ਨਵੀਂ ਦਿੱਲੀ, (ਭਾਸ਼ਾ)– ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ’ਚ ਛੇਤੀ ਹੀ ਗਿਰਾਵਟ ਆ ਸਕਦੀ ਹੈ। ਸਰਕਾਰ ਨੇ ਕਣਕ ਦੀਆਂ ਕੀਮਤਾਂ ਨੂੰ ਕਾਬੂ ’ਚ ਕਰਨ ਲਈ ਵੱਡਾ ਫੈਸਲਾ ਕੀਤਾ ਹੈ। ਕਣਕ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਕੇਂਦਰ ਸਰਕਾਰ ਨੇ ਕਣਕ ਦੀ ਸਟਾਕ ਲਿਮਟ ਦੀ ਸਮੀਖਿਆ ਕਰਦੇ ਹੋਏ ਉਸ ਨੂੰ ਘਟਾ ਦਿੱਤਾ ਹੈ ਭਾਵ ਹੁਣ ਟ੍ਰੇਡਰਜ਼ ਅਤੇ ਮਿਲਰਜ਼ ਪਹਿਲਾਂ ਦੇ ਮੁਕਾਬਲੇ ਕਣਕ ਦਾ ਘੱਟ ਸਟਾਕ ਰੱਖ ਸਕਨਗੇ।
ਸਰਕਾਰ ਨੇ ਇਹ ਕਦਮ ਸਿਸਟਮ ’ਚ ਕਣਕ ਦੀ ਸਪਲਾਈ ਵਧਾਉਣ ਅਤੇ ਜਮ੍ਹਾਖੋਰੀ ਦੀਆਂ ਸੰਭਾਵਨਾਵਾਂ ਨੂੰ ਖਤਮ ਕਰਨ ਲਈ ਚੁੱਕਿਆ ਹੈ। ਕਣਕ ਦੇ ਭਾਅ ’ਚ ਵਾਧੇ ਦੇ ਰੁਖ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਖੁਰਾਕ ਮੰਤਰਾਲਾ ਨੇ ਬੁੱਧਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੁਰਾਕ ਸੁਰੱਖਿਆ ਨੂੰ ਬਣਾਏ ਰੱਖਣ, ਜਮ੍ਹਾਖੋਰੀ ਅਤੇ ਅਟਕਲਾਂ ਨਾਲ ਕੀਮਤਾਂ ’ਤੇ ਅਸਰ ਨੂੰ ਖਤਮ ਕਰਨ ਲਈ ਸਰਕਾਰ ਨੇ ਸਟਾਕ ਲਿਮਟ ਲਗਾਈ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਾਰੋਬਾਰੀਆਂ, ਥੋਕ ਕਾਰੋਬਾਰੀਆਂ, ਰਿਟੇਲਰਾਂ, ਬਿਗ ਚੇਨ ਰਿਟੇਲਰਜ਼, ਖੁਰਾਕ ਉਤਪਾਦਾਂ ਨੂੰ ਪ੍ਰੋਸੈੱਸ ਕਰਨ ਵਾਲਿਆਂ ’ਤੇ ਲਾਗੂ ਹੈ।
ਕਿੰਨਾ ਹੋਇਆ ਲਿਮਟ ’ਚ ਬਦਲਾਅ
ਮੰਤਰਾਲਾ ਨੇ ਕਿਹਾ ਕਿ ਕਣਕ ਦੇ ਭਾਅ ’ਚ ਕਮੀ ਲਿਆਉਣ ਲਈ ਕੇਂਦਰ ਸਰਕਾਰ ਨੇ ਸਟਾਕ ਲਿਮਟ ’ਚ ਕਮੀ ਕੀਤੀ ਹੈ, ਜੋ 31 ਮਾਰਚ 2025 ਤੱਕ ਲਾਗੂ ਹੋਵੇਗੀ। ਕੀਤੇ ਗਏ ਬਦਲਾਵਾਂ ਅਨੁਸਾਰ ਟ੍ਰੇਡਰਜ਼ ਲਈ ਸਟਾਕ ਲਿਮਟ 2000 ਤੋਂ ਘਟਾ ਕੇ 1000 ਮੀਟ੍ਰਿਕ ਟਨ (ਐੱਮ. ਟੀ.) ਕੀਤੀ ਗਈ ਹੈ।
ਰਿਟੇਲਰ ਲਈ ਹਰ ਰਿਟੇਲ ਆਊਟਲੈੱਟ ਦੇ ਆਧਾਰ ’ਤੇ ਲਿਮਟ ਨੂੰ 10 ਐੱਮ. ਟੀ. ਤੋਂ ਘਟਾ ਕੇ 5 ਐੱਮ. ਟੀ ਕਰ ਦਿੱਤਾ ਗਿਆ ਹੈ। ਬਿਗ ਚੇਨ ਰਿਟੇਲਰ ਲਈ ਲਿਮਟ ਨੂੰ ਹਰ ਆਊਟਲੈੱਟ ਦੇ ਆਧਾਰ ’ਤੇ 10 ਐੱਮ. ਟੀ. ਤੋਂ ਘਟਾ ਕੇ 5 ਐੱਮ. ਟੀ. (ਨਵੀਂ ਹੱਦ 5 ਗੁਣਾ ਆਊਟਲੈੱਟ ਦੀ ਗਿਣਤੀ ਦੇ ਬਰਾਬਰ) ਕਰ ਦਿੱਤਾ ਗਿਆ ਹੈ।
ਪ੍ਰੋਸੈੱਸ ਕਰਨ ਵਾਲਿਆਂ ਲਈ ਨਵੀਂ ਹੱਦ ਮਹੀਨਾਵਾਰ ਸਥਾਪਿਤ ਸਮਰੱਥਾ ਦੇ 60 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰ ਦਿੱਤੀ ਗਈ ਹੈ। ਕੁੱਲ ਲਿਮਟ ਅਪ੍ਰੈਲ ਤੱਕ ਦੇ ਬਚੇ ਮਹੀਨੇ ਦੇ ਆਧਾਰ ’ਤੇ ਤੈਅ ਹੋਵੇਗੀ।
ਕੀ ਹੋਵੇਗਾ ਅਸਰ
ਸਰਕਾਰ ਦੇ ਫੈਸਲੇ ਤੋਂ ਬਾਅਦ ਸਿਸਟਮ ’ਚ ਕਣਕ ਦੀ ਸਪਲਾਈ ਵਧੇਗੀ ਅਤੇ ਇਸ ਨਾਲ ਕੀਮਤਾਂ ਦੇ ਕਾਬੂ ’ਚ ਰਹਿਣ ਦੀ ਉਮੀਦ ਹੈ। ਫਿਲਹਾਲ ਕਣਕ ਦੀ ਬਿਜਾਈ ਚੱਲ ਰਹੀ ਹੈ ਅਤੇ ਨਵੀਂ ਫਸਲ ਮਾਰਚ ’ਚ ਆਉਣ ਲੱਗਦੀ ਹੈ।
ਇਹ ਲਿਮਟ ਵੀ ਮਾਰਚ ਤੱਕ ਲਈ ਹੈ। ਹਾਲਾਂਕਿ ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਦੇਸ਼ ’ਚ ਕਣਕ ਦੀ ਕੋਈ ਕਮੀ ਨਹੀਂ ਹੈ।
ਇਹ ਵੀ ਜਾਣੋ
ਸਰਕਾਰ ਨੇ ਸਭ ਤੋਂ ਪਹਿਲਾਂ 24 ਜੂਨ ਨੂੰ ਸਟਾਕ ਲਿਮਟ ਦਾ ਨਿਯਮ ਲਗਾਇਆ ਸੀ, ਇਸ ਤੋਂ ਬਾਅਦ 9 ਸਤੰਬਰ ਨੂੰ ਇਸ ’ਚ ਬਦਲਾਅ ਕੀਤਾ ਗਿਆ।
ਖੁਰਾਕ ਮੰਤਰਾਲਾ ਨੇ ਕਿਹਾ ਕਿ ਸਟਾਕ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਸਟਾਕ ਲਿਮਟ ਪੋਰਟਲ ’ਤੇ ਹਰ ਸ਼ੁੱਕਰਵਾਰ ਨੂੰ ਸਟਾਕ ਬਾਰੇ ਦੱਸਣਾ ਪਵੇਗਾ।
ਜੇ ਕੋਈ ਕੰਪਨੀ (ਹੋਲਸੇਲਰ, ਬਿਗ ਚੇਨ ਰਿਟੇਲਰਜ਼, ਸਮਾਲ ਚੇਨ ਰਿਟੇਲਰਜ਼, ਪ੍ਰੋਸੈੱਸਰਜ਼) ਦੱਸੀ ਗਈ ਲਿਮਟ ਤੋਂ ਵੱਧ ਕਣਕ ਜਮ੍ਹਾ ਕਰਦੀ ਹੈ ਤਾਂ ਉਸ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ ਨਵੀਂ ਸਟਾਕ ਲਿਮਟ ਨੂੰ ਮੇਨਟੇਨ ਕਰਨਾ ਪਵੇਗਾ।
ਜੇ ਕੋਈ ਕੰਪਨੀ ਪੋਰਟਲ ’ਤੇ ਰਜਿਸਟ੍ਰੇਸ਼ਨ ਨਹੀਂ ਕਰਦੀ ਹੈ ਜਾਂ ਸਟਾਕ ਲਿਮਟ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਛੋਲੇ ਕੁਲਚੇ ਵੇਚ ਕੇ ਬਣਿਆ ਕਰੋੜਪਤੀ! ਹੁਣ ਸਾਹ ਲੈਣ ਦਾ ਵੀ ਨਹੀਂ ਹੈ ਸਮਾਂ
NEXT STORY