ਛਤਰਪਤੀ ਸੰਭਾਜੀਨਗਰ (ਮਹਾਰਾਸ਼ਟਰ), (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਗੈਰ-ਕਾਨੂੰਨੀ ਪ੍ਰਵਾਸੀ ਹੁਣ ਦੇਸ਼ ਦੀ ਚੋਣ ਪ੍ਰਕਿਰਿਆ ’ਚ ਦਖਲ ਦੇ ਰਹੇ ਹਨ। ਇਸ ਬਾਰੇ ਜਾਗਰੂਕਤਾ ਹੋਣੀ ਚਾਹੀਦੀ ਹੈ।
ਅਮਰੀਕਾ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਸਪੱਸ਼ਟ ਸੰਦਰਭ ’ਚ ਉਨ੍ਹਾਂ ਕਿਹਾ ਕਿ ਹਰ ਭਾਰਤੀ ਨੂੰ ਪੁੱਛਣਾ ਚਾਹੀਦਾ ਹੈ ਕਿ ਸਾਡੇ ਦੇਸ਼ ’ਚ ਇਹ ਪ੍ਰਕਿਰਿਆ ਕਦੋਂ ਸ਼ੁਰੂ ਹੋਵੇਗੀ?
ਧਨਖੜ ਨੇ ਇੱਥੇ ਡਾ. ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਦੀ 65ਵੀਂ ਕਨਵੋਕੇਸ਼ਨ ’ਚ ਕਿਹਾ ਕਿ ਕਰੋੜਾਂ ਲੋਕ ਜਿਨ੍ਹਾਂ ਨੂੰ ਭਾਰਤ ’ਚ ਰਹਿਣ ਦਾ ਕੋਈ ਹੱਕ ਨਹੀਂ, ਇੱਥੇ ਰਹਿ ਰਹੇ ਹਨ। ਉਹ ਇੱਥੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਉਹ ਸਾਡੀ ਸਿੱਖਿਆ, ਸਿਹਤ ਤੇ ਰਿਹਾਇਸ਼ ਦੇ ਖੇਤਰ ’ਚ ਸਾਡੇ ਹੀ ਸੋਮਿਆਂ ਦੀ ਮੰਗ ਕਰ ਰਹੇ ਹਨ । ਹੁਣ ਮਾਮਲਾ ਹੋਰ ਅੱਗੇ ਵਧ ਗਿਆ ਹੈ। ਉਹ ਸਾਡੀ ਚੋਣ ਪ੍ਰਕਿਰਿਆ ’ਚ ਵੀ ਦਖਲ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ’ਚ ਅਜਿਹਾ ਮਾਹੌਲ ਬਣਾਈਏ ਕਿ ਹਰ ਭਾਰਤੀ ਇਸ ਤੋਂ ਜਾਣੂ ਹੋਵੇ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨਾਂ ਨੂੰ ਇਕ ਸ਼ਕਤੀਸ਼ਾਲੀ ਗਰੁੱਪ ਵਜੋਂ ਕੰਮ ਕਰਨਾ ਚਾਹੀਦਾ ਹੈ। ਜਨਤਕ ਪ੍ਰਤੀਨਿਧੀਆਂ ਤੇ ਸਰਕਾਰ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਆਪਣਾ ਕੰਮ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਸਾਡਾ ਧਰਮ ਹੈ ਤੇ ਸਭ ਤੋਂ ਵੱਡੀ ਪਹਿਲ ਹੈ।
ਧਨਖੜ ਨੇ ਧਰਮ ਤਬਦੀਲੀ ਦੇ ਮੁੱਦੇ ’ਤੇ ਵੀ ਗੱਲ ਕੀਤੀ ਤੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਪਾਲਣ ਕਰ ਸਕਦਾ ਹੈ ਪਰ ਧਰਮ ਤਬਦੀਲੀ ਲਾਲਚ ਰਾਹੀਂ ਹੋ ਰਹੀ ਹੈ।
ਭਾਰਤ ਦੇ ਵਿਕਸਤ ਦੇਸ਼ ਬਣਨ ਦੇ ਟੀਚੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਰਾਹ ’ਚ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਔਰੰਗਾਬਾਦ ਦਾ ਨਾਂ ਬਦਲ ਕੇ ਛਤਰਪਤੀ ਸੰਭਾਜੀਨਗਰ ਰੱਖਣ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਦੇਸ਼ ਆਪਣੇ ਮਾਣ ਨੂੰ ਯਕੀਨੀ ਬਣਾ ਰਿਹਾ ਹੈ, ਭਾਵੇਂ ਇਸ ’ਚ ਦੇਰੀ ਹੋਈ ਹੋਵੇ।
ਬਿਜਲੀ ਦੇ ਬਿੱਲ ਬਾਰੇ ਸੁਣ ਕੇ ਮਜ਼ਦੂਰ ਨੂੰ ਪੈ ਗਿਆ ਦਿਲ ਦਾ ਦੌਰਾ
NEXT STORY