ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1-B ਵੀਜ਼ਾ ਨਿਯਮਾਂ ਨੂੰ ਹੋਰ ਸਖ਼ਤ ਕਰਦਿਆਂ ਵੀਜ਼ਾ ਫੀਸ ਵਧਾ ਕੇ 1 ਲੱਖ ਅਮਰੀਕੀ ਡਾਲਰ (ਕਰੀਬ 88 ਲੱਖ ਰੁਪਏ) ਕਰਨ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੱਖਾਂ ਭਾਰਤੀਆਂ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਸੀ।
ਟਰੰਪ ਦੇ ਇਸ ਫੈਸਲੇ ਮਗਰੋਂ ਟਰੰਪ ਦੀ ਆਪਣੇ ਹੀ ਦੇਸ਼ 'ਚ ਨਿੰਦਾ ਹੋਣ ਲੱਗੀ ਹੈ। ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਸਾਂਝੀ ਚਿੱਠੀ ਲਿਖ ਕੇ ਉਨ੍ਹਾਂ ਨੂੰ H1-B ਵੀਜ਼ਾ ਸਬੰਧੀ ਜਾਰੀ ਕੀਤੇ ਗਏ ਆਪਣੇ ਹੁਕਮ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਅਮਰੀਕਾ-ਭਾਰਤ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਅਮਰੀਕਾ ਦੀ ਤਕਨਾਲੋਜੀ ਲੀਡਰਸ਼ਿਪ ਨੂੰ ਕਮਜ਼ੋਰ ਕਰ ਸਕਦਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਜਿੰਮੀ ਪਨੇਟਾ, ਕਾਂਗਰਸ ਦੇ ਅਮੀ ਬੇਰਾ, ਸਾਲੁਦ ਕਾਰਬਾਜਲ ਅਤੇ ਜੂਲੀ ਜੌਨਸਨ ਨੇ ਟਰੰਪ ਨੂੰ ਇਹ ਅਪੀਲ ਕੀਤੀ ਹੈ।
ਸੰਸਦ ਮੈਂਬਰਾਂ ਨੇ ਟਰੰਪ ਨੂੰ ਲਿਖੀ ਚਿੱਠੀ ਵਿੱਚ ਜ਼ੋਰ ਦੇ ਕੇ ਕਿਹਾ ਕਿ H-1B ਵੀਜ਼ਾ ਪ੍ਰੋਗਰਾਮ ਅਮਰੀਕੀ ਅਰਥਵਿਵਸਥਾ, ਰਾਸ਼ਟਰੀ ਸੁਰੱਖਿਆ ਅਤੇ ਪ੍ਰਤੀਯੋਗੀ ਲਾਭਾਂ ਲਈ ਜਿੰਨਾ ਮਹੱਤਵਪੂਰਨ ਹੈ, ਉਹ ਭਾਰਤ ਨਾਲ ਅਮਰੀਕਾ ਦੇ ਰਿਸ਼ਤਿਆਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਲਈ ਵੀ ਓਨਾ ਹੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਸਾਊਦੀ ਅਰਬ 'ਚ ਮਾਰ'ਤਾ 26 ਸਾਲ ਦਾ ਨੌਜਵਾਨ ! ਪਰਿਵਾਰ ਨੂੰ ਮਿਲੇ ਵੌਇਸ ਨੋਟ 'ਚ..
ਉਨ੍ਹਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ, ਜੋ H-1B ਦਾ ਸਭ ਤੋਂ ਵੱਡਾ ਹਿੱਸਾ ਹਨ, ਅਮਰੀਕੀ ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਖੇਤਰਾਂ ਵਿੱਚ ਅਮਰੀਕਾ ਦੀ ਅਗਵਾਈ ਲਈ ਕੇਂਦਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ 71 ਪ੍ਰਤੀਸ਼ਤ H-1B ਧਾਰਕ ਭਾਰਤ ਦੇ ਮੂਲ ਦੇ ਸਨ।
ਸੰਸਦ ਮੈਂਬਰਾਂ ਨੇ ਟਰੰਪ ਦਾ ਧਿਆਨ ਇਸ ਗੱਲ ਵੱਲ ਵੀ ਖਿੱਚਿਆ ਕਿ ਖਾਸ ਤੌਰ 'ਤੇ ਜਦੋਂ ਚੀਨ ਏ.ਆਈ. ਅਤੇ ਉੱਚ ਤਕਨੀਕੀ ਖੇਤਰਾਂ ਵਿੱਚ ਤੇਜ਼ੀ ਨਾਲ ਨਿਵੇਸ਼ ਕਰ ਰਿਹਾ ਹੈ, ਤਾਂ ਅਮਰੀਕਾ ਲਈ ਆਪਣੀ ਪ੍ਰਤੀਯੋਗੀ ਸਥਿਤੀ ਬਣਾਈ ਰੱਖਣ ਲਈ ਵਿਸ਼ਵ ਭਰ ਦੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਇੰਡੋ-ਪੈਸੀਫਿਕ ਵਿੱਚ ਮੁੱਖ ਲੋਕਤੰਤਰੀ ਭਾਈਵਾਲ ਭਾਰਤ ਨਾਲ ਅਮਰੀਕਾ ਦੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਦਾ ਹੈ।
ਅੰਤ ਵਿੱਚ ਸੰਸਦ ਮੈਂਬਰਾਂ ਨੇ ਟਰੰਪ ਨੂੰ 19 ਸਤੰਬਰ ਨੂੰ ਕੀਤੇ ਗਏ ਐਲਾਨ 'ਤੇ ਮੁੜ ਵਿਚਾਰ ਕਰਨ ਅਤੇ ਅਮਰੀਕਾ ਦੇ ਲੰਬੇ ਸਮੇਂ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਲਈ H-1B ਪ੍ਰਣਾਲੀ ਨੂੰ ਸੀਮਤ ਕਰਨ ਦੀ ਬਜਾਏ ਵਧਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ H-1B ਪੇਸ਼ੇਵਰ ਨਵੀਨਤਾ ਲਿਆਉਂਦੇ ਹਨ, ਪੇਟੈਂਟ ਫਾਈਲਿੰਗ ਨੂੰ ਵਧਾਉਂਦੇ ਹਨ ਅਤੇ ਨਵੇਂ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰਦੇ ਹਨ ਜੋ ਅਮਰੀਕੀਆਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ।
ਇਹ ਵੀ ਪੜ੍ਹੋ- ਪਿੰਡ 'ਚ ਕਿਸੇ ਦੀ ਵੀ ਮੌਤ ਹੁੰਦੀ ਤਾਂ ਇਸ ਔਰਤ 'ਤੇ ਲੱਗਦਾ ਸੀ ਇਲਜ਼ਾਮ ! ਅੰਤ ਜੋ ਹੋਇਆ, ਦੇਖ ਪੂਰੇ ਇਲਾਕੇ 'ਚ...
ਸਰਕਾਰ ਦੇ ਖਰਚੇ ਵਧੇ, ਆਮਦਨ ਘਟੀ! ਅੱਧੇ ਸਾਲ ’ਚ ਹੀ ਵਿੱਤੀ ਘਾਟਾ 36.5 ਫ਼ੀਸਦੀ ਤੋਂ ਪਾਰ
NEXT STORY