ਨਵੀਂ ਦਿੱਲੀ, (ਭਾਸ਼ਾ)- ਸੜਕ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਵੱਡਾ ਕਦਮ ਚੁੱਕਣ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਚਾਹੁੰਦੀ ਹੈ ਕਿ 1 ਅਕਤੂਬਰ, 2027 ਤੱਕ ਸਾਰੀਆਂ ਇਲੈਕਟ੍ਰਿਕ ਕਾਰਾਂ, ਬੱਸਾਂ ਅਤੇ ਟਰੱਕਾਂ ’ਚ ਸਾਊਂਡ ਅਲਰਟ ਸਿਸਟਮ ਭਾਵ ਐਕਾਸਟਿਕ ਵ੍ਹੀਕਲ ਅਲਰਟਿੰਗ ਸਿਸਟਮ (ਅਵਾਸ) ਨੂੰ ਲਾਜ਼ਮੀ ਕਰ ਦਿੱਤਾ ਜਾਵੇ।
ਨਵੀਆਂ ਗੱਡੀਆਂ ’ਚ ਪਹਿਲਾਂ ਲਾਗੂ ਹੋਵੇਗਾ ਨਿਯਮ
ਮੰਤਰਾਲੇ ਨੇ ਇਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਅਕਤੂਬਰ 2026 ਤੋਂ ਬਾਅਦ ਬਣਨ ਵਾਲੇ ਇਲੈਕਟ੍ਰਿਕ ਯਾਤਰੀ ਵਾਹਨਾਂ ਅਤੇ ਮਾਲ ਢੋਹਣ ਵਾਲੇ ਵਾਹਨਾਂ ਦੇ ਸਾਰੇ ਨਵੇਂ ਮਾਡਲ ਅਵਾਸ ਫੀਚਰ ਨਾਲ ਲੈਸ ਹੋਣੇ ਚਾਹੀਦੇ ਹਨ। ਇਹ ਇਕ ਸੁਰੱਖਿਆ ਫੀਚਰ ਹੈ, ਜਿਸ ਰਾਹੀਂ ਇਲੈਕਟ੍ਰਿਕ ਗੱਡੀਆਂ ਇਕ ਆਰਟੀਫੀਸ਼ੀਅਲ ਆਵਾਜ਼ ਕੱਢਣਗੀਆਂ, ਤਾਂ ਜੋ ਪੈਦਲ ਚੱਲਣ ਵਾਲਿਆਂ ਅਤੇ ਹੋਰ ਸੜਕ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਮੌਜੂਦਗੀ ਬਾਰੇ ਪਤਾ ਲੱਗ ਸਕੇ। ਨੋਟੀਫਿਕੇਸ਼ਨ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ 1 ਅਕਤੂਬਰ, 2026 ਤੋਂ ਸ਼ੁਰੂ ਹੋਣ ਵਾਲੇ ਸਾਰੇ ਨਵੇਂ ਮਾਡਲ ਅਤੇ 1 ਅਕਤੂਬਰ, 2027 ਤੋਂ ਸ਼ੁਰੂ ਹੋਣ ਵਾਲੇ ਸਾਰੇ ਮੌਜੂਦਾ ਇਲੈਕਟ੍ਰਿਕ ਵਾਹਨਾਂ (ਕੈਟਾਗਿਰੀ ਐੱਮ ਅਤੇ ਐੱਨ) ਨੂੰ ਅਵਾਸ ਸਿਸਟਮ ਨਾਲ ਲੈਸ ਕਰਨਾ ਹੋਵੇਗਾ। ਇਹ ਸਿਸਟਮ ਏ.ਆਈ.ਐੱਸ.-173 ਸਟੈਂਡਰਡ ਦੇ ਤਹਿਤ ਤੈਅ ਕੀਤੀ ਗਈ ਆਵਾਜ਼ ਸੁਣਨ ਦੀ ਸਮਰੱਥਾ ਨੂੰ ਪੂਰਾ ਕਰਨਾ ਚਾਹੀਦਾ ਹੈ।
ਕੀ ਹੈ ਅਵਾਸ ਪ੍ਰਣਾਲੀ
‘ਅਵਾਸ’ ਪ੍ਰਣਾਲੀ ਇਕ ਅਜਿਹੀ ਸੁਰੱਖਿਆ ਤਕਨੀਕ ਹੈ, ਜਿਸ ਨੂੰ ਖਾਸ ਤੌਰ ’ਤੇ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਲਈ ਬਣਾਇਆ ਗਿਆ ਹੈ। ਦਰਅਸਲ ਇਹ ਵਾਹਨ ਘੱਟ ਗਤੀ ’ਤੇ ਬਿਨਾਂ ਆਵਾਜ਼ ਕੀਤੇ ਚੱਲਦੇ ਹਨ, ਜਿਸ ਕਾਰਨ ਪੈਦਲ ਯਾਤਰੀਆਂ, ਖਾਸ ਕਰ ਕੇ ਦ੍ਰਿਸ਼ਟੀਹੀਣ ਲੋਕਾਂ ਨੂੰ ਇਨ੍ਹਾਂ ਦੇ ਆਉਣ ਦਾ ਪਤਾ ਨਹੀਂ ਲੱਗਦਾ। ਇਸ ਜੋਖਮ ਨੂੰ ਘਟਾਉਣ ਲਈ ਇਨ੍ਹਾਂ ਵਾਹਨਾਂ ’ਚ ਲੱਗੀ ਅਵਾਸ ਪ੍ਰਣਾਲੀ ਦੇ ਸਪੀਕਰ ਆਰਟੀਫੀਸ਼ੀਅਲ ਸਾਊਂਡ ਪੈਦਾ ਕਰਦੇ ਹਨ, ਜਿਸ ਦੀ ਤੀਬਰਤਾ ਅਤੇ ਵਾਹਨ ਦੀ ਗਤੀ ਅਤੇ ਦਿਸ਼ਾ ਦੇ ਅਨੁਸਾਰ ਬਦਲਦੀ ਹੈ। ਇਸ ਨਾਲ ਸੜਕ ’ਤੇ ਚੱਲ ਰਹੇ ਲੋਕ ਵਾਹਨ ਦੀ ਮੌਜੂਦਗੀ ਅਤੇ ਉਸ ਦੀ ਗਤੀ ਦਾ ਅੰਦਾਜ਼ਾ ਲਾ ਸਕਦੇ ਹਨ।
ਅਯੁੱਧਿਆ ਰਾਮ ਮੰਦਰ ਦੀ ਪਹਿਲੀ ਮੰਜ਼ਿਲ ਤੱਕ ਲਿਫਟ, ਭਗਤਾਂ ਨੂੰ ਮਿਲੇਗੀ ਸਹੂਲਤ
NEXT STORY