ਨਵੀਂ ਦਿੱਲੀ- ਦਿੱਲੀ ਪੁਲਸ ਵੱਲੋਂ 12 ਅਪ੍ਰੈਲ 2021 ਨੂੰ ਪੰਜਾਬੀ ਬਾਗ ’ਚ ਲਾਲ ਬੱਤੀ ਦੇ ਕੋਲ ਇਕ ਕਾਰ ’ਚੋਂ ਜ਼ਬਤ ਕੀਤੀ ਗਈ 2 ਕਰੋਡ਼ ਰੁਪਏ ਦੀ ਗ਼ੈਰ-ਕਾਨੂੰਨੀ ਨਕਦੀ ਦੇ ਮਾਮਲੇ ਵਿਚ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਬਰਾਮਦ ਹੋਈ ਗ਼ੈਰ-ਕਾਨੂੰਨੀ ਨਕਦੀ ਦੇ ਡਰੱਗ ਮਨੀ ਹੋਣ ਦਾ ਖਦਸ਼ਾ ਜਤਾਉਂਦੇ ਹੋਏ ਜੀ. ਕੇ. ਨੇ ਕਥਿਤ ਗ਼ੈਰ-ਕਾਨੂੰਨੀ ਨਕਦੀ ਦੇ ਅਕਾਲੀ ਦਲ ਬਾਦਲ ਦੇ ਦਿੱਲੀ ਦਫਤਰ ਤੋਂ ਪੰਜਾਬੀ ਬਾਗ ਜਾਣ ਵੱਲ ਇਸ਼ਾਰਾ ਵੀ ਕੀਤਾ ਹੈ।
ਜੀ. ਕੇ. ਨੇ ਕਿਹਾ ਕਿ ਅਕਾਲੀ ਨੇਤਾਵਾਂ ਦੇ ਡਰੱਗ ਮਾਫੀਆ ਨਾਲ ਗੰਢ-ਤੁੱਪ ਹੋਣ ਦੇ ਇਲਜ਼ਾਮ ਲੱਗਦੇ ਰਹੇ ਹਨ। ਇਸ ਲਈ ਹੋ ਸਕਦਾ ਹੈ ਕਿ ਇਹ ਰਕਮ ਦਿੱਲੀ ਕਮੇਟੀ ਚੋਣ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੰਜਾਬੀ ਬਾਗ ਲਿਜਾਈ ਗਈ ਹੋਵੇ। ਪਹਿਲਾਂ ਵੀ ਅਕਾਲੀ ਦਲ ਵੱਲੋਂ ਸਿਗਰਟ ਅਤੇ ਸ਼ਰਾਬ ਕੰਪਨੀਆਂ ਤੋਂ ਚੰਦਾ ਲੈਣ ਦੇ ਸਬੂਤ ਸਾਹਮਣੇ ਆ ਚੁੱਕੇ ਹਨ। ਇਸ ਲਈ ਅਕਾਲੀ ਦਲ ਅਤੇ ਨਸ਼ਾ ਮਾਫੀਆ ਦੇ ਵਿਚ ਕਥਿਤ ਤੌਰ ’ਤੇ ਡੂੰਘੇ ਸਬੰਧ ਮੰਨੇ ਜਾਂਦੇ ਹਨ। ਜੀ. ਕੇ. ਨੇ ਆਜ਼ਾਦ ਜਾਂਚ ਟੀਮ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਬਾਦਲ ਪਿਤਾ-ਪੁੱਤਰ ਅਤੇ ਨਸ਼ਾ ਮਾਫੀਆ ਦੇ ਸਬੰਧਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਵਾਬੀ ਹਮਲਾ ਕਰਦਿਆਂ ਮਨਜੀਤ ਸਿੰਘ ਜੀ. ਕੇ. ਅਤੇ ਪ੍ਰਮੁੱਖ ਵਿਰੋਧੀ ਪਾਰਟੀ ਸਰਨਾ ਦਲ ਨੂੰ ਹੀ ਲਪੇਟੇ ’ਚ ਲਿਆ ਹੈ। ਕਾਲਕਾ ਨੇ ਕਿਹਾ ਕਿ ਸਰਨਾ ਭਰਾਵਾਂ ਨੇ ਜੀ. ਕੇ. ਲਈ 2 ਕਰੋੜ ਰੁਪਏ ਭੇਜੇ ਸਨ। ਇਸ ਘਟਨਾ ਪਿੱਛੋਂ ਦੋਹਾਂ ਪਾਰਟੀਆਂ ਦੀ ਗੰਢ-ਤੁੱਪ ਬੇਨਕਾਬ ਹੋਈ ਹੈ। ਕਾਲਕਾ ਨੇ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਰਨਾ ਭਰਾਵਾਂ ਨੇ ਪੰਜਾਬ ’ਚ ਸ਼ਰਾਬ ਦੇ ਕਾਰੋਬਾਰ ਤੋਂ ਕਮਾਏ 2 ਕਰੋੜ ਰੁਪਏ ਦਿੱਲੀ ਕਮੇਟੀ ਦੀਆਂ ਮੌਜੂਦਾ ਚੋਣਾਂ ਲਈ ਹੋਏ ਸਮਝੌਤੇ ਅਧੀਨ ਜੀ. ਕੇ. ਨੂੰ ਭੇਜਣੇ ਸਨ। ਜਦੋਂ ਇਹ ਪੈਸਾ ਉਨਾਂ ਦੀ ਪੰਜਾਬੀ ਬਾਗ ਰਿਹਾਇਸ਼ ਤੋਂ ਜੀ. ਕੇ. ਦੀ ਰਿਹਾਇਸ਼ ਵੱਲ ਰਵਾਨਾ ਕੀਤਾ ਗਿਆ ਤਾਂ ਰਾਹ ’ਚ ਫੜਿਆ ਗਿਆ। ਕਾਲਕਾ ਨੇ ਕਿਹਾ ਕਿ ਸਰਨਾ ਅਤੇ ਜੀ. ਕੇ. ਭਾਵੇਂ ਇਸ ਤਰ੍ਹਾਂ ਦਾ ਪੈਸਾ ਆਪਸ ਵਿਚ ਵੰਡ ਲੈਣ ਪਰ ਦਿੱਲੀ ਦੀ ਸੰਗਤ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਤੋਂ ਜਾਣੂ ਹੈ। ਉਹ ਉਨ੍ਹਾਂ ਦੇ ਘਟੀਆ ਹੱਥਕੰਡਿਆਂ ਨੂੰ ਮੂੰਹ ਨਹੀਂ ਲਾਵੇਗੀ।
ਪੁਲਸ ਨੇ ਕਿਹਾ- 1 ਕਰੋੜ ਦੀ ਰਕਮ ਮਿਲੀ
12 ਅਪ੍ਰੈਲ ਨੂੰ ਪੰਜਾਬੀ ਬਾਗ ’ਚ ਇਕ ਕਾਰ ’ਚੋਂ 2 ਕਰੋੜ ਰੁਪਏ ਬਰਾਮਦ ਕੀਤੇ ਗਏ। ਪੁਲਸ ਸਿਰਫ਼ 1 ਕਰੋੜ ਰੁਪਏ ਮਿਲਣ ਦੀ ਗੱਲ ਕਹਿ ਰਹੀ ਹੈ। ਕਾਰ ਵਿਚ ਸਵਾਰ 3 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਆਦਮਨ ਟੈਕਸ ਵਿਭਾਗ ਨੇ ਇਸ ਮਾਮਲੇ ਵਿਚ ਰਸਮੀ ਤੌਰ ’ਤੇ ਮਾਮਲਾ ਦਰਜ ਕਰਨ ਪਿਛੋਂ 1 ਕਰੋੜ ਰੁਪਏ ਬਰਾਮਦ ਹੋਣ ਦੀ ਗੱਲ ਆਖੀ ਹੈ। ਪੰਜਾਬੀ ਬਾਗ ਵਿਚ ਰਹਿਣ ਵਾਲੇ ਦੋ ਸਿੱਖ ਆਗੂਆਂ ਨੂੰ ਆਮਦਨ ਟੈਕਸ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ।
ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ
NEXT STORY