ਨਵੀਂ ਦਿੱਲੀ- ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਬੁਲਾਰਿਆਂ ਨੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਨੂੰ ਕਿਹਾ ਕਿ ਉਨ੍ਹਾਂ ਨੂੰ ਜਨਤਕ ਮੰਚਾਂ 'ਤੇ ਐੱਨ.ਡੀ.ਏ. ਸਹਿਯੋਗੀਆਂ ਵਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਦਾ ਬਚਾਅ ਕਰਨ 'ਚ ਕਠਿਨਾਈ ਹੋ ਰਹੀ ਹੈ। ਹਾਲ ਹੀ 'ਚ ਰਾਜ 'ਚ ਬੰਦ ਕਮਰੇ 'ਚ ਹੋਈ ਬੈਠਕ 'ਚ ਇਹ ਵਿਚਾਰ ਜ਼ਾਹਰ ਕੀਤੇ ਗਏ। ਹਾਲ ਹੀ 'ਚ ਰਾਜ 'ਚ ਭਾਜਪਾ ਦੇ ਤਿੰਨ ਸਹਿਯੋਗੀ ਦਲਾਂ- ਆਪਣਾ ਦਲ (ਐੱਸ) ਦੀ ਅਨੁਪ੍ਰਿਆ ਪਟੇਲ, ਨਿਸ਼ਾਦ ਪਾਰਟੀ ਦੇ ਸੰਜੇ ਨਿਸ਼ਾਦ ਅਤੇ ਐੱਸ.ਬੀ.ਐੱਸ.ਪੀ. ਦੇ ਓ.ਪੀ. ਰਾਜਭਰ ਨੇ ਅਜਿਹੇ ਵਿਚਾਰ ਜ਼ਾਹਰ ਕੀਤੇ, ਜਿਨ੍ਹਾਂ ਨੂੰ ਸਰਕਾਰ ਖ਼ਿਲਾਫ਼ ਮੰਨਿਆ ਗਿਆ। ਪਟੇਲ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖ ਕੇ ਕਿਹਾ ਕਿ ਓ.ਬੀ.ਸੀ. ਭਾਈਚਾਰੇ ਦੇ ਵਿਦਿਆਰਥੀਆਂ ਦੀ ਰਾਜ ਸਰਕਾਰ ਦੀਆਂ ਨੌਕਰੀਆਂ ਲਈ ਇੰਟਰਵਿਊ 'ਚ ਚੋਣ ਨਹੀਂ ਹੁੰਦੀ ਹੈ। ਇਸ ਤੋਂ ਬਾਅਦ ਪਾਰਟੀ ਦੇ ਸੰਸਥਾਪਕ ਸੋਨੀ ਲਾਲ ਪਟੇਲ ਦੀ ਜਯੰਤੀ 'ਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਜ 'ਚ 69,000 ਅਧਿਆਪਕਾਂ ਦੀ ਭਰਤੀ ਦੀ ਮੁਹਿੰਮ ਦੌਰਾਨ ਓ.ਬੀ.ਸੀ. ਭਾਈਚਾਰੇ ਦੇ ਬਿਨੈਕਾਰਾਂ ਨਾਲ ਉੱਚਿਤ ਰਵੱਈਆ ਨਹੀਂ ਕੀਤਾ ਗਿਆ।
ਪਟੇਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਅਪੀਲ ਕਰਨ ਤੋਂ ਬਾਅਦ ਵੀ ਇਸ ਮੁੱਦੇ ਦਾ ਹੱਲ ਨਹੀਂ ਹੋਇਆ ਹੈ ਅਤੇ ਇਸ ਨਾਲ ਹਾਲ ਦੀਆਂ ਲੋਕ ਸਭਾ ਚੋਣਾਂ 'ਚ ਐੱਨ.ਡੀ.ਏ. ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਨਿਸ਼ਾਦ ਨੇ ਸੂਬਾ ਸਰਕਾਰ 'ਤੇ ਨਿਸ਼ਾਦਾਂ ਦੇ ਪੂਰੇ ਵੋਟ ਨਾ ਮਿਲਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ,''ਸੂਬੇ 'ਚ ਐੱਸ.ਸੀ. ਸ਼੍ਰੇਣੀ 'ਚ ਨਿਸ਼ਾਦ ਭਾਈਚਾਰੇ ਲਈ ਰਾਖਵਾਂਕਰਨ ਦੀ ਮੰਗ ਲੰਬੇ ਸਮੇਂ ਤੋਂ ਪੈਂਡਿੰਗ ਹੈ। 2019 ਅਤੇ 2022 'ਚ ਭਾਜਪਾ ਨੂੰ ਵੋਟ ਦੇਣ ਵਾਲੇ ਭਾਈਚਾਰੇ ਨੂੰ ਲੱਗਾ ਕਿ ਸਰਕਾਰ ਗੰਭੀਰ ਨਹੀਂ ਹੈ ਅਤੇ ਇਕ ਵਰਗ ਐੱਨ.ਡੀ.ਏ. ਤੋਂ ਦੂਰ ਚਲਾ ਗਿਆ ਹੈ।'' ਇਸੇ ਤਰ੍ਹਾਂ ਰਾਜਭਰ ਨੇ ਇਕ ਬੈਠਕ 'ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਅਤੇ ਕੈਡਰ ਨੇ ਐੱਨ.ਡੀ.ਏ. ਉਮੀਦਵਾਰਾਂ ਨੂੰ ਵੋਟ ਦਿੱਤਾ ਪਰ ਮੋਦੀ-ਯੋਗੀ ਵੋਟ 'ਚ ਸੇਂਧ ਲੱਗੀ ਅਤੇ ਇਸ ਦਾ ਨਤੀਜਾ ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹਾਰ ਵਜੋਂ ਮਿਲਿਆ। ਕਈ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਹਿਯੋਗੀ ਦਲਾਂ ਦੇ ਅਜਿਹੇ ਬਿਆਨਾਂ ਦਾ ਜਵਾਬ ਦੇਣਾ ਮੁਸ਼ਕਲ ਲੱਗਦਾ ਹੈ ਅਤੇ ਇਸ ਨਾਲ ਵਿਰੋਧੀ ਧਿਰ ਨੂੰ ਐੱਨ.ਡੀ.ਏ. 'ਤੇ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ ਹੈ। ਕੁਝ ਬੁਲਾਰਿਆਂ ਨੇ ਚੋਣਾਂ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਦੇ ਅੰਦਰ ਤੋਂ ਹੋ ਰਹੀਆਂ ਆਲੋਚਨਾਵਾਂ ਨੂੰ ਵੀ ਉਜਾਗਰ ਕੀਤਾ ਅਤੇ ਲੀਡਰਸ਼ਿਪ ਤੋਂ ਪੁੱਛਿਆ ਕਿ ਇਨ੍ਹਾਂ ਦਾ ਜਨਤਕ ਰੂਪ ਨਾਲ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਕੰਨੌਜ ਦੇ ਸਾਬਕਾ ਸੰਸਦ ਮੈਂਬਰ ਸੁਬ੍ਰਤ ਪਾਠਕ ਨੇ ਕਿਹਾ ਕਿ ਭਰਤੀ ਅਤੇ ਮੁਕਾਬਲਾ ਪ੍ਰੀਖਿਆਵਾਂ 'ਚ ਪੇਪਰ ਲੀਕ ਹੋਣ ਕਾਰਨ ਪਾਰਟੀ ਹਾਰੀ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਰਵਿੰਦਰ ਕੁਸ਼ਵਾਹਾ ਨੇ ਦੋਸ਼ ਲਗਾਇਆ ਕਿ ਸਲੇਮਪੁਰ ਲੋਕ ਸਭਾ ਸੀਟ ਤੋਂ ਉਨ੍ਹਾਂ ਦੀ ਹਾਰ ਪਾਰਟੀ ਦੇ ਕੁਝ ਆਗੂਆਂ ਕਾਰਨ ਹੋਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵੇਂ ਰਿਕਾਰਡ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ-ਨਿਫਟੀ ਆਲ ਟਾਇਮ ਹਾਈ
NEXT STORY