ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਉੱਚ ਵਿਕਾਸ ਤੇ ਘੱਟ ਮਹਿੰਗਾਈ ਦਾ ਮਾਡਲ ਹੈ। ਉਨ੍ਹਾਂ ਸ਼ਨੀਵਾਰ ਇੱਥੇ ਕਿਹਾ ਕਿ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਦੇਸ਼ ਦੀ 8.2 ਫੀਸਦੀ ਦੀ ਜੀ. ਡੀ. ਪੀ. ਦੀ ਵਿਕਾਸ ਦਰ ਦਰਸਾਉਂਦੀ ਹੈ ਕਿ ਭਾਰਤ ਵਿਸ਼ਵ ਅਰਥਵਿਵਸਥਾ ਦਾ ਵਿਕਾਸ ਇੰਜਣ ਬਣ ਰਿਹਾ ਹੈ। ਭਾਰਤ ਦਾ ਭਰੋਸਾ ਬਸਤੀਵਾਦੀ ਮਾਨਸਿਕਤਾ ਕਾਰਨ ਹਿੱਲ ਗਿਆ ਸੀ ਪਰ ਹੁਣ ਅਸੀਂ ਇਸ ਤੋਂ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ’ਚ ਹੋ ਰਹੀਆਂ ਤਬਦੀਲੀਆਂ ਸਿਰਫ਼ ਸੰਭਾਵਨਾਵਾਂ ਬਾਰੇ ਨਹੀਂ ਹਨ, ਸਗੋਂ ਸੋਚ ਤੇ ਦਿਸ਼ਾ ਬਦਲਣ ਦੀ ਕਹਾਣੀ ਵੀ ਹਨ। ਅਸੀਂ ਇਕ ਅਜਿਹੇ ਮੋੜ ’ਤੇ ਖੜ੍ਹੇ ਹਾਂ ਜਿੱਥੇ 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ਨੇ ਬਹੁਤ ਸਾਰੇ ਉਤਰਾਅ-ਚੜ੍ਹਾਅ ਵੇਖੇ ਹਨ। ਵਿੱਤੀ ਸੰਕਟ, ਵਿਸ਼ਵ ਮਹਾਂਮਾਰੀ, ਤਕਨੀਕੀ ਰੁਕਾਵਟਾਂ ਤੇ ਜੰਗਾਂ ਅਸੀਂ ਵੇਖ ਰਹੇ ਹਾਂ। ਇਹ ਹਾਲਾਤ ਕਿਸੇ ਨਾ ਕਿਸੇ ਰੂਪ ’ਚ ਦੁਨੀਆ ਲਈ ਚੁਣੌਤੀਆਂ ਖੜ੍ਹੀਆਂ ਕਰਦੇ ਰਹਿੰਦੇ ਹਨ। ਦੁਨੀਆ ਗੈਰਯਕੀਨੀ ਆਂ ਨਾਲ ਭਰੀ ਹੋਈ ਹੈ ਪਰ ਭਾਰਤ ਨੂੰ ਇੱਕ ਵੱਖਰੇ ਵਰਗ ’ਚ ਦੇਖਿਆ ਜਾ ਰਿਹਾ ਹੈ।
ਮੋਦੀ ਨੇ ਕਿਹਾ ਕਿ ਜਦੋਂ ਆਰਥਿਕ ਮੰਦੀ ਦੀ ਗੱਲ ਹੁੰਦੀ ਹੈ ਤਾਂ ਭਾਰਤ ਵਿਕਾਸ ਦੀ ਕਹਾਣੀ ਲਿਖਦਾ ਹੈ। ਜਦੋਂ ਦੁਨੀਆ ’ਚ ਭਰੋਸੇ ਦੀ ਘਾਟ ਹੁੰਦੀ ਹੈ ਤਾਂ ਭਾਰਤ ਭਰੋਸੇ ਦਾ ਥੰਮ੍ਹ ਬਣ ਜਾਂਦਾ ਹੈ। ਜਦੋਂ ਦੁਨੀਆ ਟੁਟਦੀ ਹੈ ਤਾਂ ਭਾਰਤ ਇਕ ਪੁਲ ਵਜੋਂ ਕੰਮ ਕਰਦਾ ਹੈ। ਦੂਜੀ ਤਿਮਾਹੀ ’ਚ ਭਾਰਤ ਦੀ ਕੁੱਲ ਘਰੇਲੂ ਉਤਪਾਦ ਦੀ 8 ਫੀਸਦੀ ਤੋਂ ਵੱਧ ਵਿਕਾਸ ਦਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੀ ਰਫਤਾਰ ਦਾ ਪ੍ਰਤੀਕ ਹੈ।
ਭਾਰਤ ਵਿਸ਼ਵਿਵਆਪੀ ਅਰਥਵਿਵਸਥਾ ਦਾ ਵਿਕਾਸ ਇੰਜਣ ਬਣ ਰਿਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇਕ ਗਿਣਤੀ ਨਹੀਂ ਸਗੋਂ ਇਕ ਮਜ਼ਬੂਤ ਆਰਥਿਕ ਸੰਕੇਤ ਹੈ। ਇਹ ਅਜਿਹਾ ਸੰਦੇਸ਼ ਹੈ ਕਿ ਭਾਰਤ ਵਿਸ਼ਵਵਿਆਪੀ ਅਰਥਵਿਵਸਥਾ ਦਾ ਵਿਕਾਸ ਇੰਜਣ ਬਣ ਰਿਹਾ ਹੈ। ਵਿਸ਼ਵ ਵਿਕਾਸ ਦਰ ਲਗਭਗ 3 ਫੀਸਦੀ ਹੈ, ਜਦੋਂ ਕਿ ਜੀ-7 ਅਰਥਵਿਵਸਥਾਵਾਂ ਲਗਭਗ 1.5 ਫੀਸਦੀ ਦੀ ਔਸਤ ਦਰ ਨਾਲ ਵਧ ਰਹੀਆਂ ਹਨ। ਅਜਿਹੇ ਸਮੇਂ ’ਚ ਭਾਰਤ ਉੱਚ ਵਿਕਾਸ ਤੇ ਘੱਟ ਮਹਿੰਗਾਈ ਦਾ ਇੱਕ ਮਾਡਲ ਹੈ।
ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਲੋਕ ਖਾਸ ਕਰ ਕੇ ਸਾਡੇ ਦੇਸ਼ ਦੇ ਅਰਥਸ਼ਾਸਤਰੀ, ਉੱਚ ਮਹਿੰਗਾਈ ਬਾਰੇ ਚਿੰਤਾ ਪ੍ਰਗਟ ਕਰਦੇ ਸਨ ਪਰ ਉਹੀ ਲੋਕ ਹੁਣ ਮਹਿੰਗਾਈ ਦੇ ਘਟਣ ਬਾਰੇ ਗੱਲ ਕਰਦੇ ਹਨ। ਭਾਰਤ ਦੀਆਂ ਪ੍ਰਾਪਤੀਆਂ ਸਾਧਾਰਨ ਨਹੀਂ ਹਨ, ਇਹ ਗਿਣਤੀਆਂ ਦੀ ਗੱਲ ਨਹੀਂ ਹੈ, ਸਗੋਂ ਪਿਛਲੇ ਦਹਾਕੇ ’ਚ ਹੋਈਆਂ ਬੁਨਿਆਦੀ ਤਬਦੀਲੀਆਂ ਹਨ।
ਗੋਆ ਦੇ ਨਾਈਟ ਕਲੱਬ 'ਚ ਭਿਆਨਕ ਸਿਲੰਡਰ ਧਮਾਕਾ, 23 ਲੋਕਾਂ ਦੀ ਦਰਦਨਾਕ ਮੌਤ
NEXT STORY