ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਮੋਹਲੇਧਾਰ ਮੀਂਹ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਮੀਂਹ ਦੇ ਪਾਣੀ 'ਚ ਕਰੰਟ ਫੈਲ ਗਿਆ, ਜਿਸ ਦੀ ਲਪੇਟ ਵਿਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਇਫਕੋ ਚੌਕ ਮੈਟਰੋ ਸਟੇਸ਼ਨ ਨੇੜੇ ਇਕ ਦਰੱਖ਼ਤ ਕਾਰਨ ਬਿਜਲੀ ਦੀ ਤਾਰ ਟੁੱਟ ਕੇ ਹੇਠਾਂ ਸੜਕ 'ਤੇ ਡਿੱਗ ਗਈ, ਜਿਸ ਦੇ ਸੰਪਰਕ ਵਿਚ ਆਉਣ ਕਾਰਨ ਕਰੰਟ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਘਟਨਾ ਇਲਾਕੇ ਵਿਚ ਮੋਹਲੇਧਾਰ ਮੀਂਹ ਮਗਰੋਂ ਪਾਣੀ ਭਰ ਜਾਣ ਕਾਰਨ ਬੁੱਧਵਾਰ ਦੇਰ ਰਾਤ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਇਕ ਪ੍ਰਾਈਵੇਟ ਕੰਪਨੀ ਵਿਚ ਵਰਕਰ ਸਨ ਅਤੇ ਘਟਨਾ ਦੇ ਸਮੇਂ ਉਹ ਦਫ਼ਤਰ ਤੋਂ ਆਪਣੇ ਘਰ ਵਾਪਸ ਜਾ ਰਹੇ ਸਨ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਨੇ ਤਿੰਨਾਂ ਦੀ ਜਾਨ ਲੈ ਲਈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਲੋਕ ਸਾਵਧਾਨੀ ਨਾ ਵਰਤਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਸੀ, ਕਿਉਂਕਿ ਇਫਕੋ ਚੌਕ ਅਤੇ ਇਫਕੋ ਮੈਟਰੋ ਸਟੇਸ਼ਨ ਹੋਣ ਕਾਰਨ ਇੱਥੇ ਵੱਡੀ ਗਿਣਤੀ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਮ੍ਰਿਤਕਾਂ ਦੀ ਪਛਾਣ ਦਿੱਲੀ ਦੇ ਸੰਗਮ ਵਿਹਾਰ ਵਾਸੀ ਵਸੀਮ, ਦੇਵੇਂਦਰ ਵਾਜਪਾਈ ਵਾਸੀ ਉਨਾਓ, ਯੂ.ਪੀ. ਅਤੇ ਜੈਪਾਲ ਯਾਦਵ ਵਾਸੀ ਨੰਗਲ ਚੌਧਰੀ ਜ਼ਿਲ੍ਹਾ ਮਹਿੰਦਰਗੜ੍ਹ ਵਜੋਂ ਹੋਈ ਹੈ।
ਮਣੀਪੁਰ 'ਚ ਭੀੜ ਨੂੰ ਘਟਾਉਣ ਲਈ ਸੁਰੱਖਿਆ ਬਲਾਂ ਨੇ ਦਾਗੇ ਅੱਥਰੂ ਗੈਸ ਦੇ ਗੋਲੇ
NEXT STORY