ਨਵੀਂ ਦਿੱਲੀ— ਦਿੱਲੀ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ਸੋਮਵਾਰ ਯਾਨੀ ਕਿ 31 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ’ਚ ਸਭ ਤੋਂ ਪਹਿਲਾਂ ਨਿਰਮਾਣ ਗਤੀਵਿਧੀਆਂ ਅਤੇ ਫ਼ੈਕਟਰੀਆਂ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੱਲ੍ਹ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਕੀਤਾ ਗਿਆ, ਜਿਸ ਨੂੰ ਲੈ ਕੇ ਦਿੱਲੀ ਦੇ ਕਾਰੋਬਾਰੀ ਬੇਹੱਦ ਨਾਰਾਜ਼ ਹਨ। ਇਸ ਸੰਦਰਭ ’ਚ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਵਲੋਂ ਅੱਜ ਬੁਲਾਈ ਗਈ ਇਕ ਵੀਡੀਓ ਕਾਨਫਰੰਸ ਵਿਚ ਸ਼ਾਮਲ 508 ਕਾਰੋਬਾਰੀ ਸੰਗਠਨਾਂ ਦੇ ਆਗੂਆਂ ਨੇ ਇਕ ਸੁਰ ਵਿਚ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਕਿਹਾ ਕਿ 31 ਮਈ ਤੋਂ ਦਿੱਲੀ ਦੇ ਬਾਜ਼ਾਰ ਵੀ ਲੜੀਬੱਧ ਤਰੀਕੇ ਨਾਲ ਖੋਲ੍ਹੇ ਜਾਣ। ਦਿੱਲੀ ਵਿਚ ਕੋਰੋਨਾ ਨਾ ਵਧੇ, ਇਸ ਪ੍ਰਤੀ ਕਾਰੋਬਾਰੀ ਪੂਰੀ ਤਰ੍ਹਾਂ ਵਚਨਬੱਧ ਹਨ। ਹੁਣ ਬਜ਼ਾਰਾਂ ਦਾ ਖੋਲ੍ਹਿਆ ਜਾਣਾ ਬੇਹੱਦ ਜ਼ਰੂਰੀ ਹੈ। ਇਸ ਬੈਠਕ ਵਿਚ ਫ਼ੈਸਲਾ ਲਿਆ ਗਿਆ ਕਿ ਕੇਜਰੀਵਾਲ ਅਤੇ ਅਨਿਲ ਬੈਜਲ ਨੂੰ ਇਕ ਚਿੱਠੀ ਭੇਜ ਕੇ ਦਿੱਲੀ ਦੇ ਬਜ਼ਾਰਾਂ ਨੂੰ ਖੋਲ੍ਹੇ ਜਾਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾਵੇਗੀ।
ਕੈਟ ਦੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਅਤੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਵਿਪਿਨ ਆਹੂਜਾ ਨੇ ਦੱਸਿਆ ਕਿ ਦਿੱਲੀ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ’ਚ ਬਜ਼ਾਰਾਂ ਨੂੰ ਸ਼ਾਮਲ ਨਾ ਕਰਨ ਦੀ ਦਿੱਲੀ ਦੇ ਸਾਰੇ ਕਾਰੋਬਾਰੀ ਆਗੂਆਂ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 19 ਅਪ੍ਰੈਲ ਨੂੰ ਜਦੋਂ ਦਿੱਲੀ ’ਚ ਤਾਲਾਬੰਦੀ ਦਾ ਐਲਾਨ ਹੋਇਆ ਸੀ ਤਾਂ ਵਾਇਰਸ ਦੀ ਦਰ 26.12 ਫ਼ੀਸਦੀ ਸੀ ਅਤੇ ਪੀੜਤ ਲੋਕਾਂ ਦੀ ਗਿਣਤੀ 23,686 ਸੀ। ਜੋ ਮੌਜੂਦਾ ਸਮੇਂ ਵਿਚ ਲੱਗਭਗ 1100 ਹੈ। ਵਾਇਰਸ ਦੀ ਦਰ 1.5 ਫ਼ੀਸਦੀ ਹੈ। ਅਜਿਹੇ ਵਿਚ ਬਾਜ਼ਾਰ ਕਿਉਂ ਨਹੀਂ ਖੋਲ੍ਹੇ ਜਾ ਰਹੇ ਹਨ, ਜਦਕਿ ਬਜ਼ਾਰਾਂ ’ਚ ਬਹੁਤ ਆਸਾਨੀ ਨਾਲ ਕੋਰੋਨਾ ਸੁਰੱਖਿਆ ਦੇ ਸਾਰੇ ਉਪਾਅ ਵਰਤੋਂ ਵਿਚ ਲਿਆਂਦੇ ਜਾ ਸਕਦੇ ਹਨ।
ਖੰਡੇਲਵਾਲ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਕੋਰੋਨਾ ਨੂੰ ਗਲ ਲਾਉਣ ਦਾ ਕੋਈ ਸ਼ੌਕ ਨਹੀਂ ਹੈ ਪਰ ਪਿਛਲੇ ਇਕ ਮਹੀਨੇ ਤੋਂ ਬੰਦ ਦੁਕਾਨਾਂ ਨੇ ਕਾਰੋਬਾਰੀਆਂ ਦੇ ਲੱਕ ਤੋੜ ਦਿੱਤੇ ਹਨ। ਸਮਝ ’ਚ ਨਹੀਂ ਆ ਰਿਹਾ ਹੈ ਕਿ ਲਗਾਤਾਰ ਜਾਰੀ ਖਰਚੇ ਕਿਵੇਂ ਪੂਰੇ ਹੋਣਗੇ। ਘਰ, ਬਿਜਲੀ-ਪਾਣੀ ਦੇ ਖਰਚੇ, ਪ੍ਰਾਪਰਟੀ ਟੈਕਟ ਅਤੇ ਦੁਕਾਨਾਂ ਦੇ ਕਿਰਾਏ ਕਿੱਥੋਂ ਆਉਣਗੇ। ਦਿੱਲੀ ਦਾ ਵਪਾਰ ਪੂਰੀ ਤਰ੍ਹਾਂ ਨਾਲ ਪਟੜੀ ਤੋਂ ਉਤਰ ਚੁੱਕਾ ਹੈ। ਉਸ ਵਪਾਰ ਨੂੰ ਕਿਵੇਂ ਮੁੜ ਖ਼ੜ੍ਹਾ ਕੀਤਾ ਜਾਵੇ, ਇਹ ਵੱਡਾ ਸਵਾਲ ਹੈ। ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਬੈਠਕ ਵਿਚ ਸ਼ਾਮਲ ਸਾਰੇ ਕਾਰੋਬਾਰੀ ਆਗੂਆਂ ਨੇ ਕਿਹਾ ਕਿ ਨਿਰਮਾਣ ਗਤੀਵਿਧੀਆਂ ਅਤੇ ਫ਼ੈਕਟਰੀਆਂ ਖੋਲ੍ਹੇ ਜਾਣ ਜਾਣ ਦਾ ਸਵਾਗਤ ਕੀਤਾ ਹੈ ਪਰ ਬਜ਼ਾਰ ਨਾ ਖੋਲ੍ਹੇ ਜਾਣ ਨੂੰ ਦਰਕਿਨਾਰ ਕਰਦੇ ਹੋਏ ਇਸ ਫ਼ੈਸਲੇ ਨੂੰ ਬੇਹੱਦ ਤਰਕਹੀਣ ਦੱਸਿਆ ਹੈ। ਫ਼ੈਕਟਰੀਆਂ ਵਿਚ ਤਾਂ ਇਕ ਵਾਰ ਸਮਾਜਿਕ ਦੂਰੀ ਦੀ ਪਾਲਣ ਹੋ ਸਕਦੀ ਹੈ ਪਰ ਨਿਰਮਾਣ ਗਤੀਵਿਧੀਆਂ ’ਚ ਸਮਾਜਿਕ ਦੂਰੀ ਕਿਵੇਂ ਹੋਵੇਗੀ। ਇਸ ਸਵਾਲ ’ਤੇ ਵਿਚਾਰ ਨਹੀਂ ਕੀਤਾ ਗਿਆ, ਜਦਕਿ ਠੀਕ ਇਸ ਦੇ ਉਲਟ ਜੇਕਰ ਬਜ਼ਾਰਾਂ ਨੂੰ ਖੋਲ੍ਹਿਆ ਜਾਵੇ ਤਾਂ ਕੋਰੋਨਾ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾ ਸਕਦਾ ਹੈ। ਨਾ ਸਿਰਫ ਕਾਰੋਬਾਰੀ ਸਗੋਂ ਲੱਖਾਂ ਦੀ ਗਿਣਤੀ ’ਚ ਅਜਿਹੇ ਲੋਕ ਜੋ ਆਪਣੀ ਰੋਜ਼ੀ-ਰੋਟੀ ’ਤੇ ਨਿਰਭਰ ਹਨ, ਉਨ੍ਹਾਂ ਦਾ ਰੁਜ਼ਗਾਰ ਵੀ ਸ਼ੁਰੂ ਹੋ ਸਕਦਾ ਹੈ।
ਕਿਸਾਨ ਆਗੂ ਚਡੂਨੀ ਨੇ ਯੂ.ਪੀ. ਦੇ ਕਿਸਾਨਾਂ ਦਾ ਕੀਤਾ ਧੰਨਵਾਦ, ਰਕੇਸ਼ ਟਿਕੈਤ ’ਤੇ ਦਿੱਤੀ ਸਫ਼ਾਈ
NEXT STORY