ਸ਼੍ਰੀਨਗਰ/ਜੰਮੂ, (ਉਦੇ ਭਾਸਕਰ)-ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਮੰਗਲਵਾਰ ਆਏ ਨਤੀਜਿਆਂ ਦੌਰਾਨ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ। ਗੱਠਜੋੜ ਨੂੰ 48 ਸੀਟਾਂ ਮਿਲੀਆਂ ਹਨ। ਨੈਸ਼ਨਲ ਕਾਨਫਰੰਸ ਨੇ 42 ਤੇ ਸਹਿਯੋਗੀ ਕਾਂਗਰਸ ਨੇ 6 ਸੀਟਾਂ ਜਿੱਤੀਆਂ ਹਨ। ਸਰਕਾਰ ਬਣਾਉਣ ਦੀ ਇੱਛੁਕ ਭਾਰਤੀ ਜਨਤਾ ਪਾਰਟੀ ਨੂੰ 29 ਸੀਟਾਂ ਹੀ ਮਿਲੀਆਂ ਹਨ। ਪੀ. ਡੀ. ਪੀ. 3 ਸੀਟਾਂ ’ਤੇ ਸਿਮਟ ਗਈ।
ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਵੀ ਕੁਝ ਜ਼ਿਆਦਾ ਨਹੀਂ ਕਰ ਸਕੇ। ਵੋਟਰਾਂ ਨੇ ਉਨ੍ਹਾਂ ਪ੍ਰਤੀ ਬਹੁਤਾ ਭਰੋਸਾ ਨਹੀਂ ਵਿਖਾਇਆ। ਨੌਸ਼ਹਿਰਾ ਵਿਧਾਨ ਸਭਾ ਸੀਟ ਤੋਂ ਹਾਰਨ ਪਿੱਛੋਂ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਅਾਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਮਰ ਅਬਦੁੱਲਾ ਦੋਹਾਂ ਹਲਕਿਆਂ ਤੋਂ ਜੇਤੂ ਰਹੇ ਹਨ। ਭਾਰਤੀ ਜਨਤਾ ਪਾਰਟੀ ਨੂੰ ਜੰਮੂ ਡਿਵੀਜ਼ਨ ਵਿਚ ਹੀ 29 ਸੀਟਾਂ ਮਿਲੀਆਂ ਹਨ। 2014 ਵਿਚ ਉਸ ਨੂੰ 25 ਸੀਟਾਂ ਮਿਲੀਆਂ ਸਨ। ਕਸ਼ਮੀਰ ’ਚ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦਾ ‘ਕਮਲ’ ਉੱਥੇ ਨਹੀਂ ਖਿੜ ਸਕਿਆ। ਕਈ ਥਾਵਾਂ ’ਤੇ ਆਜ਼ਾਦ ਉਮੀਦਵਾਰਾਂ ਨੂੰ ਭਾਜਪਾ ਨੇ ਹਮਾਇਤ ਦਿੱਤੀ ਸੀ ਪਰ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ।
ਨਤੀਜੇ ਆਉਣ ਪਿੱਛੋਂ ਨੈਕਾਂ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਕਿਹਾ ਕਿ ਉਮਰ ਅਬਦੁੱਲਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਹੋਣਗੇ। ਜਲਦੀ ਹੀ ਉਪ-ਰਾਜਪਾਲ ਦੇ ਸਾਹਮਣੇ ਗੱਠਜੋੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ।
ਇਹ ਹਸਤੀਆਂ ਹਾਰੀਆਂ
ਕਾਂਗਰਸ ਦੇ ਸੂਬਾਈ ਪ੍ਰਧਾਨ ਵਿਕਾਰ ਰਸੂਲ ਵਾਨੀ, ਪੀ. ਡੀ. ਪੀ. ਦੀ ਮੁਖੀ ਮਹਿਬੂਬਾ ਦੀ ਬੇਟੀ ਇਲਤਿਜਾ ਮੁਫਤੀ, ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਭਾਜਪਾ ਦੇ ਸੂਬਾਈ ਪ੍ਰਧਾਨ ਰਵਿੰਦਰ ਰੈਨਾ, ਸਾਬਕਾ ਉਪ-ਮੁੱਖ ਮੰਤਰੀ ਮੁਜ਼ਫਰ ਹੁਸੈਨ ਬੇਗ, ਸਾਬਕਾ ਮੰਤਰੀ ਚੌਧਰੀ ਲਾਲ ਸਿੰਘ, ਭਾਜਪਾ ਨੇਤਾ ਗੁਪਤਾ, ਸਾਬਕਾ ਮੰਤਰੀ ਰਮਨ ਭੱਲਾ, ਸਾਬਕਾ ਸੰਸਦ ਮੈਂਬਰ ਮਹਿਬੂਬ ਬੇਗ ਤੇ ਸਾਬਕਾ ਮੰਤਰੀ ਚੌਧਰੀ ਜੁਲਫੀਕਾਰ ਹਾਰ ਗਏ।
ਬੱਸ ਨਦੀ 'ਚ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ
NEXT STORY