ਗਾਂਧੀਨਗਰ (ਭਾਸ਼ਾ)- ਗੁਜਰਾਤ ਸਰਕਾਰ ਨੇ ਸ਼ੁੱਕਰਵਾਰ ਨੂੰ 3.01 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ 'ਚ ਜਨਤਾ 'ਤੇ ਕਿਸੇ ਨਵੇਂ ਟੈਕਸ ਦਾ ਬੋਝ ਨਹੀਂ ਪਾਇਆ ਗਿਆ ਹੈ। ਗੁਜਰਾਤ ਦੇ ਵਿੱਤ ਮੰਤਰੀ ਕਾਨੂ ਦੇਸਾਈ ਨੇ ਇੱਥੇ ਵਿਧਾਨ ਸਭਾ 'ਚ ਵਿੱਤ ਸਾਲ 2023-24 ਲਈ ਬਜਟ ਪੇਸ਼ ਕੀਤਾ। ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਅਗਵਾਈ ਵਾਲੀ ਭਾਜਪਾ ਦੀ ਨਵੀਂ ਸਰਕਾਰ ਦਾ ਇਹ ਪਹਿਲ ਬਜਟ ਹੈ। ਇਸ ਬਜਟ 'ਚ ਕਈ ਯੋਜਨਾਵਾਂ ਅਤੇ ਪ੍ਰਾਜੈਕਟਾਂ ਦੇ ਪ੍ਰਸਤਾਵ ਰੱਖੇ ਗਏ ਹਨ, ਜਿਨ੍ਹਾਂ 'ਚੋਂ ਕੁਝ ਉਹ ਵਾਅਦੇ ਹਨ ਜੋ ਭਾਜਪਾ ਨੇ ਆਪਣੇ ਐਲਾਨ ਪੱਤਰ 'ਚ ਕੀਤੇ ਸਨ। ਇਨ੍ਹਾਂ 'ਚ ਯੋਗ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਜਨ ਅਰੋਗਿਆ-ਮਾਂ ਅੰਮ੍ਰਿਤਮ ਯੋਜਨਾ ਦੇ ਅਧੀਨ ਸਾਲਾਨਾ ਬੀਮਾ ਹੱਦ ਦੁਗਣੀ ਕਰ ਕੇ 10 ਲੱਖ ਰੁਪਏ ਕਰਨਾ, ਉੱਜਵਲਾ ਯੋਜਨਾ ਦੇ ਅਧੀਨ ਪਰਿਵਾਰਾਂ ਨੂੰ ਹਰ ਸਾਲ 2-2 ਰਸੋਈ ਗੈਸ ਸਿਲੰਡਰ ਮੁਫ਼ਤ ਪ੍ਰਦਾਨ ਕਰਨਾ ਸ਼ਾਮਲ ਹੈ। ਵਿੱਤ ਮੰਤਰੀ ਦੇਸਾਈ ਨੇ ਕਿਹਾ ਕਿ 2023-24 ਲਈ ਅਨੁਮਾਨ 916.87 ਕਰੋੜ ਰੁਪਏ ਦਾ ਸਰਪਲੱਸ ਦਿਖਾਉਂਦੇ ਹਨ।

ਉਨ੍ਹਾਂ ਕਿਹਾ ਕਿ ਬਜਟ ਪ੍ਰਬੰਧ 'ਚ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ ਅਤੇ ਇਹ ਪਿਛਲੇ ਸਾਲ ਦੀ ਤੁਲਨਾ 'ਚ 23.38 ਫੀਸਦੀ ਵੱਧ ਹੈ। ਬਜਟ 'ਚ ਕੋਈ ਨਵਾਂ ਟੈਕਸ ਲਗਾਉਣ ਦਾ ਪ੍ਰਸਤਾਵ ਨਹੀਂ ਹੈ। ਦੇਸਾਈ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਸਕਲ ਰਾਜ ਘਰੇਲੂ ਉਤਪਾਦ (ਜੀ.ਐੱਸ.ਡੀ.ਪੀ.) ਨੂੰ 42 ਲੱਖ ਕਰੋੜ ਰੁਪਏ ਵੱਧ ਕਰਨਾ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਸਰਕਾਰ ਅਗਲੇ 5 ਸਾਲਾਂ 'ਚ ਬੁਨਿਆਦੀ ਸਹੂਲਤਾਂ ਦੇ ਵਿਕਾਸ 'ਤੇ ਲਗਭਗ 5 ਲੱਖ ਕਰੋੜ ਰੁਪਏ ਖਰਚ ਕਰੇਗੀ। ਇਸ ਤੋਂ ਇਲਾਵਾ ਗੁਜਰਾਤ 'ਚ 1500 ਕਰੋੜ ਰੁਪਏ ਦੀ ਲਾਗਤ ਨਾਲ 5 ਰਾਜਮਾਰਗਾਂ ਨੂੰ ਹਾਈ ਸਪੀਡ ਕੋਰੀਡੋਰ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਜਰਾਤ ਸਰਕਾਰ ਅਗਲੇ ਸਾਲ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਸ਼ਹਿਰੀ) ਦੇ ਅਧੀਨ ਲਗਭਗ ਇਕ ਲੱਖ ਲੋਕਾਂ ਨੂੰ ਮਕਾਨ ਉਪਲੱਬਧ ਕਰਵਾਉਣ ਲਈ 1,066 ਕਰੋੜ ਰੁਪਏ ਖਰਚ ਕਰੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਦਿਹਾਂਤ
NEXT STORY