ਤਾਮਿਲਨਾਡੂ— ਮਦਰਾਸ ਹਾਈ ਕੋਰਟ ਨੇ ਬੈਂਕਾਂ ਦੇ ਲੋਨ ਦੇਣ ਦੀ ਪ੍ਰਕਿਰਿਆ ਅਤੇ ਮਾਪਦੰਡ 'ਤੇ ਸਵਾਲ ਚੁੱਕੇ ਹਨ। ਕੋਰਟ ਨੇ ਕਿਹਾ ਕਿ ਬੈਂਕ ਅਰਬਪਤੀ ਕਾਰੋਬਾਰੀਆਂ ਅਤੇ ਮੱਧਮ ਵਰਗ ਜਾਂ ਗਰੀਬਾਂ ਨੂੰ ਲੋਨ ਦੇਣ ਲਈ ਵੱਖ-ਵੱਖ ਮਾਪਦੰਡ ਅਪਣਾਉਂਦੇ ਹਨ। ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਦੀ ਇਕ ਇੰਜੀਨੀਅਰਿੰਗ ਵਿਦਿਆਰਥਣ ਨੂੰ ਐਜ਼ੂਕੇਸ਼ਨ ਲੋਨ ਦੇਣ ਦੇ ਆਦੇਸ਼ ਦੇ ਖਿਲਾਫ ਬੈਂਕ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਸ਼ੁੱਕਰਵਾਰ ਨੂੰ ਇਹ ਟਿੱਪਣੀ ਕੀਤੀ। ਕੋਰਟ ਨੇ ਕਿਹਾ,''ਬੈਂਕ ਪਹਿਲਾਂ ਤਾਂ ਬਿਨਾਂ ਪੂਰੀ ਸਕਿਓਰਿਟੀ ਦੇ ਅਰਬਪਤੀ ਕਾਰੋਬਾਰੀਆਂ ਨੂੰ ਲੋਨ ਦੇ ਦਿੰਦਾ ਹੈ ਜਾਂ ਲੈਟਰਜ਼ ਆਫ ਅੰਡਰਸਟੈਂਡਿੰਗ (ਐੱਲ.ਓ.ਯੂ.) ਪਾਸ ਕਰ ਦਿੰਦਾ ਹੈ। ਇਸ ਤੋਂ ਬਾਅਦ ਜਦੋਂ ਘੁਟਾਲਾ ਸਾਹਮਣੇ ਆਉਂਦਾ ਹੈ ਅਤੇ ਚੀਜ਼ਾਂ ਹੱਥੋਂ ਨਿਕਲ ਜਾਂਦੀਆਂ ਹਨ ਤਾਂ ਬੈਂਕ ਲੋਨ ਦੀ ਰਿਕਵਰੀ ਲਈ ਐਕਸ਼ਨ ਲੈਂਦਾ ਹੈ।'' ਕੋਰਟ ਨੇ ਨਾਲ ਹੀ ਕਿਹਾ ਕਿ ਦੂਜੇ ਪਾਸੇ ਮੱਧਮ ਵਰਗ ਅਤੇ ਗਰੀਬ ਲੋਕਾਂ ਦੇ ਮਾਮਲੇ 'ਚ ਬੈਂਕ ਵੱਖ ਮਾਪਦੰਡ ਅਪਣਾਉਂਦੇ ਹਨ। ਉਨ੍ਹਾਂ ਤੋਂ ਸਾਰੇ ਕਾਗਜ਼ਾਤ ਲੈਂਦੇ ਹਨ ਅਤੇ ਪੂਰੀ ਜਾਂਚ ਤੋਂ ਬਾਅਦ ਵੀ ਬਹੁਤ ਮੁਸ਼ਕਲ ਨਾਲ ਲੋਨ ਪਾਸ ਕਰਦੇ ਹਨ।
ਜਸਟਿਸ ਕੇ.ਕੇ. ਸ਼ਸ਼ੀਧਰਨ ਅਤੇ ਜਸਟਿਸ ਪੀ. ਵੇਲਮੁਰੂਗਨ ਦੀ ਡਿਵੀਜ਼ਨ ਬੈਂਚ ਨੇ ਇਹ ਟਿੱਪਣੀ ਇੰਡੀਅਨ ਓਵਰਸੀਜ਼ ਬੈਂਕ (ਆਈ.ਈ.ਬੀ.) ਵੱਲੋਂ ਇਕ ਸਿੰਗਲ ਜੱਜ ਦੇ ਆਦੇਸ਼ ਦੇ ਖਿਲਾਫ ਅਪੀਲ ਨੂੰ ਖਾਰਜ ਕਰਦੇ ਹੋਏ ਕੀਤੀ। ਜੱਜਾਂ ਨੇ ਕਿਹਾ ਕਿ ਬੈਂਕ ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਆਰ.ਬੀ.ਆਈ. ਅਤੇ ਕੇਂਦਰ ਸਰਕਾਰ ਨੇ ਬੈਂਕਾਂ ਨੂੰ ਗਰੀਬ ਵਿਦਿਆਰਥੀਆਂ ਨੂੰ ਐਜ਼ੂਕੇਸ਼ਨ ਲੋਨ ਦੇ ਕੇ ਸਿੱਖਿਆ ਪਾਉਣ 'ਚ ਉਨ੍ਹਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਰਟ ਨੇ ਕਿਹਾ,''ਬੈਂਕ ਅਜਿਹਾ ਨਾ ਕਰ ਕੇ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ।'' ਕੋਰਟ ਨੇ ਕਿਹਾ ਕਿ ਇਸ ਮਾਮਲੇ ਨਾਲ ਬੈਂਕ ਦੀ ਕਾਰਜਪ੍ਰਣਾਲੀ ਸਪੱਸ਼ਟ ਹੋ ਜਾਂਦੀ ਹੈ ਕਿ ਕਿਵੇਂ ਇਕ ਗਰੀਬ ਲੜਕੀ ਨੂੰ 3.45 ਲੱਖ ਰੁਪਏ ਦੇ ਐਜ਼ੂਕੇਸ਼ਨ ਲੋਨ ਲਈ ਬੈਂਕ ਦੇ ਕਿੰਨੇ ਚੱਕਰ ਲਗਾਉਣੇ ਪਏ। ਜ਼ਿਕਰਯੋਗ ਹੈ ਕਿ 2011-12 ਦੇ ਸਿੱਖਿਅਕ ਸੈਸ਼ਨ 'ਚ ਇੰਜੀਨੀਅਰਿੰਗ ਕੋਰਸ 'ਚ ਦਾਖਲਾ ਲੈਣ ਵਾਲੀ ਤਾਮਿਲਨਾਡੂ ਦੀ ਇਕ ਵਿਦਿਆਰਥਣ ਨੇ ਇੰਡੀਅਨ ਓਵਰਸੀਜ਼ ਬੈਂਕ 'ਚ 3.45 ਲੱਖ ਰੁਪਏ ਦੇ ਐਜ਼ੂਕੇਸ਼ਨ ਲੋਨ ਲਈ ਅਪਲਾਈ ਕੀਤਾ ਸੀ ਪਰ ਬੈਂਕ ਨੇ ਲੋਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬੈਂਕ ਦੇ ਲੋਨ ਦੇਣ ਤੋਂ ਇਨਕਾਰ ਕਰਨ 'ਤੇ ਵਿਦਿਆਰਥਣ ਹਾਈ ਕੋਰਟ ਪੁੱਜੀ ਸੀ, ਜਿੱਥੇ ਸਿੰਗਲ ਜੱਜ ਦੀ ਬੈਂਚ ਨੇ ਵਿਦਾਰਥਣ ਦੇ ਪੱਖ 'ਚ ਫੈਸਲਾ ਸੁਣਾਇਆ ਅਤੇ ਬੈਂਕ ਨੂੰ ਲੋਨ ਮਨਜ਼ੂਰ ਕਰਨ ਦਾ ਆਦੇਸ਼ ਦਿੱਤਾ। ਬੈਂਕ ਨੇ ਇਸ ਆਦੇਸ਼ ਦੇ ਖਿਲਾਫ ਹਾਈ ਕੋਰਟ ਦੀ ਵੱਡੀ ਬੈਂਚ 'ਚ ਅਪੀਲ ਕਰ ਦਿੱਤੀ। ਇਸੇ ਅਪੀਲ ਨੂੰ ਖਾਰਜ ਕਰਦੇ ਹੋਏ ਹਾਈ ਕੋਰਟ ਦੀ 2 ਮੈਂਬਰੀ ਬੈਂਚ ਨੇ ਇਹ ਫੈਸਲਾ ਦਿੱਤਾ।
ਪਾਕਿ ਨੇ ਭਾਰਤ ਨਾਲ ਕੀਤੀ ਫਲੈਗ ਮੀਟਿੰਗ, ਦੂਜੇ ਪਾਸੇ ਨੌਸ਼ਹਿਰਾ ਸੈਕਟਰ 'ਚ ਗੋਲੀਬੰਦੀ ਦੀ ਉਲੰਘਣਾ
NEXT STORY