ਹਰਿਆਣਾ/ਨਵੀਂ ਦਿੱਲੀ- ਕਾਂਗਰਸ ਦੀ ਹਰਿਆਣਾ ਇਕਾਈ 'ਚ ਚੱਲ ਰਹੇ ਤਣਾਅ ਦਰਮਿਆਨ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੇ ਸਮਰਥਕ ਕਰੀਬ 20 ਵਿਧਾਇਕਾਂ ਨੇ ਸੋਮਵਾਰ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੇ ਮੌਜੂਦਾ ਹਾਲਾਤ ਦਾ ਜ਼ਿਕਰ ਕਰਦੇ ਹੋਏ ਮਜ਼ਬੂਤ ਲੀਡਰਸ਼ਿਪ ਦੀ ਮੰਗ ਉਠਾਈ। ਹੁੱਡਾ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਸਪੱਸ਼ਟ ਕੀਤਾ ਕਿ ਹਰਿਆਣਾ 'ਚ ਮਜ਼ਬੂਤ ਲੀਡਰਸ਼ਿਪ ਅਤੇ ਸੰਗਠਨ ਦੀ ਬਦੌਲਤ ਹੀ ਭਾਜਪਾ ਸਰਕਾਰ ਨੂੰ ਕਾਰਗਰ ਢੰਗ ਨਾਲ ਚੁਣੌਤੀ ਦਿੱਤੀ ਜਾ ਸਕਦੀ ਹੈ। ਦੂਜੇ ਪਾਸੇ, ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸੈਲਜਾ ਦੇ ਕਰੀਬੀ ਸੂਤਰਾਂ ਨੇ ਵੇਨੂੰਗੋਪਾਲ ਨਾਲ ਵਿਧਾਇਕਾਂ ਦੀ ਮੁਲਾਕਾਤ ਨੂੰ ਜ਼ਿਆਦਾ ਤਵਜੋਂ ਨਹੀਂ ਦਿੰਦੇ ਹੋਏ ਕਿਹਾ ਕਿ ਪ੍ਰਦੇਸ਼ 'ਚ ਸੰਗਠਨ ਦੇ ਨਿਰਮਾਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰੇ ਦਾ ਦੌਰ ਚੱਲ ਰਿਹਾ ਹੈ ਅਤੇ ਇਹ ਮੁਲਾਕਾਤ ਵੀ ਇਸੇ ਨਾਲ ਜੁੜੀ ਹੈ। ਸੈਲਜਾ ਸਮਰਥਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਨੇਤਾ ਓਮਪ੍ਰਕਾਸ਼ ਚੌਟਾਲਾ ਵੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਹੁੱਡਾ ਧਿਰ ਆਪਣੀ ਸਰਗਰਮੀ ਵਧਾਉਣ ਦੀ ਕੋਸ਼ਿਸ਼ 'ਚ ਹੈ ਤਾਂ ਕਿ ਜਾਟ ਭਾਈਚਾਰੇ ਵਿਚਾਲੇ ਪਕੜ ਨੂੰ ਬਣਾਈ ਰੱਖਿਆ ਜਾ ਸਕੇ। ਕਾਂਗਰਸ ਦੇ ਇਕ ਭਰੋਸੇਯੋਗ ਸੂਤਰ ਨੇ ਦੱਸਿਆ,''ਹੁੱਡਾ ਸਮਰਥਕ ਵਿਧਾਇਕਾਂ ਨੇ ਵੇਨੂੰਗੋਪਾਲ ਨਾਲ ਮੁਲਾਕਾਤ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਿਛਲੇ ਕੁਝ ਸਾਲਾਂ ਤੋਂ ਹਰਿਆਣਾ ਕਾਂਗਰਸ 'ਚ ਸੰਗਠਨ ਨਹੀਂ ਬਣ ਸਕਿਆ ਹੈ। ਉਨ੍ਹਾਂ ਨੇ ਇਹ ਮੰਗ ਵੀ ਚੁੱਕੀ ਕਿ ਮੌਜੂਦਾ ਹਾਲਾਤ 'ਚ ਉੱਥੇ ਕਾਂਗਰਸ ਨੂੰ ਮਜ਼ਬੂਤ ਅਗਵਾਈ ਦੀ ਜ਼ਰੂਰਤ ਹੈ।''
ਪਿਛਲੇ ਦਿਨੀਂ ਹੁੱਡਾ ਸਮਰਥਕ 19 ਵਿਧਾਇਕਾਂ ਨੇ ਕਾਂਗਰਸ ਹਰਿਆਣਾ ਇੰਚਾਰਜ ਵਿਕੇਕ ਬੰਸਲ ਨਾਲ ਮੁਲਾਕਾਤ ਕਰ ਕੇ ਕੁਮਾਰੀ ਸੈਲਜਾ ਨੂੰ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਹੁੱਡਾ ਸਮਰਥਕ ਇਕ ਸੀਨੀਅਰ ਨੇਤਾ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਹੁੱਡਾ ਜੀ ਦੀ ਅਗਵਾਈ 'ਚ ਹੀ ਭਾਜਪਾ ਦੀ ਸਰਕਾਰ ਨੂੰ ਜ਼ਿਆਦਾ ਕਾਰਗਰ ਢੰਗ ਨਾਲ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਕਾਂਗਰਸ ਮਜ਼ਬੂਤ ਹੋ ਸਕਦੀ ਹੈ।'' ਦੂਜੇ ਪਾਸੇ ਸੈਲਜਾ ਸਮਰਥਕ ਇਕ ਨੇਤਾ ਦਾ ਕਹਿਣਾ ਹੈ,''ਮੌਜੂਦਾ ਸਿਆਸੀ ਗਤੀਵਿਧੀ ਕਾਰਨ ਓਮ ਪ੍ਰਕਾਸ਼ ਚੌਟਾਲਾ ਦੀ ਜੇਲ੍ਹ ਤੋਂ ਰਿਹਾਈ ਅਤੇ ਜਾਟ ਰਾਜਨੀਤੀ ਹੈ। ਹੁੱਡਾ ਧਿਰ ਜਾਟ ਭਾਈਚਾਰੇ ਵਿਚਾਲੇ ਆਪਣੀ ਪਕੜ ਬਣਾਈ ਰੱਖਣਾ ਚਾਹੁੰਦਾ ਹੈ ਅਤੇ ਉਸ ਨੂੰ ਇਹ ਪਤਾ ਹੈ ਕਿ ਇਸ 'ਚ ਓਮ ਪ੍ਰਕਾਸ਼ ਚੌਟਾਲਾ ਤੋਂ ਉਸ ਨੂੰ ਚੁਣੌਤੀ ਮਿਲ ਸਕਦੀ ਹੈ।'' ਦੱਸਣਯੋਗ ਹੈ ਕਿ ਅਧਿਆਪਕ ਭਰਤੀ ਘਪਲਾ ਮਾਮਲੇ 'ਚ ਕਰੀਬ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਚੌਟਾਲਾ ਹਰਿਆਣਾ ਦੀ ਰਾਜਨੀਤੀ 'ਚ ਵੱਡੇ ਜਾਟ ਨੇਤਾ ਦੇ ਤੌਰ 'ਤੇ ਦੇਖੇ ਜਾਂਦੇ ਹਨ। ਦੂਜੇ ਪਾਸੇ ਹੁੱਡਾ ਵੀ ਸੂਬੇ ਦੇ ਵੱਡੇ ਜਾਟ ਨੇਤਾ ਹਨ। ਸੂਬੇ 'ਚ ਕਿਸੇ ਸਰਕਾਰ ਨੂੰ ਬਣਾਉਣ 'ਚ ਜਾਟ ਵੋਟਰਾਂ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾਂਦੀ ਹੈ।
ਭਾਰਤ ’ਚ ਕੋਰੋਨਾ ਦੀ ਮੱਠੀ ਹੋਈ ਰਫ਼ਤਾਰ, 111 ਦਿਨਾਂ ’ਚ ਆਏ 34,703 ਮਾਮਲੇ
NEXT STORY