ਨਵੀਂ ਦਿੱਲੀ: ਗਲੋਬਲ ਇਨਵੈਸਟਮੈਂਟ ਬੈਂਕ ਜੈਫਰੀਜ਼ ਨੇ ਆਪਣੀ ਇਕ ਤਾਜ਼ਾ ਰਿਪੋਰਟ ਵਿਚ ਭਾਰਤ ਵਿਚ "ਨਵੀਂ ਉਦਯੋਗਿਕ ਕ੍ਰਾਂਤੀ" ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਬਦਲਾਅ ਵੱਡੇ ਘਰੇਲੂ ਬਾਜ਼ਾਰ, ਨਿਜੀ ਖੇਤਰ ਦੀ ਵੱਧਦੀ ਹਿੱਸੇਦਾਰੀ ਅਤੇ ਲਗਾਤਾਰ ਸਰਕਾਰੀ ਨੀਤੀਗਤ ਸਹਿਯੋਗ ਦੇ ਦਮ 'ਤੇ ਆ ਰਿਹਾ ਹੈ। ਰਿਪੋਰਟ ਵਿਚ ਮੁੱਖ ਤੌਰ 'ਤੇ 6 ਅਜਿਹੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜੋ ਦੇਸ਼ ਵਿਚ ਨਿਰਮਾਣ ਅਤੇ ਵਿਸ਼ਵ ਪੱਧਰੀ ਪ੍ਰਤੀਯੋਗਤਾ ਨੂੰ ਮਜ਼ਬੂਤ ਕਰ ਰਹੇ ਹਨ। ਰਿਪੋਰਟ ਮੁਤਾਬਕ, ਪੁਲਾੜ ਖੇਤਰ ਨੂੰ ਨਿਜੀ ਕੰਪਨੀਆਂ ਲਈ ਖੋਲ੍ਹਣਾ, ਡਾਟਾ ਸੈਂਟਰਾਂ ਲਈ ਟੈਕਸ ਛੋਟਾਂ ਅਤੇ ਸੈਮੀਕੰਡਕਟਰ, ਇਲੈਕਟ੍ਰੌਨਿਕਸ ਤੇ ਸੋਲਰ ਖੇਤਰ ਲਈ ਸਰਕਾਰੀ ਪ੍ਰੋਤਸਾਹਨ ਯੋਜਨਾਵਾਂ ਇਸ ਤੇਜ਼ ਵਿਕਾਸ ਦੇ ਮੁੱਖ ਕਾਰਨ ਹਨ।
1. ਪੁਲਾੜ: ਇਸ ਸੈਕਟਰ ਵਿਚ ਭਾਰਤ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਸਮਰੱਥਾ ਵਾਲੇ ਕੁੱਝ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੈ। ਭਾਰਤ ਦੀ ਸਪੇਸ ਆਰਥਿਕਤਾ 2030 ਤੱਕ ਲਗਭਗ 5 ਗੁਣਾ ਵਧ ਕੇ 40–45 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਸਕਾਈਰੂਟ, ਪਿਕਸਲ ਅਤੇ ਅਗਨੀਕੁਲ ਵਰਗੀਆਂ ਨਿਜੀ ਕੰਪਨੀਆਂ ਇਸ ਖੇਤਰ ਵਿਚ ਵਪਾਰਕ ਕੰਮਕਾਜ ਵੱਲ ਵਧ ਰਹੀਆਂ ਹਨ।
2. ਸੈਮੀਕੰਡਕਟਰ: ਸੈਮੀਕੰਡਕਟਰ ਖੇਤਰ ਵਿਚ ਨੀਤੀਆਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ, ਜਿਸ ਵਿਚ ਲਗਭਗ 20 ਬਿਲੀਅਨ ਡਾਲਰ ਦਾ ਨਿਵੇਸ਼, ਇਕ ਚਿੱਪ ਫੈਬ ਦਾ ਨਿਰਮਾਣ ਅਤੇ ਕਈ OSAT ਪ੍ਰੋਜੈਕਟਾਂ ਦਾ ਉਤਪਾਦਨ ਸ਼ੁਰੂ ਹੋਣਾ ਸ਼ਾਮਲ ਹੈ। ਇਸ ਤੋਂ ਇਲਾਵਾ ਲਗਭਗ 13 ਬਿਲੀਅਨ ਡਾਲਰ ਦੀ ਹੋਰ ਪ੍ਰੋਤਸਾਹਨ ਯੋਜਨਾ ਦੀ ਵੀ ਉਮੀਦ ਹੈ।
3. ਡਾਟਾ ਸੈਂਟਰ: ਪਿਛਲੇ 5 ਸਾਲਾਂ ਵਿਚ ਡਾਟਾ ਸੈਂਟਰ ਸਮਰੱਥਾ 5 ਗੁਣਾ ਵਧ ਕੇ 2 GW ਹੋ ਗਈ ਹੈ ਅਤੇ ਅਗਲੇ 5 ਸਾਲਾਂ ਵਿਚ ਇਹ 10 GW ਤੱਕ ਪਹੁੰਚਣ ਦੀ ਉਮੀਦ ਹੈ। ਇਸ ਨਾਲ ਬਿਜਲੀ, ਕੂਲਿੰਗ, ਨਿਰਮਾਣ ਅਤੇ ਨੈੱਟਵਰਕ ਖੇਤਰ ਵਿਚ 45 ਬਿਲੀਅਨ ਡਾਲਰ ਦੇ ਨਿਵੇਸ਼ ਦਾ ਮੌਕਾ ਬਣੇਗਾ।
4. ਇਲੈਕਟ੍ਰੌਨਿਕਸ : ਭਾਰਤ ਸਿਰਫ਼ ਪੁਰਜ਼ਿਆਂ ਨੂੰ ਅਸੈਂਬਲ ਕਰਨ ਦੀ ਬਜਾਏ ਹੁਣ ਘਰੇਲੂ ਪੱਧਰ 'ਤੇ ਹੀ ਪੁਰਜ਼ੇ ਬਣਾਉਣ ਵੱਲ ਵਧ ਰਿਹਾ ਹੈ। ਮੋਬਾਈਲ ਪੁਰਜ਼ਿਆਂ ਵਿਚ ਘਰੇਲੂ ਵੈਲਿਊ ਅਡੀਸ਼ਨ ਅਗਲੇ 6 ਸਾਲਾਂ ਵਿਚ 20% ਤੋਂ ਵਧ ਕੇ ਲਗਭਗ 50% ਹੋਣ ਦਾ ਅਨੁਮਾਨ ਹੈ।
5. ਸੌਰ ਊਰਜਾ: ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਸੋਲਰ PV ਨਿਰਮਾਤਾ ਬਣ ਗਿਆ ਹੈ, ਜਿੱਥੇ ਲਗਭਗ 35 GW ਸੈੱਲ ਸਮਰੱਥਾ ਚਾਲੂ ਹੈ ਅਤੇ 100 GW ਨਿਰਮਾਣ ਅਧੀਨ ਹੈ। 2030 ਤੱਕ ਵੈਲਿਊ ਚੇਨ ਦਾ 90% ਹਿੱਸਾ ਘਰੇਲੂ ਪੱਧਰ 'ਤੇ ਤਿਆਰ ਹੋਣ ਦੀ ਉਮੀਦ ਹੈ।
6. ਏਅਰੋਸਪੇਸ: ਗਲੋਬਲ ਮੰਗ-ਸਪਲਾਈ ਦੇ ਅਸੰਤੁਲਨ, ਘੱਟ ਲਾਗਤਾਂ ਅਤੇ ਭਾਰਤੀ ਇੰਜੀਨੀਅਰਿੰਗ ਪ੍ਰਤਿਭਾ ਕਾਰਨ ਭਾਰਤ ਏਅਰੋਸਪੇਸ ਖੇਤਰ ਵਿਚ ਉੱਭਰ ਰਿਹਾ ਹੈ। ਬੋਇੰਗ ਅਤੇ ਏਅਰਬੱਸ ਵਰਗੀਆਂ ਪ੍ਰਮੁੱਖ ਕੰਪਨੀਆਂ ਭਾਰਤ ਤੋਂ ਸਾਲਾਨਾ 1.4–1.6 ਬਿਲੀਅਨ ਡਾਲਰ ਦੀ ਖਰੀਦ ਕਰ ਰਹੀਆਂ ਹਨ।
‘ਆਧਾਰ’ ਨੂੰ ਗਲੋਬਲ ਪੱਧਰ ’ਤੇ ਲੈ ਕੇ ਜਾਣ ਦੀ ਤਿਆਰੀ, NPCI ਨੇ ਪੇਸ਼ ਕੀਤੇ 3 ਉਤਪਾਦ
NEXT STORY