ਨਵੀਂ ਦਿੱਲੀ - ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੇ ਮੰਗਲਵਾਰ ਨੂੰ ਵਿਗਿਆਨ ਭਵਨ 'ਚ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਦੇ ਨਾਲ ਕਰੀਬ ਚਾਰ ਘੰਟੇ ਚਰਚਾ ਕੀਤੀ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਨਾਲ ਹੋਈ ਬੈਠਕ 'ਚ 35 ਮੈਂਬਰ ਸ਼ਾਮਲ ਹੋਏ ਸਨ। ਫਿਲਹਾਲ ਇਸ ਬੈਠਕ 'ਚ ਕੋਈ ਵੀ ਨਤੀਜਾ ਨਹੀਂ ਨਿਕਲ ਸਕਿਆ ਹੈ। ਤਿੰਨ ਦਸੰਬਰ ਨੂੰ ਇੱਕ ਵਾਰ ਫਿਰ ਕਿਸਾਨ ਸੰਗਠਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਹੋਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਬੈਠਕ 'ਚ ਸਰਕਾਰ ਪੂਰੀ ਤਿਆਰੀ ਦੇ ਨਾਲ ਨਹੀਂ ਆਈ ਸੀ। ਇਸ ਲਈ ਕੋਈ ਫ਼ੈਸਲਾ ਨਹੀਂ ਹੋਇਆ ਹੈ। ਅਸੀਂ ਸਰਕਾਰ ਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਕੇਂਦਰ ਸਰਕਾਰ ਤੈਅ ਨਹੀਂ ਕਰੇਗੀ ਕਿ ਕਿਹੜਾ ਵਿਅਕਤੀ ਕਿਸਾਨਾਂ ਵੱਲੋਂ ਸ਼ਾਮਲ ਹੋਵੇਗਾ ਅਤੇ ਕੌਣ ਨਹੀਂ। ਇਹ ਅਸੀਂ ਤੈਅ ਕਰਾਂਗੇ ਕਿ ਸਾਡੇ ਵੱਲੋਂ ਬੈਠਕ 'ਚ ਕੌਣ ਸ਼ਾਮਲ ਹੋਵੇਗਾ।
ਅੱਜ ਹੋਈ ਇਸ ਬੈਠਕ 'ਚ ਸ਼ਾਮਲ ਹੋਏ ਕਿਸਾਨ ਨੇਤਾ ਹਰਪਾਲ ਸਿੰਘ ਨੇ ਕਿਹਾ, ਸਰਕਾਰ ਇਸ ਬੈਠਕ 'ਚ ਪੂਰੀ ਤਿਆਰੀ ਨਾਲ ਨਹੀਂ ਆਈ ਸੀ। ਬੈਠਕ ਸ਼ੁਰੂ ਹੁੰਦੇ ਹੀ ਸਰਕਾਰੀ ਅਧਿਕਾਰੀ ਸਾਨੂੰ ਖੇਤੀਬਾੜੀ ਬਿੱਲਾਂ ਦੇ ਫਾਇਦੇ ਦੱਸਣ ਲੱਗ ਗਏ। ਉਹ ਸਾਨੂੰ ਦੱਸ ਰਹੇ ਸਨ ਕਿ ਇਸ ਕਾਨੂੰਨ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਅਸੀਂ ਸਰਕਾਰ ਨੂੰ ਦੋ ਟੁਕ ਕਹਿ ਦਿੱਤਾ ਕਿ ਕਿਸੇ ਵੀ ਕੀਮਤ 'ਤੇ ਅਸੀਂ ਇਸ ਨਵੇਂ ਕਾਨੂੰਨ ਨੂੰ ਸਵੀਕਾਰ ਨਹੀਂ ਕਰਾਂਗੇ। ਹਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ।
ਦਿੱਲੀ ਕੂਚ ਦੀ ਵੱਡੀ ਤਿਆਰੀ, ਅੱਜ ਪੰਜਾਬ ਅਤੇ ਹਰਿਆਣਾ ਤੋਂ ਰਵਾਨਾ ਹੋਣਗੇ ਟਰੈਕਟਰ
NEXT STORY