ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 40 ਦਿਨਾਂ ਤੋਂ ਕਿਸਾਨ ਡਟੇ ਹੋਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਨਹੀਂ ਮੰਨੇਗੀ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਲਈ ਕਿਸਾਨ ਜਥੇਬੰਦੀਆਂ ਵਲੋਂ ਅੱਗੇ ਦੀ ਰਣਨੀਤੀ ਵੀ ਤੈਅ ਕਰ ਲਈ ਗਈ ਹੈ। 6 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ‘ਟਰੈਕਟਰ ਪਰੇਡ’ ਕੱਢੀ ਜਾਵੇਗੀ।
ਇਸ ਦਰਮਿਆਨ ਅੱਜ ਯਾਨੀ ਕਿ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਅੰਦੋਲਨ ਦੇ ਮਸਲੇ ’ਤੇ ਟਵੀਟ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ ਕਿ ਠੰਡ ਅਤੇ ਮੀਂਹ ਦਰਮਿਆਨ ਸੜਕਾਂ ’ਤੇ ਡਟੇ ਸਾਡੇ ਕਿਸਾਨਾਂ ਦੇ ਹੌਂਸਲੇ ਨੂੰ ਸਲਾਮ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਅੱਜ ਦੀ ਬੈਠਕ ਵਿਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਦੇ ਹੋਏ ਤਿੰਨੋਂ ਕਾਲੇ ਕਾਨੂੰਨ ਵਾਪਸ ਲਏ ਜਾਣ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਅੱਜ ਯਾਨੀ ਕਿ 4 ਜਨਵਰੀ ਨੂੰ 7ਵੇਂ ਦੌਰ ਦੀ ਬੈਠਕ ਹੋ ਰਹੀ ਹੈ। ਅੱਜ ਦੋ ਅਹਿਮ ਮੁੱਦਿਆਂ ’ਤੇ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂ ਚਰਚਾ ਕਰਨਗੇ। ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਅਤੇ ਐੱਮ. ਐੱਸ. ਪੀ. ’ਤੇ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਚਰਚਾ ਹੋਵੇਗੀ। ਉਮੀਦ ਤਾਂ ਇਹ ਹੀ ਕੀਤੀ ਜਾ ਰਹੀ ਹੈ ਕਿ ਅੱਜ ਦੀ ਬੈਠਕ ’ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਸਾਰੀਆਂ ਦੀਆਂ ਨਜ਼ਰਾਂ ਅੱਜ ਦੀ ਬੈਠਕ ’ਤੇ ਟਿਕੀਆਂ ਹਨ। ਪਿਛਲੀ ਬੈਠਕ 30 ਦਸੰਬਰ 2020 ਨੂੰ ਹੋਈ ਸੀ, ਜਿਸ ’ਚ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਕਾਨੂੰਨ ’ਤੇ ਸਹਿਮਤੀ ਬਣੀ ਸੀ।
ਕਿਸਾਨਾਂ 'ਤੇ ਗੋਲ਼ੀਬਾਰੀ ਨੂੰ ਲੈ ਕੇ 'ਆਪ' ਨੇਤਾ ਨੇ CM ਮਨੋਹਰ ਖੱਟੜ ਨੂੰ ਕਿਹਾ ਜਨਰਲ ਡਾਇਰ
NEXT STORY