ਵੈੱਬ ਡੈਸਕ (ਦਿਲਸ਼ੇਰ ਚੋਪੜਾ)- ਦੇਸ਼ ਭਰ ਵਿਚ ਖੇਤਾਂ ’ਚ ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ, ਉਦਯੋਗਿਕ ਗੰਦਗੀ ਅਤੇ ਨਿਕਾਸੀ ਪ੍ਰਬੰਧ ਦੀ ਘਾਟ ਕਾਰਨ ਭੂਮੀ ਹੇਠਲਾ ਪਾਣੀ ਬਹੁਤ ਹੱਦ ਤੱਕ ਜ਼ਹਿਰੀਲਾ ਹੋ ਗਿਆ ਹੈ। ਭੂ-ਜਲ ਲੈਵਲ ਵਿਚ ਕੈਮੀਕਲ, ਲੋਹਾ, ਨਾਈਟ੍ਰੇਟ, ਫਲੂਓਰਾਈਡ ਤੇ ਆਰਸੈਨਿਕ ਦੀ ਮਾਤਰਾ ਵਧ ਰਹੀ ਹੈ, ਜੋ ਸਿੱਧੇ ਤੌਰ ’ਤੇ ਤੁਹਾਡੇ ਪਰਿਵਾਰ ਦੀ ਸਿਹਤ ਲਈ ਚੁਣੌਤੀ ਹਨ। ਇਹ ਕੈਮੀਕਲ ਭੂਮੀ ਹੇਠਲੇ ਪਾਣੀ ਵਿਚ ਮਿਲ ਕੇ ਤੁਹਾਡੇ ਘਰ ਤਕ ਪਹੁੰਚ ਜਾਂਦੇ ਹਨ, ਫਿਰ ਭਾਵੇਂ ਉਹ ਸਰਕਾਰੀ ਟੂਟੀ ਵਾਲਾ ਪਾਣੀ ਹੋਵੇ ਜਾਂ ਫਿਰ ਘਰਾਂ ਅੰਦਰ ਸਿਧੇ ਹੀ ਨਲਕਾ, ਮੋਟਰਾਂ, ਸਬਮਰਸੀਬਲ ਆਦਿ ਰਾਹੀਂ ਆਉਣ ਵਾਲਾ ਪਾਣੀ ਹੋਵੇ, ਖ਼ਤਰਾ ਸਭ ਨੂੰ ਬਰਾਬਰ ਹੀ ਹੈ। ਗੰਦਾ ਜਾਂ ਪ੍ਰਦੂਸ਼ਿਤ ਪਾਣੀ ਪੀਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਦੂਸ਼ਿਤ ਪਾਣੀ ਕਾਰਨ ਦਸਤ, ਟਾਈਫਾਈਡ ਅਤੇ ਪੀਲੀਆ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਉਂਦੇ ਹਨ।
ਗੰਦੇ ਪਾਣੀ ਵਿਚ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ। ਇਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੁੰਦੀਆਂ ਹਨ। ਪਾਣੀ ਵਿਚ ਜ਼ਿਆਦਾ ਮਾਤਰਾ ਵਿਚ ਕੀਟਨਾਸ਼ਕ ਯਾਨੀ ਕਲੋਰੀਨ ਮਿਲਾਉਣ ਨਾਲ ਸਰੀਰ ਨੂੰ ਵੀ ਨੁਕਸਾਨ ਹੁੰਦਾ ਹੈ। ਇਹ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ, ਧਰਤੀ ਹੇਠਲੇ ਦੂਸ਼ਿਤ ਪਾਣੀ ਵਿਚ ਵੀ ਸੀਸਾ (ਲੈੱਡ) ਪਾਇਆ ਜਾਂਦਾ ਹੈ। ਲੈੱਡ ਪਾਣੀ ਰਾਹੀਂ ਸਾਡੇ ਸਰੀਰ ਵਿਚ ਜਮ੍ਹਾ ਹੋ ਜਾਂਦਾ ਹੈ। ਇਹ ਬੱਚਿਆਂ ਅਤੇ ਔਰਤਾਂ ’ਤੇ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈ। ਲੈੱਡ ਦਿਮਾਗ ਤੱਕ ਪਹੁੰਚਣ ਵਾਲੀ ਆਕਸੀਜਨ ਦੀ ਮਾਤਰਾ ਨੂੰ ਘਟਾਉਂਦਾ ਹੈ। ਇਸ ਕਾਰਨ ਬੱਚਿਆਂ ਵਿਚ ਬਲੂ ਬੇਬੀ ਸਿੰਡਰੋਮ ਹੋ ਸਕਦਾ ਹੈ। ਘਬਰਾਓ ਨਾ ਇਸ ਬੀਮਾਰ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਅੱਜ ਸਭ ਤੋਂ ਵੱਧ ਤੇ ਵੱਡੀ ਲੋੜ ਹੈ ਕਿ ਤੁਸੀਂ ਆਪਣੇ ਘਰ ਦਾ ਪਾਣੀ ਟੈਸਟ ਜ਼ਰੂਰ ਕਰਵਾਓ।
ਸਾਫ ਪਾਣੀ ਲਈ ਕੀ ਕਰੀਏ
- ਘਰ ਦੀ ਟੈਂਕੀ ਮਹੀਨੇਵਾਰ ਸਾਫ਼ ਕਰੋ।
- R.O. ਜਾਂ UV ਫਿਲਟਰ ਦੀ ਨਿਰਧਾਰਿਤ ਸਮੇਂ ’ਤੇ ਸਰਵਿਸ ਕਰਵਾਓ।
- ਘਰ ਵਿਚ TDS ਮੀਟਰ ਜ਼ਰੂਰ ਰੱਖੋ।
- ਜੇਕਰ ਘਰ ਅੰਦਰ ਵਾਟਰ ਫਿਲਟਰ ਨਹੀਂ ਲੱਗਾ ਤਾਂ ਪਾਣੀ ਉਬਾਲ ਕੇ ਠੰਡਾ ਕਰ ਪਿਓ।
ਕੀ ਘਰ ’ਚ ਲੱਗਾ ਵਾਟਰ ਫਿਲਟਰ ਦੇ ਰਿਹਾ ਸਾਫ ਪਾਣੀ?
ਤੁਹਾਡੇ ਘਰ ਬੇਸ਼ੱਕ ਵਾਟਰ ਫਿਲਟਰ ਲੱਗਾ ਹੈ ਫਿਰ ਵੀ ਤੁਸੀਂ ਖ਼ਤਰਨਾਕ ਬੀਮਾਰੀਆਂ ਦੀ ਲਪੇਟ ਵਿਚ ਆ ਸਕਦੇ ਹੋ, ਕਿਉਂਕਿ ਤੁਸੀਂ ਫਿਲਟਰ ਲਗਵਾ ਕੇ ਭੁੱਲ ਜਾਂਦੇ ਹੋ ਕਿ ਫਿਲਟਰ ਪਾਣੀ ਨੂੰ ਸਹੀ ਢੰਗ ਨਾਲ ਪਿਓਰੀਫਾਈ ਕਰ ਵੀ ਰਿਹਾ ਹੈ ਜਾਂ ਨਹੀਂ। ਅੱਜ ਦੇ ਮੌਜੂਦਾਂ ਸਮੇਂ ਵਿਚ ਪਾਣੀ ਜਾਂਚਣਾ ਕੋਈ ਬਹੁਤਾ ਔਖਾ ਨਹੀਂ ਹੈ। ਤੁਸੀਂ ਆਸਾਨੀ ਨਾਲ ਆਪਣੇ ਘਰ ਦਾ ਪਾਣੀ ਜਾਂਚ ਸਕਦੇ ਹੋ। ਆਓ ਤੁਹਾਨੂੰ ਪਹਿਲਾਂ ਪਾਣੀ ਜਾਂਚਣ ਦੀ ਵਿਧੀ ਦੱਸਦੇ ਹਾਂ ਤੇ ਫਿਰ ਦੱਸਾਂਗੇ ਕਿ ਪਾਣੀ ਨਾਲ ਕਿਹੜੀ ਬੀਮਾਰੀ ਕਿਸ ਪੱਧਰ ’ਤੇ ਅਤੇ ਕਿਵੇਂ ਫੈਲ ਸਕਦੀ ਹੈ।
ਕਿਵੇਂ ਵਰਤਣੀ ਹੈ ਐੱਫ.ਟੀ.ਕੇ?
ਘਰ ਦੀ ਟੂਟੀ ’ਚੋਂ ਪਾਣੀ ਨੂੰ ਇਕ ਸਾਫ਼ ਬੋਤਲ ’ਚ ਭਰ ਲਓ। ਅੰਦਾਜ਼ਨ 15-30 ਐੱਮ.ਐੱਲ. ਪਾਣੀ ਲਓ। ਕਿੱਟ ਅੰਦਰ ਦਿੱਤੇ ਹੋਏ ਵੱਖਰੇ-ਵੱਖਰੇ ਕੈਮੀਕਲ ਪਾਣੀ ’ਚ ਪਾਓ। 30 ਸਕਿੰਟ ਲਈ ਉਡੀਕ ਕਰੋ। ਇਸ ਦੌਰਾਨ ਪਾਣੀ ਦਾ ਰੰਗ ਬਦਲਣ ਲੱਗੇਗਾ। ਇਸ ਰੰਗ ਦੀ ਤੁਲਨਾ ਕਿੱਟ ਨਾਲ ਮਿਲੇ ਕਲਰ ਚਾਰਟ ਨਾਲ ਕਰੋ। ਨਤੀਜਾ ਕਲਰ ਚਾਰਟ ਨੂੰ ਵੇਖ ਕੇ ਤੁਸੀਂ ਆਪ ਸਮਝ ਸਕਦੇ ਹੋ। ਇਸ ਦੇ ਨਤੀਜੇ ਆਈ ਐੱਸ 10500 ਮਿਆਰ ਦੇ ਅੰਦਰ ਆਉਣੇ ਚਾਹੀਦੇ ਹਨ। ਉਦਾਹਰਣ ਵਜੋਂ ਪਾਣੀ ਵਿਚ ਜੇਕਰ ਆਈਰਨ ਵੱਧ ਹੈ ਤਾਂ ਪਾਣੀ ਦਾ ਰੰਗ ਨਾਰੰਗੀ ਹੋ ਜਾਵੇਗਾ। ਇਸੇ ਤਰ੍ਹਾਂ ਨਾਈਟ੍ਰੇਟ ਵਧਣ ’ਤੇ ਰੰਗ ਹਰਾ-ਭੂਰਾ ਹੋ ਸਕਦਾ ਹੈ।
ਹੁਣ ਤਕ ਕੇਂਦਰ ਕਰਵਾ ਚੁੱਕਾ 85.39 ਲੱਖ ਸੈਂਪਲ ਟੈਸਟ
ਕੇਂਦਰ ਸਰਕਾਰ ਵਲੋਂ ਜਲ ਜੀਵਨ ਮਿਸ਼ਨ ਤਹਿਤ, ਪੇਂਡੂ ਪਰਿਵਾਰਾਂ ਦੇ ਲਈ ਸੁਰੱਖਿਅਤ ਪੀਣ ਵਾਲਾ ਪਾਣੀ ਸੁਨਿਸ਼ਚਿਤ ਕਰਨ ਲਈ ਇਕ ਮਜ਼ਬੂਤ ਕੁਆਲਿਟੀ ਅਸ਼ੋਰੈਂਸ ਅਤੇ ਮੋਨਿਟਰਿੰਗ ਸਿਸਟਮ ਸਥਾਪਿਤ ਕੀਤਾ ਗਿਆ ਹੈ। ਸਿਰਫ ਜਨਵਰੀ ਤਕ ਹੀ 2,162 ਲੈਬੋਰੇਟਰੀਆਂ ਦੇ ਇਕ ਨੈੱਟਵਰਕ ਨੇ 66.32 ਲੱਖ ਪਾਣੀ ਦੇ ਸੈਂਪਲਾਂ ਦਾ ਟੈਸਟ ਕੀਤਾ ਹੈ, ਜਦੋਂ ਕਿ 24.80 ਲੱਖ ਮਹਿਲਾਵਾਂ ਨੂੰ ਫੀਲਡ ਟੈਸਟਿੰਗ ਕਿੱਟ (ਐੱਫ ਟੀਕੇ) ਦਾ ਇਸਤੇਮਾਲ ਕਰਕੇ ਪਾਣੀ ਦਾ ਟੈਸਟ ਕਰਨ ਲਈ ਟ੍ਰੇਂਡ ਕੀਤਾ ਗਿਆ ਹੈ। ਹੁਣ ਤੱਕ, ਐੱਫ ਟੀਕੇ ਦਾ ਇਸਤੇਮਾਲ ਕਰਕੇ 85.39 ਲੱਖ ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ, ਜਿਸ ਨਾਲ ਪਿੰਡਾਂ ਵਿਚ ਗੰਦਗੀ ਦਾ ਜਲਦੀ ਪਤਾ ਲਾਉਣਾ ਅਤੇ ਪਾਣੀ ਗੁਣਵੱਤਾ ਦੀ ਨਿਗਰਾਨੀ ਵਿਚ ਸੁਧਾਰ ਸੁਨਿਸ਼ਚਿਤ ਹੋਇਆ ਹੈ। ਤੁਸੀਂ ਵੀ ਆਪਣੇ ਘਰ ਦਾ ਪਾਣੀ ਟੈਸਟ ਕਰਵਾਉਣ ਲਈ ਆਪਣੇ ਪਿੰਡ ਦੀ ਪੰਚਾਇਤ ਤੋਂ ਸਹੀ ਜਾਣਕਾਰੀ ਹਾਸਲ ਕਰ ਸਕਦੇ ਹੋ।
ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਮੁੱਖ ਬੀਮਾਰੀਆਂ
ਰੋਗ ਦਾ ਨਾਂ |
ਕਾਰਨ |
ਲੱਛਣ |
ਪੀਲੀਆ |
ਵਾਇਰਸ ਅਤੇ ਗੰਦਾ ਪਾਣੀ |
ਪੀਲਾ ਪੇਸ਼ਾਬ, ਪੀਲੀਆਂ ਅੱਖਾਂ, ਥਕਾਵਟ, ਉਲਟੀ |
ਟਾਈਫਾਈਡ |
Salmonella ਬੈਕਟੀਰੀਆ |
ਲੰਬਾ ਬੁਖ਼ਾਰ, ਸਿਰਦਰਦ, ਕਮਜ਼ੋਰੀ, ਪੇਟ ਦਰਦ |
ਡਾਇਰੀਆ/ਦਸਤ |
E.coli, Shigella ਬੈਕਟੀਰੀਆ |
ਪਤਲਾ ਪਖਾਨਾ, ਪਾਣੀ ਵਾਲੇ ਦਸਤ, ਡੀਹਾਈਡਰੇਸ਼ਨ |
ਫਲੂਆਰੋਸਿਸ |
Fluoride ਦੀ ਵੱਧ ਮਾਤਰਾ |
ਦੰਦ ਪੀਲੇ/ਧੱਬੇ, ਹੱਡੀਆਂ ਦੀ ਸਖਤੀ, ਪੈਰ ਮੁੜਨਾ |
ਬਲਿਊ ਬੇਬੀ ਸਿੰਡਰੋਮ |
ਨਾਈਟ੍ਰੇਟ ਦੀ ਵੱਧ ਮਾਤਰਾ |
ਨਵਜੰਮੇ ਬੱਚਿਆਂ ਵਿਚ ਆਕਸੀਜਨ ਦੀ ਘਾਟ, ਨੀਲਾ ਰੰਗ |
ਆਰਸਨਿਕ ਜ਼ਹਿਰੀਲਾ ਪ੍ਰਭਾਵ |
ਆਰਸਨਿਕ |
ਚਮੜੀ ’ਤੇ ਧੱਬੇ, ਪੇਟ ਦਰਦ, ਲੀਵਰ/ਕੈਂਸਰ |
ਕੈਂਸਰ (ਅੰਗ-ਵਿਸ਼ੇਸ਼) |
ਲੰਬੇ ਸਮੇਂ ਤੱਕ ਆਰਸਨਿਕ, ਨਾਈਟ੍ਰੇਟ, VOCs |
ਲਗਾਤਾਰ ਥਕਾਵਟ, ਖੂਨ ਦੀ ਕਮੀ, ਅੰਗ-ਰੋਗ |
'ਸਭ ਤੋਂ ਵੱਡਾ Scam ਕਾਰੋਬਾਰ': 61 ਲੱਖ ਰੁਪਏ ਦੇ ਸਿਹਤ ਬੀਮਾ Claim ਨੂੰ ਰੱਦ ਕਰਨ 'ਤੇ ਮਚਿਆ ਹੰਗਾਮਾ
NEXT STORY