ਜੰਮੂ- ਅਮਰਨਾਥ ਯਾਤਰਾ ਲਈ 8700 ਤੋਂ ਵੱਧ ਤੀਰਥ ਯਾਤਰੀਆਂ ਦਾ 5ਵਾਂ ਜਥਾ ਐਤਵਾਰ ਨੂੰ ਆਧਾਰ ਕੈਂਪ ਤੋਂ ਦੱਖਣੀ ਕਸ਼ਮੀਰ ਹਿਮਾਲਿਆ ’ਚ ਸਥਿਤ ਅਮਰਨਾਥ ਤੀਰਥ ਅਸਥਾਨ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਤੀਰਥ ਯਾਤਰੀ 326 ਵਾਹਨਾਂ ਦੇ ਕਾਫ਼ਿਲੇ ’ਚ ਇੱਥੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ। ਉਨ੍ਹਾਂ ਨੇ ਕਿਹਾ ਕਿ ਬਾਲਟਾਲ ਜਾਣ ਵਾਲੇ 2,618 ਤੀਰਥ ਯਾਤਰੀ ਸਭ ਤੋਂ ਪਹਿਲਾਂ ਭਗਵਤੀ ਨਗਰ ਕੈਂਪ ਤੋਂ 121 ਵਾਹਨਾਂ ’ਚ ਸਵਾਰ ਹੋ ਕੇ ਤੜਕੇ ਸਾਢੇ 3 ਵਜੇ ਰਵਾਨਾ ਹੋਏ, ਜਿਸ ਤੋਂ ਬਾਅਦ 205 ਵਾਹਨਾਂ ਤੋਂ 6,155 ਤੀਰਥ ਯਾਤਰੀਆਂ ਦਾ ਦੂਜਾ ਕਾਫ਼ਿਲਾ ਪਹਿਲਗਾਮ ਲਈ ਰਵਾਨਾ ਹੋਇਆ।
ਦੱਸ ਦੇਈਏ ਕਿ ਸਾਲਾਨਾ 43 ਦਿਨਾਂ ਅਮਰਨਾਥ ਯਾਤਰਾ 30 ਜੂਨ ਨੂੰ ਦੋਹਾਂ ਆਧਾਰ ਕੈਂਪਾਂ- ਦੱਖਣੀ ਕਸ਼ਮੀਰ ਦੇ ਅਨੰਤਨਾਗ ’ਚ 48 ਕਿਲੋਮੀਟਰ ਦੇ ਨੁਨਵਾਨ-ਪਹਿਲਗਾਮ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ’ਚ 14 ਕਿਲੋਮੀਟਰ ਦੇ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ 39,000 ਤੋਂ ਵੱਧ ਤੀਰਥ ਯਾਤਰੀਆਂ ਨੇ ਗੁਫ਼ਾ ’ਚ ਕੁਦਰਤੀ ਰੂਪ ਨਾਲ ਬਣੇ ਬਰਫ਼ ਦੇ ਸ਼ਿਵਲਿੰਗ ਦੀ ਪੂਜਾ ਕੀਤੀ।
ਅਧਿਕਾਰੀਆਂ ਮੁਤਾਬਕ ਪਹਿਲਗਾਮ ਲਈ ਰਵਾਨਾ ਹੋਏ 6,155 ਤੀਰਥ ਯਾਤਰੀਆਂ ’ਚ 1,924 ਔਰਤਾਂ, 12 ਬੱਚੇ ਅਤੇ ਦੋ ਟਰਾਂਸਜੈਂਡਰ ਹਨ, ਜਦਕਿ ਬਾਲਟਾਲ ਜਾਣ ਵਾਲੇ ਸਮੂਹ ’ਚ 709 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ 29 ਜੂਨ ਤੋਂ ਘਾਟੀ ਲਈ ਭਗਵਤੀ ਨਗਰ ਆਧਾਰ ਕੈਂਪ ਤੋਂ ਕੁੱਲ 31,987 ਤੀਰਥ ਯਾਤਰੀ ਰਵਾਨਾ ਹੋਏ ਹਨ। ਇਸ ਦਿਨ ਉੱਪ ਰਾਜਪਾਲ ਮਨੋਜ ਸਿਨਹਾ ਨੇ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਵਿਖਾਈ ਸੀ। ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।
ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਸਪੀਕਰ ਬਣੇ ਭਾਜਪਾ ਵਿਧਾਇਕ ਰਾਹੁਲ ਨਾਰਵੇਕਰ
NEXT STORY