ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦਿੱਲੀ ’ਚ ਸੈਂਕੜੇ ਝੁੱਗੀ-ਝੌਂਪੜੀ ਵਾਲੇ ਬੇਘਰ ਹੋਣ ਕਾਰਨ ਬਹੁਤ ਦੁਖੀ ਹਨ ਕਿਉਂਕਿ ਭਾਜਪਾ ਸਰਕਾਰ ਨੇ ਉਨ੍ਹਾਂ ਦੇ ਘਰ ਢਾਹ ਦਿੱਤੇ ਹਨ।ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਸ ਸਬੰਧੀ ਅਸ਼ੋਕ ਵਿਹਾਰ ਖੇਤਰ ਦੇ ਆਪਣੇ ਤਾਜ਼ਾ ਦੌਰੇ ਦੀ ਇਕ ਵੀਡੀਓ ਸਾਂਝੀ ਕੀਤੀ, ਜਿੱਥੇ ਪ੍ਰਸ਼ਾਸਨ ਵੱਲੋਂ ਕਈ ਲੋਕਾਂ ਦੇ ਘਰ ਢਾਹ ਦਿੱਤੇ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ‘ਅੱਤਿਆਚਾਰ’ ਸੱਤਾਧਾਰੀ ਪਾਰਟੀ ਦੀ ਗਰੀਬਾਂ ਪ੍ਰਤੀ ਗੈਰ-ਸੰਵੇਦਨਸ਼ੀਲਤਾ ਤੇ ਉਸ ਦੇ ਸੱਤਾ ਦੇ ਹੰਕਾਰ ਨੂੰ ਉਜਾਗਰ ਕਰਦਾ ਹੈ।
ਇਕ ਵੀਡੀਓ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਕਲਪਨਾ ਕਰੋ, ਜੇ ਤੁਹਾਡੇ ਮਾਪਿਆਂ, ਬੱਚਿਆਂ ਜਾਂ ਭੈਣ-ਭਰਾਵਾਂ ਕੋਲੋਂ ਅਚਾਨਕ ਛੱਤ ਖੋਹ ਲਈ ਜਾਵੇ, ਜੇ ਤੁਹਾਡਾ ਪੂਰਾ ਪਰਿਵਾਰ ਇਕ ਪਲ ’ਚ ਬੇਘਰ ਹੋ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ? ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ ਸੈਂਕੜੇ ਗਰੀਬ ਪਰਿਵਾਰ ਅੱਜ ਬਹੁਤ ਦੁਖੀ ਹਨ।
ਉਨ੍ਹਾਂ ਕਿਹਾ ਕਿ ਉਹ ਛੋਟੇ ਘਰ ਜਿਨ੍ਹਾਂ ’ਚ ਉਨ੍ਹਾਂ ਦੀ ਪੂਰੀ ਜ਼ਿੰਦਗੀ ਵਸੀ ਸੀ, ਭਾਜਪਾ ਸਰਕਾਰ ਨੇ ਬੇਰਹਿਮੀ ਨਾਲ ਡੇਗ ਦਿੱਤੇ। ਇਹ ਸਿਰਫ਼ ਘਰ ਨਹੀਂ ਸਨ, ਇਹ ਉਨ੍ਹਾਂ ਦੇ ਸੁਪਨੇ, ਉਨ੍ਹਾਂ ਦੀ ਇੱਜ਼ਤ ਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਸਾਧਨ ਸਨ। ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਆੜ ’ਚ ਕੀਤਾ ਜਾ ਰਿਹਾ ਇਹ ਅੱਤਿਆਚਾਰ ਭਾਜਪਾ ਦੀ ਗਰੀਬਾਂ ਪ੍ਰਤੀ ਗੈਰ-ਸੰਵੇਦਨਸ਼ੀਲਤਾ ਤੇ ਸੱਤਾ ਦੇ ਹੰਕਾਰ ਨੂੰ ਉਜਾਗਰ ਕਰਦਾ ਹੈ। ਅਸੀਂ ਇਨ੍ਹਾਂ ਉੱਜੜੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਇਹ ਲੜਾਈ ਹੁਣ ਸਿਰਫ਼ ਘਰਾਂ ਲਈ ਨਹੀਂ, ਸਗੋਂ ਨਿਆਂ ਅਤੇ ਮਨੁੱਖਤਾ ਲਈ ਹੈ । ਅਸੀਂ ਹਰ ਮੋਰਚੇ ’ਤੇ ਲੜਾਂਗੇ।
ਮੈਟਰੋ 'ਚ ਸੋਨੇ ਦੇ ਬਿਸਕੁਟ ਚੋਰੀ ਕਰਨ ਦੇ ਦੋਸ਼ 'ਚ 2 ਗ੍ਰਿਫ਼ਤਾਰ, 3 ਲੱਖ ਰੁਪਏ ਬਰਾਮਦ, ਇੰਝ ਹੋਇਆ ਖੁਲਾਸਾ
NEXT STORY