ਨਵੀਂ ਦਿੱਲੀ— ਕੇਰਲ, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਭਾਰੀ ਬਾਰਿਸ਼ ਕਾਰਨ ਹੜ੍ਹ ਦੀ ਲਪੇਟ ਵਿਚ ਹਨ। ਹੜ੍ਹ ਕਾਰਨ 100 ਤੋਂ ਵਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਤ ਇੰਨੇ ਕੁ ਖਰਾਬ ਹੋ ਗਏ ਹਨ ਕਿ ਲੋਕ ਬੇਘਰ ਹੋ ਗਏ ਹਨ। ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਉਣ 'ਚ ਜੁਟੀਆਂ ਹਨ। ਬਚਾਅ ਅਤੇ ਰਾਹਤ ਏਜੰਸੀਆਂ ਮੁਤਾਬਕ ਕੇਰਲ ਵਿਚ 55 ਲੋਕਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰ ਵਿਚ 27 ਲੋਕਾਂ ਦੀ ਮੌਤ ਦੀ ਖ਼ਬਰ ਹੈ। ਕਰਨਾਟਕ ਵਿਚ ਕਈ ਥਾਂਵਾਂ 'ਤੇ ਜ਼ਮੀਨ ਖਿਸਕ ਗਈ ਹੈ, ਜਿਸ ਦਾ ਅਸਰ ਆਵਾਜਾਈ 'ਤੇ ਵੀ ਪਿਆ।

ਜੇਕਰ ਗੱਲ ਕੇਰਲ ਦੀ ਕੀਤੀ ਜਾਵੇ ਤਾਂ ਇੱਥੇ ਕਈ ਹੋਰ ਦਿਨਾਂ ਤਕ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਅਤੇ ਇਸ ਨੂੰ ਦੇਖਦੇ ਹੋਏ ਕੇਰਲ ਸਰਕਾਰ ਨੇ ਮਿਲਟਰੀ ਟੀਮਾਂ ਨੂੰ ਰੈਸਕਿਊ ਯੂਨਿਟਸ ਬਣਾ ਕੇ ਮੁਹਿੰਮ ਚਲਾਉਣ ਅਤੇ ਫਸੇ ਹੋਏ ਲੋਕਾਂ ਨੂੰ ਏਅਰਲਿਫਟ ਕਰਨ ਦਾ ਹੁਕਮ ਦਿੱਤਾ ਹੈ। ਇਸ ਦਰਮਿਆਨ ਕੇਰਲ ਵਿਚ ਜ਼ਮੀਨ ਖਿਸਕਣ ਕਾਰਨ ਮਲਬੇ 'ਚ ਦੱਬੇ 9 ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ।

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਾਟਕ ਦੇ ਬੇਲਗਾਵੀ ਖੇਤਰ ਦਾ ਦੌਰਾ ਕਰਨਗੇ। ਕਰਨਾਟਕ ਸੂਬਾ ਹੜ੍ਹ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਿਤ ਸ਼ਾਹ ਬੇਲਗਾਵੀ ਖੇਤਰ ਵਿਚ ਹੜ੍ਹ ਦਾ ਜਾਇਜ਼ਾ ਲੈਣ ਲਈ ਹਵਾਈ ਸਰਵੇਖਣ ਲਈ ਆਉਣਗੇ। ਕਰਨਾਟਕ ਵਿਚ 24 ਲੋਕਾਂ ਦੇ ਮਾਰੇ ਜਾਣ ਅਤੇ 9 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਸੂਬੇ ਵਿਚ 600 ਰਾਹਤ ਕੈਂਪ ਬਣਾਏ ਗਏ ਹਨ ਅਤੇ ਉਨ੍ਹਾਂ 'ਚ 1 ਲੱਖ ਤੋਂ ਵਧੇਰੇ ਲੋਕਾਂ ਨੂੰ ਪਹੁੰਚਾਇਆ ਗਿਆ ਹੈ।

ਹੜ੍ਹ ਦੀ ਮਾਰ ਝੱਲ ਰਹੇ ਕਰਨਾਟਕ 'ਚ 6,000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਸ ਨੂੰ ਸੂਬੇ 'ਤੇ ਆਈ ਸਭ ਤੋਂ ਵੱਡੀ ਕੁਦਰਤੀ ਆਫਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ 3,000 ਕਰੋੜ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਦੀਆਂ 20 ਟੀਮਾਂ, ਫੌਜ ਦੀਆਂ 10, ਜਲ ਸੈਨਾ ਦੀਆਂ 5 ਅਤੇ ਸੂਬਾ ਆਫਤ ਪ੍ਰਬੰਧਨ ਦੀਆਂ 2 ਟੀਮਾਂ ਬਚਾਅ ਅਤੇ ਰਾਹਤ ਕੰਮਾਂ 'ਚ ਜੁਟੀਆਂ ਹੋਈਆਂ ਹਨ। ਓਧਰ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਆਪਣੇ ਸੰਸਦੀ ਖੇਤਰ ਕੇਰਲ ਦੇ ਵਾਇਨਾਡ ਜਾਣਗੇ। ਕੇਰਲ ਸੂਬਾ ਹੜ੍ਹ ਦੀ ਮਾਰ ਨਾਲ ਜੂਝ ਰਿਹਾ ਹੈ।
ਈਰਾਨ 'ਚ ਕੈਦ ਕਰੂ ਮੈਂਬਰਾਂ ਨੂੰ ਛੁਡਾਉਣ ਲਈ ਬ੍ਰਿਟਿਸ਼ ਜਹਾਜ਼ ਮਾਲਕ ਦੀ ਮੋਦੀ ਨੂੰ ਅਪੀਲ
NEXT STORY