ਭੁਵਨੇਸ਼ਵਰ— ਓਡੀਸ਼ਾ 'ਚ ਫਾਨੀ ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਤੂਫਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ 10 ਲੱਖ ਤੋਂ ਵਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾਇਆ ਜਾ ਚੁਕਿਆ ਹੈ। ਇਕ ਅਨੁਮਾਨ ਅਨੁਸਾਰ ਕਰੀਬ 10 ਹਜ਼ਾਰ ਪਿੰਡ ਅਤੇ 52 ਸ਼ਹਿਰ ਇਸ ਭਿਆਨਕ ਤੂਫਾਨ ਦੇ ਰਸਤੇ 'ਚ ਆਉਣਗੇ। 20 ਸਾਲ 'ਚ ਪਹਿਲੀ ਵਾਰ ਅਜਿਹਾ ਭਿਆਨਕ ਤੂਫਾਨ ਆਇਆ ਹੈ। ਐੱਨ.ਡੀ.ਆਰ.ਐੱਫ. ਦੀ 28, ਓਡੀਸ਼ਾ ਡਿਜਾਸਟਰ ਦੇ 525 ਲੋਕ ਰੈਸਕਿਊ ਆਪਰੇਸ਼ਨ ਲਈ ਤਿਆਰ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ 302 ਰੈਪਿਡ ਰਿਸਪਾਂਸ ਫੋਰਸ ਟੀਮ ਤਾਇਨਾਤ ਕੀਤੀ ਗਈ ਹੈ।
1999 'ਚ ਆਏ ਸੁਪਰ ਸਾਈਕਲੋਨ ਨੇ ਲਈ ਸੀ 10 ਹਜ਼ਾਰ ਲੋਕਾਂ ਦੀ ਜਾਨ
ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪੀ.ਐੱਮ. ਮੋਦੀ ਨੇ ਫਾਨੀ ਤੂਫਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇੰਡੀਅਨ ਮੈਟੋਲਾਜਿਕਲ ਡਿਪਾਰਟਮੈਂਟ (ਆਈ.ਐੱਮ.ਡੀ.) ਦੇ ਅਧਿਕਾਰੀ ਨੇ ਦੱਸਿਆ ਕਿ 1999 ਦੇ ਸੁਪਰ ਸਾਈਕਲੋਨ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ, ਜਦੋਂ ਰਾਜ ਇੰਨੇ ਭਿਆਨਕ ਤੂਫਾਨ ਦਾ ਸਾਹਮਣਾ ਕਰੇਗਾ। 1999 'ਚ ਆਏ ਸੁਪਰ ਸਾਈਕਲੋਨ 'ਚ 10 ਹਜ਼ਾਰ ਲੋਕਾਂ ਦੀ ਜਾਨ ਚੱਲੀ ਗਈ ਸੀ। ਉਸ ਤੂਫਾਨ ਦੀ ਰਫ਼ਤਾਰ 270-300 ਕਿਲੋਮੀਟਰ ਪ੍ਰਤੀ ਘੰਟੇ ਦੀ ਸੀ। ਉੱਥੇ ਹੀ ਫਾਨੀ ਤੂਫਾਨ ਕਰੀਬ 4-6 ਘੰਟੇ ਤੱਕ ਬੇਹੱਦ ਭਿਆਨ ਬਣਿਆ ਰਹੇਗਾ। ਇਸ ਤੋਂ ਬਾਅਦ ਹੌਲੀ-ਹੌਲੀ ਕਮਜ਼ੋਰ ਹੋਵੇਗਾ।
ਮੌਸਮ ਵਿਭਾਗ ਨੇ ਦਿੱਤੀ ਇਹ ਚਿਤਾਵਨੀ
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤੂਫਾਨ ਨਾਲ ਝੌਂਪੜੀਆਂ ਅਤੇ ਕੱਚੇ ਮਕਾਨ ਪੂਰੀ ਤਰ੍ਹਾਂ ਬਰਬਾਦ ਹੋ ਸਕਦੇ ਹਨ। ਸੜਕਾਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਬਿਜਲੀ ਦੇ ਖੰਭੇ ਡਿੱਗਣ ਅਤੇ ਤੂਫਾਨ ਕਾਰਨ ਉੱਡਣ ਵਾਲੀਆਂ ਵਸਤੂਆਂ ਨਾਲ ਵੀ ਖਤਰਾ ਰਹੇਗਾ। ਖੁਰਦਾ, ਕਟਕ, ਜਾਜਪੁਰ, ਭਦਰਕ ਅਤੇ ਬਾਲਾਸੋਰ ਜ਼ਿਲਿਆਂ ਤੋਂ ਹੁੰਦੇ ਹੋਏ ਤੂਫਾਨ ਉੱਤਰ-ਉੱਤਰ ਪੂਰਬ ਵੱਲ ਵਧੇਗਾ। ਇਸ ਤੋਂ ਬਾਅਦ ਪੱਛਮੀ ਬੰਗਾਲ ਅਤੇ ਫਿਰ ਬੰਗਲਾਦੇਸ਼ ਵੱਲ ਮੁੜ ਜਾਵੇਗਾ।
ਮੁੱਖ ਮੰਤਰੀ ਨਵੀਨ ਪਟਨਾਇਕ ਦੀ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ
ਰਾਜ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ 'ਚ ਰਹਿਣ ਅਤੇ ਤੂਫਾਨ ਲੰਘਣ ਤੱਕ ਬਾਹਰ ਨਾ ਨਿਕਲਣ। ਸਾਰੀਆਂ ਸਿੱਖਿਆ ਸੰਸਥਾਵਾਂ, ਵਪਾਰਕ ਕਾਰੋਬਾਰ, ਦੁਕਾਨਾਂ ਅਤੇ ਦਫ਼ਤਰ ਸ਼ੁੱਕਰਵਾਰ ਸਵੇਰੇ ਬੰਦ ਰਹਿਣਗੇ। ਗੱਡੀਆਂ ਦੀ ਆਵਾਜਾਈ 'ਤੇ ਵੀ ਰੋਕ ਲੱਗਾ ਦਿੱਤੀ ਗਈ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਕਿਹਾ,''ਰਾਜ ਸਰਕਾਰ ਤੂਫਾਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਰੇਕ ਜੀਵਨ ਸਾਡੇ ਲਈ ਅਨਮੋਲ ਹੈ।'' ਤੂਫਾਨ ਨਾਲ ਜਾਨੀ ਨੁਕਸਾਨ ਘੱਟ ਤੋਂ ਘੱਟ ਹੋਵੇ, ਇਸ ਲਈ ਪ੍ਰਸ਼ਾਸਨ ਜੁਟਿਆ ਹੋਇਆ ਹੈ। ਮੁੱਖ ਮੰਤਰੀ ਪਟਨਾਇਕ ਨੇ ਜ਼ਿਲਾ ਕਲੈਕਟਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ ਅਤੇ ਰਾਜ ਦੀਆਂ ਤਿਆਰੀਆਂ ਦੀ ਜਾਣਕਾਰੀ ਲਈ। ਮੁੱਖ ਮੰਤਰੀ ਨੇ ਟੈਲੀਕਾਮ ਆਪਰੇਟਰਜ਼ ਸੀਨੀਅਰ ਅਧਿਕਾਰੀਆਂ ਤੋਂ ਆਫ਼ਤ ਤੋਂ ਬਾਅਦ ਟੈਲੀਕਮਿਊਨੀਕੇਸ਼ਨ ਲਾਈਨਾਂ ਦੀ ਤੁਰੰਤ ਬਹਾਲੀ ਯਕੀਨੀ ਕਰਨ ਲਈ ਵੀ ਕਿਹਾ ਹੈ।
ਓਡਿਸ਼ਾ 'ਚ ਅੱਜ ਤਬਾਹੀ ਮਚਾ ਸਕਦੈ ਤੂਫਾਨ ਫਾਨੀ (ਪੜ੍ਹੋ 3 ਮਈ ਦੀਆਂ ਖਾਸ ਖਬਰਾਂ)
NEXT STORY