ਸ਼ਿਮਲਾ (ਪੰਕਜ ਰਾਕਟਾ) : ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਬਰਸੀ ’ਤੇ ਰਾਹਤ ਮੁਹਿੰਮ ਤਹਿਤ ਲਾਏ ਗਏ ਹੋਰਡਿੰਗਜ਼ ’ਤੇ ਹੰਗਾਮਾ ਮਚ ਗਿਆ ਹੈ। ਹੋਰਡਿੰਗਜ਼ ਵਿਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਫੋਟੋ ਨਹੀਂ ਲਾਈ ਗਈ। ਇਸ ਗੱਲ ਤੋਂ ਵੀਰਭੱਦਰ ਦੇ ਸਮਰਥਕ ਭੜਕ ਪਏ ਅਤੇ ਉਨ੍ਹਾਂ ਸ਼ੁੱਕਰਵਾਰ ਰਾਤ ਸ਼ਿਮਲਾ ਸਥਿਤ ਸੂਬਾ ਹੈੱਡਕੁਆਰਟਰ ਰਾਜੀਵ ਭਵਨ ਦੀ ਛੱਤ ’ਤੇ ਚੜ੍ਹ ਕੇ ਸਾਬਕਾ ਮੰਤਰੀ ਜੀ. ਐੱਸ. ਬਾਲੀ ਦੇ ਹੋਰਡਿੰਗਜ਼ ਪਾੜ ਸੁੱਟੇ।
ਇਸ ਤੋਂ ਪਹਿਲਾਂ ਵਿਕਟਰੀ ਟਨਲ ਨੇੜੇ ਲਾਏ ਗਏ ਪੋਸਟਰ ਵੀ ਪਾੜੇ ਗਏ। ਇੰਨਾ ਹੀ ਨਹੀਂ, ਸਮਰਥਕਾਂ ਨੇ ਹੋਰਡਿੰਗਜ਼ ਪਾੜਨ ਦੀ ਬਾਕਾਇਦਾ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕਰ ਦਿੱਤਾ। ਪੂਰੇ ਮਾਮਲੇ ਦੀ ਸ਼ਿਕਾਇਤ ਹਾਈਕਮਾਨ ਤਕ ਪਹੁੰਚ ਗਈ ਹੈ ਅਤੇ ਪਾਰਟੀ ਨੇ ਆਪਣੇ ਪੱਧਰ ’ਤੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਿਲਸਿਲੇ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਰਾਠੌੜ ਨੇ ਪਾਰਟੀ ਵਰਕਰ ਦੇਵਨ ਭੱਟ ਤੇ ਦੀਪਕ ਖੁਰਾਣਾ ਨੂੰ ਪਾਰਟੀ ’ਚੋਂ ਮੁਅੱਤਲ ਕਰਦੇ ਹੋਏ ਉਨ੍ਹਾਂ ਨੂੰ 15 ਦਿਨਾਂ ਅੰਦਰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਦੇਵਨ ਭੱਟ ਨੇ ਆਪਣੀ ਫੇਸਬੁੱਕ ਵਾਲ ’ਤੇ ਵੀਡੀਓ ਪੋਸਟ ਕਰਦਿਆਂ ਲਿਖਿਆ ਹੈ ਕਿ ਹਿਮਾਚਲ ’ਚ ਕਾਂਗਰਸ ਨੂੰ ਮਜ਼ਬੂਤ ਕਰਨ ਵਾਲੇ ਵੀਰਭੱਦਰ ਸਿੰਘ ਦੀ ਅਣਡਿੱਠਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਕ ਪਾਸੇ ਰਾਜੀਵ ਗਾਂਧੀ ਦੀ ਤਾਂ ਦੂਜੇ ਪਾਸੇ ਬਾਲੀ ਦੀ ਫੋਟੋ
ਕਾਂਗਰਸ ਹਾਈਕਮਾਨ ਨੇ ਸਾਬਕਾ ਮੰਤਰੀ ਜੀ. ਐੱਸ. ਬਾਲੀ ਨੂੰ ਸੂਬਾ ਕੋਰੋਨਾ ਰਿਲੀਫ ਕਮੇਟੀ ਦਾ ਇੰਚਾਰਜ ਬਣਾਇਆ ਹੈ। ਇਸ ਕਮੇਟੀ ਨੇ ਸੂਬੇ ਭਰ ਵਿਚ ਹੋਰਡਿੰਗਜ਼ ਲਾਏ ਸਨ। ਸ਼ਿਮਲਾ ਵਿਚ ਜਿਹੜੇ ਹੋਰਡਿੰਗਜ਼ ਪਾੜੇ ਗਏ, ਉਨ੍ਹਾਂ ਵਿਚ ਇਕ ਪਾਸੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਵੱਡੀ ਫੋਟੋ ਸੀ, ਜਦੋਂਕਿ ਦੂਜੇ ਪਾਸੇ ਜੀ. ਐੱਸ. ਬਾਲੀ ਦੀ ਫੋਟੋ ਲੱਗੀ ਸੀ। ਟਾਪ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਰਾਜੀਵ ਸ਼ੁਕਲਾ, ਕੁਲਦੀਪ ਰਾਠੌੜ ਤੇ ਮੁਕੇਸ਼ ਅਗਨੀਹੋਤਰੀ ਦੀਆਂ ਫੋਟੋਆਂ ਲੱਗੀਆਂ ਸਨ। ਹੇਠਲੇ ਹਿੱਸੇ ’ਚ ਜ਼ਿਲਾ ਕਾਂਗਰਸ ਕਮੇਟੀ ਸ਼ਿਮਲਾ ਪੇਂਡੂ ਦੇ ਪ੍ਰਧਾਨ ਯਸ਼ਵੰਤ ਛਾਜਟਾ ਦੀ ਫੋਟੋ ਲੱਗੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗੁਰਦੁਆਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਐਲਾਨ, ਮੈਡੀਕਲ ਸਹੂਲਤਾਂ ਲਈ ਦਾਨ ਕੀਤਾ ਜਾਵੇਗਾ ਸਾਰਾ ਸੋਨਾ
NEXT STORY