ਸ਼ਿਮਲਾ, (ਰਾਜੇਸ਼)— ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਵੀ ਬਰਫਬਾਰੀ ਦਾ ਦੌਰ ਜਾਰੀ ਰਿਹਾ। ਬਰਫਬਾਰੀ ਨਾਲ ਸੂਬੇ ਵਿਚ ਸਰਦੀ ਦਾ ਪ੍ਰਕੋਪ ਵਧ ਗਿਆ। ਸੂਬੇ ਦੇ ਲਾਹੌਲ ਸਪਿਤੀ, ਕਿੰਨੌਰ, ਕੁੱਲੂ ਅਤੇ ਚੰਬਾ ਜ਼ਿਲਿਆਂ ਦੇ ਉਪਰਲੇ ਇਲਾਕਿਆਂ ਵਿਚ ਪਿਛਲੇ 2 ਦਿਨਾਂ ਤੋਂ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ। ਜ਼ਿਲਾ ਸ਼ਿਮਲਾ ਵਿਚਲੀਆਂ ਚਾਂਸ਼ਲ ਦੀਆਂ ਪਹਾੜੀਆਂ 'ਤੇ ਵੀ ਤਾਜ਼ਾ ਬਰਫਬਾਰੀ ਹੋਈ ਹੈ। ਸ਼ਿਮਲਾ ਸ਼ਹਿਰ ਸਣੇ ਜ਼ਿਆਦਾਤਰ ਇਲਾਕਿਆਂ ਵਿਚ ਹਲਕੀ ਵਰਖਾ ਵੀ ਹੋਈ ਹੈ।
ਮੌਸਮ ਵਿਭਾਗ ਅਨੁਸਾਰ ਕਬਾਇਲੀ ਖੇਤਰ ਗੋਂਦਲਾ ਵਿਚ 15 ਅਤੇ ਕੇਲਾਂਗ ਵਿਚ 2 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ। ਬਰਫਬਾਰੀ ਕਾਰਨ ਰੋਹਤਾਂਗ ਦੱਰਾ ਆਵਾਜਾਈ ਲਈ ਬੰਦ ਹੋ ਗਿਆ ਹੈ। ਕੇਲਾਂਗ ਵਿਚ ਸਭ ਤੋਂ ਵੱਧ ਠੰਢ ਰਹੀ। ਉਥੇ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਲਪਾ ਵਿਚ 3.3, ਮਨਾਲੀ ਵਿਚ 3.6, ਡਲਹੌਜ਼ੀ ਵਿਚ 4.6, ਕੁਫਰੀ 'ਚ 5.8, ਧਰਮਸ਼ਾਲਾ 'ਚ 8, ਸ਼ਿਮਲਾ ਵਿਚ 10.4, ਸੋਲਨ 'ਚ 10.5, ਭੂੰਤਰ 'ਚ 10.8, ਪਾਲਮਪੁਰ 'ਚ 11, ਚੰਬਾ 'ਚ 11.6, ਸੁੰਦਰਨਗਰ ਵਿਚ 11.9, ਕਾਂਗੜਾ ਤੇ ਹਮੀਰਪੁਰ ਵਿਚ 13.2, ਮੰਡੀ ਵਿਚ 13.4, ਬਿਲਾਸਪੁਰ 'ਚ 13.5 ਅਤੇ ਊਨਾ 'ਚ 13.9 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
25 ਤੇ 26 ਨੂੰ ਫਿਰ ਬਰਫਬਾਰੀ ਦਾ ਅਨੁਮਾਨ
ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਨੇ ਭਵਿੱਖਵਾਣੀ ਕੀਤੀ ਹੈ ਕਿ ਰਾਜ 'ਚ 25 ਤੇ 26 ਨਵੰਬਰ ਨੂੰ ਵਰਖਾ ਤੇ ਬਰਫਬਾਰੀ ਦੀ ਸੰਭਾਵਨਾ ਹੈ।
ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਮੌਸਮ ਵਿਚ ਤਬਦੀਲੀ ਆਈ ਹੈ ਪਰ ਅਗਲੇ 24 ਘੰਟਿਆਂ ਦੌਰਾਨ ਮੌਸਮ ਦੇ ਸਾਫ ਰਹਿਣ ਦਾ ਅੰਦਾਜ਼ਾ ਹੈ।
ਸੈਲਾਨੀਆਂ ਦੀ ਆਮਦ ਵਧੀ
ਸ਼ਿਮਲਾ ਸਮੇਤ ਆਲੇ-ਦੁਆਲੇ ਦੇ ਸੈਲਾਨੀ ਸਥਾਨਾਂ ਵਿਚ ਸੈਲਾਨੀਆਂ ਦੀ ਆਮਦ ਲਗਾਤਾਰ ਵਧ ਰਹੀ ਹੈ। ਸ਼ਨੀਵਾਰ ਨੂੰ ਸ਼ਿਮਲਾ ਸਮੇਤ ਆਲੇ-ਦੁਆਲੇ ਦੀਆਂ ਥਾਵਾਂ 'ਤੇ ਸੈਲਾਨੀਆਂ ਦੀ ਕਾਫੀ ਜ਼ਿਆਦਾ ਆਵਾਜਾਈ ਦੇਖਣ ਨੂੰ ਮਿਲੀ। ਇਥੋਂ ਦੀਆਂ ਠੰਡ ਨਾਲ ਭਰੀਆਂ ਫਿਜ਼ਾਵਾਂ ਵਿਚਕਾਰ ਸੈਲਾਨੀਆਂ ਨੇ ਘੁੰਮਣ ਦਾ ਭਰਪੂਰ ਲੁਤਫ ਲਿਆ। ਸ਼ਿਮਲਾ ਦੇ ਰਿਜ ਮੈਦਾਨ ਸਮੇਤ ਮਾਲ ਰੋਡ ਤੋਂ ਇਲਾਵਾ ਕੁਫਰੀ ਵਿਚ ਵੀ ਸੈਲਾਨੀਆਂ ਨੇ ਘੁੰਮਣ ਦਾ ਮਜ਼ਾ ਲਿਆ।
ਝਾਰਖੰਡ : ਭਾਜਪਾ ਨੇਤਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ
NEXT STORY