ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਉਸ ਨੂੰ ਪੂਰਨ ਸੂਬੇ ਦਾ ਦਰਜਾ ਵੀ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦੇ ਸਿਆਸੀ ਭਵਿੱਖ ਦੇ ਸਬੰਧ ’ਚ ਉਥੋਂ ਦੇ ਸਿਆਸੀ ਦਲਾਂ ਨਾਲ ਸਲਾਹ-ਮਸ਼ਵਰੇ ਲਈ ਵੀਰਵਾਰ ਨੂੰ ਇਥੇ ਸੱਦੀ ਗਈ ਸਰਵ ਪਾਰਟੀ ਬੈਠਕ ’ਚ ਨੇਤਾਵਾਂ ਨਾਲ ਗੱਲਬਾਤ ’ਚ ਇਹ ਗੱਲ ਸਪਸ਼ਟ ਕੀਤੀ ਗਈ। ਬੈਠਕ ’ਚ ਸੰਵਿਧਾਨ ਦੇ ਆਰਟੀਕਲ 370 ਤੇ 35-ਏ ਬਾਰੇ ਕੋਈ ਗੱਲ ਨਹੀਂ ਹੋਈ ਜਦਕਿ ਹੱਦਬੰਦੀ ਨੂੰ ਲੈ ਕੇ ਬਣੇ ਅੜਿੱਕੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ।
ਚੰਗੇ ਮਾਹੌਲ ’ਚ ਸਾਢੇ 3 ਘੰਟੇ ਚੱਲੀ ਬੈਠਕ
ਲਗਭਗ ਸਾਢੇ 3 ਘੰਟਿਆਂ ਤੱਕ ਚੱਲੀ ਬੈਠਕ ਚੰਗੇ ਮਾਹੌਲ ’ਚ ਹੋਈ। ਬੈਠਕ ਤੋਂ ਨਿਕਲਣ ਮਗਰੋਂ ਸਾਰੇ ਨੇਤਾਵਾਂ ਨੇ ਕਿਹਾ ਕਿ ਬੈਠਕ ਹਾਂ-ਪੱਖੀ ਤੇ ਚੰਗੇ ਮਾਹੌਲ ’ਚ ਹੋਈ ਤੇ ਪ੍ਰਧਾਨ ਮੰਤਰੀ ਨੇ ਸਾਰੇ ਨੇਤਾਵਾਂ ਦੀ ਗੱਲ ਧਿਆਨ ਨਾਲ ਸੁਣੀ। ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਬੈਠਕ ’ਚ 5 ਸੂਤਰੀ ਮੰਗਾਂ ਰੱਖੀਆਂ। ਆਜ਼ਾਦ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਜੰਮੂ-ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਲਈ ਵਚਨਬੱਧ ਹੈ। ਜੰਮੂ-ਕਸ਼ਮੀਰ ਨੂੰ ਲੈ ਕੇ ਸਿਆਸੀ ਨਜ਼ਰੀਏ ਤੋਂ ਬੇਹੱਦ ਮਹੱਤਵਪੂਰਨ ਇਸ ਬੈਠਕ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਪ੍ਰਧਾਨ ਮੰਤਰੀ ਦਫਤਰ ’ਚ ਰਾਜ ਮੰਤਰੀ ਡਾ. ਜਤਿੰਦਰ ਸਿੰਘ, ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਕੇਂਦਰ ਸ਼ਾਸਿਤ ਸੂਬੇ ਦੇ ਉੱਪ ਰਾਜਪਾਲ ਮਨੋਜ ਸਿਨਹਾ ਤੇ ਕਈ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। 5 ਅਗਸਤ 2019 ਨੂੰ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਖਤਮ ਕਰਨ ਤੇ ਉਸ ਨੂੰ 2 ਕੇਂਦਰ ਸ਼ਾਸਿਤ ਸੂਬਿਆਂ ’ਚ ਵੰਡਣ ਤੋਂ ਬਾਅਦ ਕੇਂਦਰ ਵੱਲੋਂ ਉਥੋਂ ਦੇ ਸਿਆਸੀ ਦਲਾਂ ਨਾਲ ਪਹਿਲੀ ਵਾਰ ਗੱਲਬਾਤ ਕੀਤੀ ਗਈ।
ਦਿੱਲੀ ਦੀ ਦੂਰੀ ਤੇ ਦਿਲ ਦੀ ਦੂਰੀ ਮਿਟਾਉਣਾ ਚਾਹੁੰਦੇ ਹਾਂ
ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਲਗਭਗ ਸਾਢੇ 3 ਘੰਟਿਆਂ ਤੱਕ ਚੱਲੀ ਮਹਾਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਦਿੱਲੀ ਦੀ ਦੂਰੀ ਤੇ ਦਿਲ ਦੀ ਦੂਰੀ ਮਿਟਾਉਣਾ ਚਾਹੁੰਦੇ ਹਨ। ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਿਲਸਿਲੇਵਾਰ ਟਵੀਟ ਕਰਕੇ ਕਿਹਾ,‘ਸਰਕਾਰ ਦੀ ਪਹਿਲ ਕੇਂਦਰ ਸ਼ਾਸਿਤ ਸੂਬੇ ’ਚ ਜ਼ਮੀਨੀ ਪੱਧਰ ’ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ। ਹੱਦਬੰਦੀ ਤੇਜ਼ ਗਤੀ ਨਾਲ ਹੋਣੀ ਹੈ ਤਾਂ ਜੋ ਜੰਮੂ-ਕਸ਼ਮੀਰ ’ਚ ਚੋਣਾਂ ਹੋ ਸਕਣ ਤੇ ਉਥੇ ਇਕ ਚੁਣੀ ਹੋਈ ਸਰਕਾਰ ਮਿਲੇ, ਜਿਸ ਨਾਲ ਸੂਬੇ ਦੇ ਪੂਰਨ ਵਿਕਾਸ ਨੂੰ ਮਜ਼ਬੂਤੀ ਮਿਲੇ। ਮੈਂ ਜੰਮੂ-ਕਸ਼ਮੀਰ ਦੇ ਨੇਤਾਵਾਂ ਨੂੰ ਕਿਹਾ ਕਿ ਲੋਕਾਂ ਨੂੰ, ਖਾਸ ਤੌਰ ’ਤੇ ਨੌਜਵਾਨਾਂ ਨੂੰ , ਜੰਮੂ-ਕਸ਼ਮੀਰ ’ਚ ਸਿਆਸੀ ਅਗਵਾਈ ਦੇਣੀ ਹੈ ਤੇ ਉਨ੍ਹਾਂ ਦੀਆਂ ਉਮੀਦਾਂ ਦੀ ਪੂਰਤੀ ਤੈਅ ਕਰਨੀ ਹੈ।
ਕਠੁਆ ਦੇ ਸਰਹੱਦੀ ਪਿੰਡ ਦੀ ਕੋਵਿਡ-19 ਮਹਾਮਾਰੀ ’ਚ ਮਦਦ ਲਈ ਫੌਜ ਨੇ ਭੇਜੀਆਂ ਦਵਾਈਆਂ ਤੇ ਜ਼ਰੂਰੀ ਉਪਕਰਨ
NEXT STORY