ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੀ ਇਕ ਅਦਾਲਤ ਨੇ ਅੱਤਵਾਦ ਦੇ ਦੋਸ਼ੀਆਂ ਨੂੰ ਬਰੀ ਕਰਦੇ ਹੋਏ ਕਿਹਾ ਕਿ ਮਹਿਜ 'ਜੇਹਾਦ' ਸ਼ਬਦ ਦਾ ਇਸਤੇਮਾਲ ਕਰਨ ਨੂੰ ਲੈ ਕੇ ਕਿਸੇ ਵਿਅਕਤੀ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ। ਅਕੋਲਾ ਸਥਿਤ ਅਦਾਲਤ ਦੇ ਜੱਜ ਏ. ਐੱਸ. ਜਾਧਵ ਨੇ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ, ਹਥਿਆਰ ਐਕਟ ਅਤੇ ਬਾਂਬੇ ਪੁਲਸ ਐਕਟ ਤਹਿਤ 3 ਦੋਸ਼ੀਆਂ ਵਿਰੁੱਧ ਇਕ ਮਾਮਲੇ 'ਚ ਇਹ ਟਿੱਪਣੀ ਕੀਤੀ। ਦਰਅਸਲ ਅਕੋਲਾ ਦੇ ਪੁਸਾਦ ਇਲਾਕੇ ਵਿਚ 25 ਸਤੰਬਰ 2015 ਨੂੰ ਬਕਰੀਦ ਦੇ ਮੌਕੇ 'ਤੇ ਇਕ ਮਸਜਿਦ ਦੇ ਬਾਹਰ ਪੁਲਸ ਕਰਮਚਾਰੀਆਂ 'ਤੇ ਹਮਲੇ ਮਗਰੋਂ ਅਬਦੁੱਲ ਰਜ਼ਾਕ, ਸ਼ੋਇਬ ਖਾਨ ਅਤੇ ਸਲੀਮ ਮਲਿਕ 'ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸਤਗਾਸਾ ਪੱਖ ਮੁਤਾਬਕ ਰਜ਼ਾਕ ਮਸਜਿਦ ਪਹੁੰਚਿਆ, ਇਕ ਚਾਕੂ ਕੱਢਿਆ ਅਤੇ ਉਸ ਨੇ ਡਿਊਟੀ 'ਤੇ ਤਾਇਨਾਤ ਦੋ ਪੁਲਸ ਕਰਮਚਾਰੀਆਂ 'ਤੇ ਵਾਰ ਕਰ ਦਿੱਤਾ ਅਤੇ ਉਸ ਨੇ ਹਮਲੇ ਤੋਂ ਪਹਿਲਾਂ ਕਿਹਾ ਕਿ ਬੀਫ 'ਤੇ ਪਾਬੰਦੀ ਕਾਰਨ ਉਹ ਪੁਲਸ ਕਰਮਚਾਰੀਆਂ ਨੂੰ ਮਾਰ ਦੇਵੇਗਾ। ਅੱਤਵਾਦ ਰੋਕੂ ਦਸਤਾ ਨੇ ਦਾਅਵਾ ਕੀਤਾ ਕਿ ਇਹ ਲੋਕ ਮੁਸਲਿਮ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਲਈ ਪ੍ਰਭਾਵਿਤ ਕਰਨ ਦੇ ਦੋਸ਼ੀ ਸਨ। ਜੱਜ ਜਾਧਵ ਨੇ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਦੋਸ਼ੀ ਰਜ਼ਾਕ ਨੇ ਗਊ ਹੱਤਿਆ 'ਤੇ ਪਾਬੰਦੀ ਨੂੰ ਲੈ ਕੇ ਹਿੰਸਾ ਜ਼ਰੀਏ ਸਰਕਾਰ ਅਤੇ ਕੁਝ ਹਿੰਦੂ ਸੰਗਠਨਾਂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ। ਜੱਜ ਨੇ ਅੱਗੇ ਕਿਹਾ ਕਿ ਬੇਸ਼ਕ ਉਸ ਨੇ ਜੇਹਾਦ ਸ਼ਬਦ ਦਾ ਇਸਤੇਮਾਲ ਕੀਤਾ ਪਰ ਇਸ ਸਿੱਟੇ 'ਤੇ ਪਹੁੰਚਣਾ ਗੁਸਤਾਖੀ ਹੋਵੇਗੀ ਕਿ ਮਹਿਜ ਜੇਹਾਦ ਸ਼ਬਦ ਦਾ ਇਸਤੇਮਾਲ ਕਰਨ ਨੂੰ ਲੈ ਕੇ ਉਸ ਨੂੰ ਅੱਤਵਾਦੀ ਕਰਾਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੇਹਾਦ ਅਰਬੀ ਭਾਸ਼ਾ ਦਾ ਇਕ ਸ਼ਬਦ ਹੈ, ਜਿਸ ਦਾ ਅਰਥ 'ਸੰਘਰਸ਼' ਕਰਨਾ ਹੈ। ਇਸ ਲਈ ਮਹਿਜ ਜੇਹਾਦ ਸ਼ਬਦ ਦਾ ਇਸਤੇਮਾਲ ਕਰਨ ਨੂੰ ਲੈ ਕੇ ਕਿਸੇ ਨੂੰ ਅੱਤਵਾਦੀ ਦੱਸਿਆ ਜਾਣਾ ਠੀਕ ਨਹੀਂ ਹੈ। ਪੁਲਸ ਕਰਮਚਾਰੀਆਂ ਨੂੰ ਸੱਟ ਪਹੁੰਚਾਉਣ ਨੂੰ ਲੈ ਕੇ ਰਜ਼ਾਕ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ 25 ਸਤੰਬਰ 2015 ਤੋਂ ਜੇਲ ਵਿਚ ਸੀ ਅਤੇ ਕੈਦ 'ਚ 3 ਸਾਲ ਗੁਜ਼ਾਰ ਚੁੱਕਾ ਹੈ, ਇਸ ਲਈ ਅਦਾਲਤੀ ਹੁਕਮ ਦੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਕਲਾਸ ਰੂਮ 'ਚ ਅਚਾਨਕ ਡਿੱਗਿਆ ਛੱਤ ਦਾ ਪਲੱਸਤਰ, 3 ਵਿਦਿਆਰਥਣਾਂ ਜ਼ਖਮੀ
NEXT STORY