ਸ਼ਿਮਲਾ (ਕੁਲਦੀਪ/ਭਾਸ਼ਾ)- ਹੁਣ ਹਿਮਾਚਲ ਪ੍ਰਦੇਸ਼ ’ਚ 6 ਨਹੀਂ ਸਗੋਂ 9 ਵਿਧਾਨ ਸਭਾ ਹਲਕਿਆਂ ਲਈ ਲੋਕ ਸਭਾ ਚੋਣਾਂ ਦੇ ਨਾਲ ਹੀ ਜ਼ਿਮਨੀ ਚੋਣਾਂ ਹੋਣਗੀਆਂ। ਅਜਿਹਾ ਇਸ ਲਈ ਕਿਉਂਕਿ ਸੂਬੇ ਦੇ 3 ਆਜ਼ਾਦ ਵਿਧਾਇਕਾਂ ਹੁਸ਼ਿਆਰ ਸਿੰਘ (ਡੇਹਰਾ), ਕੇ. ਐੱਲ. ਠਾਕੁਰ (ਨਾਲਾਗੜ੍ਹ) ਤੇ ਆਸ਼ੀਸ਼ ਸ਼ਰਮਾ (ਹਮੀਰਪੁਰ) ਨੇ ਸ਼ੁੱਕਰਵਾਰ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਅਸਤੀਫ਼ਾ ਦੇ ਚੁੱਕੇ ਕਾਂਗਰਸ ਦੇ 6 ਬਾਗੀ ਅਤੇ 3 ਆਜ਼ਾਦ ਵਿਧਾਇਕ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਨਗੇ। ਇਹ ਤਿੰਨੇ ਆਜ਼ਾਦ ਵਿਧਾਇਕ ਸਖ਼ਤ ਸੁਰੱਖਿਆ ਘੇਰੇ ’ਚ ਦਿੱਲੀ ਤੋਂ ਵਿਸ਼ੇਸ਼ ਚਾਰਟਰਡ ਫਲਾਈਟ ਰਾਹੀਂ ਸ਼ਿਮਲਾ ਪਹੁੰਚੇ ਅਤੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ।
ਕਾਂਗਰਸ ਦੇ 6 ਬਾਗੀ ਵਿਧਾਇਕਾਂ ਸੁਧੀਰ ਸ਼ਰਮਾ, ਰਾਜਿੰਦਰ ਰਾਣਾ, ਰਵੀ ਠਾਕੁਰ, ਇੰਦਰ ਦੱਤ ਲਖਨਪਾਲ, ਦੇਵੇਂਦਰ ਕੁਮਾਰ ਤੇ ਚੈਤਨਯ ਸ਼ਰਮਾ ਨੇ ਸੁਪਰੀਮ ਕੋਰਟ ਤੋਂ ਆਪਣਾ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਪ੍ਰਕਿਰਿਆ ਮੁਕੰਮਲ ਹੁੰਦੇ ਹੀ 6 ਕਾਂਗਰਸੀ ਬਾਗੀ ਤੇ 3 ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ, ਕੇ. ਐੱਲ. ਠਾਕੁਰ ਅਤੇ ਆਸ਼ੀਸ਼ ਸ਼ਰਮਾ ਭਾਜਪਾ ’ਚ ਸ਼ਾਮਲ ਹੋਣਗੇ। ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਪਿੱਛੋਂ ਤਿੰਨੋ ਵਿਧਾਇਕ ਰਾਜ ਭਵਨ ਪਹੁੰਚੇ। ਉਨ੍ਹਾਂ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਤਿੰਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਅਤੇ ਆਪਣੇ ਅਸਤੀਫਿਆਂ ਦੀ ਕਾਪੀ ਸੌਂਪੀ। ਹੁਣ ਜਿਨ੍ਹਾਂ 9 ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਹੋਣਗੀਆਂ, ਉਨ੍ਹਾਂ ’ਚ ਨਾਲਾਗੜ੍ਹ, ਦੇਹਰਾ, ਹਮੀਰਪੁਰ, ਧਰਮਸ਼ਾਲਾ, ਸੁਜਾਨਪੁਰ, ਗਗਰੇਟ, ਕੁਤਲਾਹੜ, ਲਾਹੌਲ-ਸਪੀਤੀ ਅਤੇ ਬਡਸਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਹਾਦਸਾ; ਬਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਰੱਕ ਦੀ ਟੱਕਰ, 3 ਬੱਚਿਆਂ ਦੀ ਮੌਤ
NEXT STORY