ਜੰਮੂ (ਭਾਸ਼ਾ)— ਕੋਰੋਨਾ ਵਾਇਰਸ ਮਹਾਂਮਾਰੀ ਦੇ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਘਾਟੀ ਅਤੇ ਜੰਮੂ ਦੇ 3 ਜ਼ਿਲਿਆਂ ਨੂੰ 'ਰੈੱਡ ਜ਼ੋਨ' ਐਲਾਨ ਕਰ ਦਿੱਤਾ ਹੈ। ਮੁੱਖ ਸਕੱਤਰ ਬੀ. ਵੀ. ਆਰ. ਸੁਬ੍ਰਮਾਣੀਅਮ ਵਲੋਂ ਐਤਵਾਰ ਨੂੰ ਜਾਰੀ ਆਦੇਸ਼ਾਂ ਵਿਚ ਜ਼ਿਲਿਆਂ ਦਾ ਵਰਗੀਕਰਨ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਜੰਮੂ-ਕਸ਼ਮੀਰ ਦੇ ਚਾਰ ਜ਼ਿਲਿਆਂ- ਸ਼੍ਰੀਨਗਰ, ਬਾਂਦੀਪੁਰਾ, ਅਨੰਤਨਾਗ ਅਤੇ ਸ਼ੋਪੀਆਂ ਨੂੰ ਰੈੱਡ ਜ਼ੋਨ 'ਚ ਰੱਖਿਆ ਸੀ। ਕੇਂਦਰ ਸਰਕਾਰ ਨੇ ਸੂਬੇ ਅਤੇ ਕੇਂਦਰ ਸ਼ਾਸਿਤ ਖੇਤਰ ਨੂੰ ਇਸ ਦੀ ਮਨਜ਼ੂਰੀ ਦਿੱਤੀ ਹੈ ਕਿ ਉਹ ਵਾਧੂ ਜ਼ਿਲਿਆਂ ਨੂੰ ਵੀ ਰੈੱਡ ਜਾਂ ਆਰੇਂਜ ਜ਼ੋਨ 'ਚ ਵਰਗੀਕ੍ਰਿਤ ਕਰ ਸਕਦੇ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਜਾਰੀ ਆਦੇਸ਼ ਮੁਤਾਬਕ ਪੂਰੀ ਕਸ਼ਮੀਰ ਘਾਟੀ ਜਿਸ 'ਚ 10 ਜ਼ਿਲੇ ਆਉਂਦੇ ਹਨ, ਉਸ ਨੂੰ ਰੈੱਡ ਜ਼ੋਨ ਐਲਾਨ ਕੀਤਾ ਗਿਆ ਹੈ।
ਉੱਥੇ ਹੀ ਜੰਮੂ ਖੇਤਰ 'ਚ ਤਿੰਨ ਜ਼ਿਲੇ ਜੰਮੂ, ਸਾਂਬਾ ਅਤੇ ਕਠੂਆ ਰੈੱਡ ਜ਼ੋਨ ਵਿਚ ਹਨ। ਜੰਮੂ ਖੇਤਰ ਦੇ ਚਾਰ ਜ਼ਿਲੇ ਊੁਧਮਪੁਰ, ਰਿਆਸੀ, ਰਾਮਬਨ ਅਤੇ ਰਾਜੌਰੀ ਆਰੇਂਜ ਜ਼ੋਨ ਵਿਚ ਜਦਕਿ ਡੋਡਾ, ਕਿਸ਼ਤਵਾੜ ਅਤੇ ਪੁੰਛ ਗ੍ਰੀਨ ਜ਼ੋਨ ਵਿਚ ਹਨ। ਮੁੱਖ ਸਕੱਤਰ ਵਲੋਂ ਜਾਰੀ ਹੋਰ ਦਿਸ਼ਾ-ਨਿਰਦੇਸ਼ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਇਕ ਮਈ ਨੂੰ ਜਾਰੀ ਆਦੇਸ਼ ਵਾਂਗ ਹੀ ਹਨ। ਲਾਕਡਾਊਨ ਦਾ ਤੀਜਾ ਪੜਾਅ 4 ਮਈ ਤੋਂ 17 ਮਈ ਤੱਕ ਹੈ। ਦਿਸ਼ਾ-ਨਿਰਦੇਸ਼ ਮੁਤਾਬਕ ਸਰਕਾਰ ਨੇ ਮਨਜ਼ੂਰੀ ਦਿੱਤੀ ਗਈ ਗਤੀਵਿਧੀਆਂ 'ਚ ਵਾਹਨਾਂ ਤੋਂ ਲੋਕਾਂ ਦੇ ਆਵਾਜਾਈ ਦੀ ਆਗਿਆ ਦਿੱਤੀ ਹੈ ਪਰ ਚਾਰ ਪਹੀਆ ਵਾਹਨਾਂ 'ਚ ਚਾਲਕ ਤੋਂ ਇਲਾਵਾ ਸਿਰਫ ਦੋ ਯਾਤਰੀ ਹੀ ਸਵਾਰ ਹੋ ਸਕਦੇ ਹਨ। ਉੱਥੇ ਹੀ ਦੋ-ਪਹੀਆ ਵਾਹਨਾਂ 'ਚ ਚਾਲਕ ਤੋਂ ਇਲਾਵਾ ਕਿਸੇ ਨੂੰ ਪਿੱਛੇ ਬੈਠਣ ਦੀ ਮਨਜ਼ੂਰੀ ਨਹੀਂ ਹੈ।
ਆਦੇਸ਼ ਵਿਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਦਫਤਰ ਆਪਣੇ ਕੁੱਲ ਕਰਮਚਾਰੀਆਂ 'ਚੋਂ 33 ਫੀਸਦੀ ਕੰਮ ਕਰਨ ਲਈ ਦਫਤਰ ਖੋਲ੍ਹ ਸਕਦੇ ਹਨ ਬਾਕੀ ਸਾਰੇ ਘਰ ਤੋਂ ਕੰਮ ਕਰਨਗੇ। ਉੱਥੇ ਹੀ ਗ੍ਰੀਨ ਜ਼ੋਨ ਵਾਲੇ ਜ਼ਿਲਿਆਂ ਵਿਚ ਆਰੇਂਜ ਜ਼ੋਨ ਵਾਲੀਆਂ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ। ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ ਰਹਿਣਗੀਆਂ। ਸਕੂਲ-ਕਾਲਜ ਵੀ ਬੰਦ ਰਹਿਣਗੇ। ਗੈਰ-ਜ਼ਰੂਰੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਦੀ ਆਵਾਜਾਈ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਬੰਦ ਰਹੇਗੀ। ਦੱਸ ਦੇਈਏ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਪੀੜਤਾਂ ਦੀ ਗਿਣਤੀ 701 ਹੈ ਅਤੇ ਹੁਣ ਤਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਰਿਆਣਾ: IAS ਰਾਣੀ ਨਾਗਰ ਨੇ ਦਿੱਤਾ ਅਸਤੀਫਾ
NEXT STORY