਰ ਹੀ ਕਰ ਦਿੱਤੀਆਂ ਜਾਂਦੀਆਂ ਹਨ। ਸਕੂਲ ਬੱਸਾਂ ਜੀ. ਪੀ. ਐੱਸ. ਟਰੈਕਿੰਗ ਨਾਲ ਲੈਸ ਹੁੰਦੀਆਂ ਹਨ। ਮਾਪੇ ਮੋਬਾਈਲ ਐਪਸ ਰਾਹੀਂ ਅਸਲ ਸਮੇਂ ਵਿਚ ਆਪਣੇ ਬੱਚਿਆਂ ਦੇ ਰੂਟਾਂ ਦੀ ਨਿਗਰਾਨੀ ਕਰਦੇ ਹਨ। ਇਹ ਤਕਨਾਲੋਜੀ, ਚਿੰਤਾ ਅਤੇ ਅਨੁਕੂਲਤਾ ਦਾ ਇਕ ਅਜੀਬ ਮਿਸ਼ਰਣ ਹੈ ਜੋ ਦਿੱਲੀ ਦੀ ਆਧੁਨਿਕ ਪਛਾਣ ਨੂੰ ਪਰਿਭਾਸ਼ਿਤ ਕਰਦਾ ਹੈ।
ਦਿੱਲੀ ਦੀਆਂ ਸਮੱਸਿਆਵਾਂ ਦਾ ਹੱਲ ਡਰ ਨਾਲ ਨਹੀਂ ਹੋ ਸਕਦਾ। ਉਨ੍ਹਾਂ ਲਈ ਸਮੂਹਿਕ ਕਾਰਵਾਈ ਦੀ ਲੋੜ ਹੈ। ਸਰਕਾਰ ਨੂੰ ਵਾਤਾਵਰਣ ਅਤੇ ਸੁਰੱਖਿਆ, ਦੋਵਾਂ ਹੀ ਬੁਨਿਆਦੀ ਢਾਂਚਿਆਂ ਵਿਚ ਨਿਵੇਸ਼ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਜਦੋਂ ਕਿ ਖੁਫੀਆ ਨੈੱਟਵਰਕਾਂ ਨੂੰ ਅੱਤਵਾਦੀ ਖਤਰਿਆਂ ਤੋਂ ਅੱਗੇ ਰਹਿਣਾ ਚਾਹੀਦਾ ਹੈ।
ਜਨ ਜਾਗਰੂਕਤਾ ਵੀ ਓਨੀ ਹੀ ਮਹੱਤਵਪੂਰਨ ਹੈ। ਨਾਗਰਿਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਛੋਟੇ-ਛੋਟੇ ਬਦਲਾਅ ਜਿਵੇਂ ਕਾਰ ਦੀ ਵਰਤੋਂ ਘੱਟ ਕਰਨਾ, ਕੂੜਾ ਸਾੜਨ ਤੋਂ ਬਚਣਾ, ਰੁੱਖ ਲਗਾਉਣਾ ਆਦਿ ਵੱਡਾ ਬਦਲਾਅ ਲਿਆ ਸਕਦੇ ਹਨ। ਸਕੂਲਾਂ ਨੂੰ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਜੋਖਮ ਦੇ ਵਾਤਾਵਰਣ ਸੰਕਟ ਕਾਲਾਂ ਅਤੇ ਸੁਰੱਖਿਆ ਖਤਰਿਆਂ ਦੋਵਾਂ ਲਈ ਸੁਰੱਖਿਆ ਤਿਆਰੀਆਂ ਬਾਰੇ ਸਿੱਖਿਅਤ ਕਰਨਾ ਚਾਹੀਦਾ ਹੈ।
ਆਪਣੀਆਂ ਚੁਣੌਤੀਆਂ ਦੇ ਬਾਵਜੂਦ, ਦਿੱਲੀ ਇਕ ਲਚਕੀਲਾ ਸ਼ਹਿਰ ਹੈ। ਇਸ ਨੇ ਅੱਤਵਾਦੀ ਹਮਲਿਆਂ, ਮਹਾਮਾਰੀਆਂ ਅਤੇ ਧੁੰਦ ਦੇ ਸੰਕਟਾਂ ਦਾ ਸਾਹਮਣਾ ਕੀਤਾ ਹੈ ਅਤੇ ਫਿਰ ਵੀ ਹਰ ਸਵੇਰੇ, ਇਹੀ ਸ਼ਹਿਰ ਜਾਗਦਾ ਹੈ, ਆਪਣੇ ਬੱਚਿਆਂ ਨੂੰ ਸਕੂਲ ਭੇਜਦਾ ਹੈ ਅਤੇ ਆਪਣੇ ਕੰਮਾਂ ’ਚ ਲੱਗ ਜਾਂਦਾ ਹੈ।
ਅੱਗੇ ਦਾ ਰਾਹ : ਦਿੱਲੀ ਨੂੰ ਬੱਚਿਆਂ ਲਈ ਅਸਲ ’ਚ ਇਕ ਸੁਰੱਖਿਅਤ ਅਤੇ ਰਹਿਣ ਯੋਗ ਸ਼ਹਿਰ ਬਣਾਉਣ ਲਈ ਉਸ ਨੂੰ ਅੱਤਵਾਦ ਅਤੇ ਪ੍ਰਦੂਸ਼ਣ ਦੋਵਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਦੇ ਤੌਰ ’ਚ ਦੇਖਣਾ ਹੋਵੇਗਾ। ਬੱਚਿਆਂ ਦੇ ਜੀਵਨ, ਸਿਹਤ ਅਤੇ ਮਾਨਸਿਕ ਸ਼ਾਂਤੀ ਦੀ ਸੁਰੱਖਿਆ ਨੀਤੀ ਅਤੇ ਯੋਜਨਾ ਦੇ ਕੇਂਦਰ ’ਚ ਹੋਣੀ ਚਾਹੀਦੀ। ਸੁਰੱਖਿਆ ਦਾ ਮਤਲਬ ਸਿਰਫ ਬੰਦੂਕਾਂ ਅਤੇ ਪਹਿਰੇਦਾਰਾਂ ਤੋਂ ਨਹੀਂ ਹੈ, ਇਹ ਸਵੱਛ ਹਵਾ, ਹਰਿਆਲੀ ਅਤੇ ਸੁਰੱਖਿਅਤ ਸੜਕਾਂ ਨਾਲ ਵੀ ਜੁੜਿਆ ਹੋਣਾ ਚਾਹੀਦਾ ਹੈ।
ਦੇਵੀ.ਐੱਮ.ਚੇਰੀਅਨ
ਚੀਨ ਵਲੋਂ ਅਮਰੀਕੀ ‘ਡਾਲਰ’ ਦੇ ਮੁਕਾਬਲੇ ’ਤੇ ‘ਯੁਆਨ’ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼
NEXT STORY