ਨਵੀਂ ਦਿੱਲੀ— ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਖੇਤੀ ਸਬੰਧੀ ਕਾਨੂੰਨਾਂ 'ਚ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਖੁੱਲ੍ਹੇ ਮਨ ਨਾਲ ਗੱਲ ਵੀ ਕਰ ਰਹੀ ਹੈ ਪਰ ਕਈ ਕਿਸਾਨ ਜਥੇਬੰਦੀਆਂ 'ਚ ਇਕ ਰਾਏ ਕਾਇਮ ਨਾ ਹੋਣ ਕਾਰਨ ਹੱਲ ਨਹੀਂ ਨਿਕਲ ਰਿਹਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ 6 ਦੌਰ 'ਚ ਕਈ ਘੰਟਿਆਂ ਤੱਕ ਗੱਲਬਾਤ ਮਗਰੋਂ ਸਰਕਾਰ ਨੇ ਲੜੀਵਾਰ ਇਤਰਾਜ਼ਾਂ ਨੂੰ ਦਰਜ ਕੀਤਾ ਹੈ ਪਰ ਕਿਸਾਨ ਆਪਣੇ ਸਟੈਂਡ 'ਤੇ ਕਾਇਮ ਹਨ। ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਹਨ।
ਇਹ ਵੀ ਪੜ੍ਹੋ: ਜੇਲ੍ਹਾਂ 'ਚ ਬੰਦ ਲੋਕਾਂ ਦੇ ਪੋਸਟਰ ਲਹਿਰਾਉਣ ਦਾ ਮੁੱਦਾ ਭਖਿਆ, ਖੇਤੀਬਾੜੀ ਮੰਤਰੀ ਨੇ ਜਤਾਇਆ ਇਤਰਾਜ਼
ਤੋਮਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਇਸ ਲਈ ਕਾਨੂੰਨ ਵਿਚ ਸੋਧ ਕਰ ਕੇ ਕਿਸਾਨਾਂ ਦੇ ਪੈਰਾਂ 'ਚ ਪਈਆਂ ਮੰਡੀਆਂ ਦੀਆਂ ਬੇੜੀਆਂ ਨੂੰ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਖੇਤੀ ਸਬੰਧੀ ਤਿੰਨ ਕਾਨੂੰਨਾਂ 'ਤੇ ਇਤਰਾਜ਼ ਹੈ ਤਾਂ ਸਰਕਾਰ ਵੀ ਉਨ੍ਹਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੇ ਇਤਰਾਜ਼ਾਂ ਦੇ ਹੱਲ ਲਈ ਖੁੱਲ੍ਹੇ ਮਨ ਨਾਲ ਤਿਆਰ ਹੈ। ਮੰਡੀਆਂ ਦੀ ਵਿਵਸਥਾ ਨੂੰ ਮਜ਼ਬੂਤ ਕਰਨ, ਵਿਵਾਦ ਦੇ ਹੱਲ ਲਈ ਉੱਪ ਜ਼ਿਲ੍ਹਾ ਅਧਿਕਾਰੀ ਦੀ ਬਜਾਏ ਅਦਾਲਤ 'ਚ ਜਾਣ, ਕਾਰੋਬਾਰੀਆਂ ਦੀ ਰਜਿਸਟ੍ਰੇਸ਼ਨ, ਬਿਜਲੀ ਬਿੱਲ ਆਦਿ ਦੀਆਂ ਮੰਗਾਂ 'ਤੇ ਸਰਕਾਰ ਕਿਸਾਨਾਂ ਦੀ ਮਰਜ਼ੀ ਮੁਤਾਬਕ ਗੱਲ ਕਰਨ ਨੂੰ ਤਿਆਰ ਹੈ। ਇਸ ਬਾਰੇ ਕਿਸਾਨਾਂ ਨੂੰ ਲਿਖਤੀ ਤਜਵੀਜ਼ਾਂ ਵੀ ਭੇਜੀਆਂ ਗਈਆਂ। ਹੁਣ ਸਰਕਾਰ ਨੂੰ ਕਿਸਾਨਾਂ ਦੇ ਜਵਾਬ ਦੀ ਉਡੀਕ ਹੈ।
ਇਹ ਵੀ ਪੜ੍ਹੋ: ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ 'ਤੇ ਬੋਲੇ ਰਿਕੇਸ਼ ਟਿਕੈਤ, ਕਿਹਾ- 'ਜੇਕਰ ਕੋਈ ਸ਼ੱਕੀ ਹੈ ਤਾਂ ਭੇਜੋ ਸਲਾਖਾਂ ਪਿੱਛੇ'
ਖੇਤੀਬਾੜੀ ਮੰਤਰੀ ਤੋਮਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਿਸਾਨਾਂ ਦੀਆਂ ਕਈ ਜਥੇਬੰਦੀਆਂ ਅੰਦੋਲਨ ਵਿਚ ਸ਼ਾਮਲ ਹਨ। ਉਨ੍ਹਾਂ ਵਿਚ ਇਕ ਰਾਏ ਨਹੀਂ ਬਣ ਪਾ ਰਹੀ ਹੈ, ਇਸ ਲਈ ਰਾਹ ਤੈਅ ਨਹੀਂ ਹੋ ਪਾ ਰਿਹਾ ਹੈ। ਉਨ੍ਹਾਂ ਨੇ ਇਕ ਅਖ਼ਬਾਰ ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੀਡੀਆ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੰਦੋਲਨ ਵਿਚ ਕੁਝ ਗਲਤ ਤੱਤ ਪ੍ਰਵੇਸ਼ ਕਰ ਗਏ ਹਨ। ਕਿਸਾਨਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਜੇਕਰ ਅਜਿਹੇ ਤੱਤ ਕੁਝ ਗਲਤ ਕਰਨ 'ਚ ਸਫ਼ਲ ਹੋ ਗਏ ਤਾਂ ਅੰਦੋਲਨ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਅੰਦੋਲਨ ਸ਼ਾਂਤੀਪੂਰਨ ਢੰਗ ਨਾਲ ਅਨੁਸ਼ਾਸਨ ਨਾਲ ਚੱਲ ਰਿਹਾ ਹੈ, ਜਿਸ ਲਈ ਉਹ ਕਿਸਾਨਾਂ ਦੇ ਧੰਨਵਾਦੀ ਹਨ।
ਨੋਟ: ਖੇਤੀਬਾੜੀ ਮੰਤਰੀ ਦੇ ਇਸ ਬਿਆਨ 'ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨੋਟ: ਖੇਤੀਬਾੜੀ ਮੰਤਰੀ ਦੇ ਇਸ ਬਿਆਨ 'ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਉੱਤਰ ਪ੍ਰਦੇਸ਼ 'ਚ ਟੋਲ ਪਲਾਜ਼ਾ 'ਤੇ ਪ੍ਰਦਰਸ਼ਨ, ਹਿਰਾਸਤ 'ਚ ਲਏ ਗਏ ਦਰਜਨਾਂ ਕਿਸਾਨ
NEXT STORY