ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਦੂਜੇ ਨੰਬਰ ਦੇ ਸੀਨੀਅਰ ਜੱਜ ਜਸਟਿਸ ਜੇ. ਚੇਲਾਮੇਸ਼ਵਰ ਨੇ ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਦੀਪਕ ਮਿਸ਼ਰਾ ਨੂੰ ਇਕ ਚਿੱਠੀ ਲਿਖ ਕੇ ਕਾਲੇਜੀਅਮ ਦੀ ਬੈਠਕ ਸੱਦਣ ਅਤੇ ਕੇਂਦਰ ਨੂੰ ਜਸਟਿਸ ਕੇ. ਐੱਮ. ਜੋਸੇਫ ਦਾ ਨਾਂ ਮੁੜ ਭੇਜਣ ਦੀ ਬੇਨਤੀ ਕੀਤੀ ਹੈ।
ਚਿੱਠੀ ਵਿਚ ਜਸਟਿਸ ਚੇਲਾਮੇਸ਼ਵਰ ਨੇ ਉੱਤਰਾਖੰਡ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਜੋਸੇਫ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੇ ਜਾਣ ਲਈ ਉਨ੍ਹਾਂ ਦਾ ਨਾਂ ਕੇਂਦਰ ਨੂੰ ਤੁਰੰਤ ਭੇਜਣ ਲਈ ਇਹ ਬੈਠਕ ਸੱਦਣ ਦੀ ਬੇਨਤੀ ਕੀਤੀ ਹੈ।
ਖਬਰਾਂ ਮੁਤਾਬਕ ਚਿੱਠੀ ਵਿਚ ਜਸਟਿਸ ਚੇਲਾਮੇਸ਼ਵਰ ਨੇ ਉਨ੍ਹਾਂ ਸਭ ਮੁੱਦਿਆਂ ਦਾ ਜਵਾਬ ਦਿੱਤਾ ਹੈ, ਜਿਨ੍ਹਾਂ ਨੂੰ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਵਲੋਂ ਉਠਾਇਆ ਗਿਆ ਸੀ। ਕੇਂਦਰ ਵਲੋਂ ਜਸਟਿਸ ਜੋਸੇਫ ਦਾ ਨਾਂ ਵਾਪਸ ਭੇਜਦੇ ਸਮੇਂ ਕੁਝ ਮੁੱਦੇ ਉਠਾਏ ਗਏ ਸਨ ਕਿ ਕਿਉਂ ਉਨ੍ਹਾਂ ਦਾ ਨਾਂ ਵਾਪਸ ਭੇਜਿਆ ਜਾ ਰਿਹਾ ਹੈ। 8 ਮਈ ਨੂੰ ਜਸਟਿਸ ਜੋਸੇਫ ਨੂੰ ਸੁਪਰੀਮ ਕੋਰਟ 'ਚ ਲਿਆਉਣ ਦੀ ਸਿਫਾਰਿਸ਼ 'ਤੇ ਵਿਚਾਰ ਕਰਨ ਲਈ ਹੋਣ ਵਾਲੀ ਸੁਪਰੀਮ ਕੋਰਟ ਦੇ ਕਾਲੇਜੀਅਮ ਦੀ ਬੈਠਕ ਨਹੀਂ ਹੋਈ ਸੀ। ਇਸ ਤੋਂ ਪਹਿਲਾਂ ਕਾਲੇਜੀਅਮ ਨੇ 2 ਮਈ ਨੂੰ ਜਸਟਿਸ ਜੋਸੇਫ ਬਾਰੇ ਆਪਣਾ ਫੈਸਲਾ ਟਾਲ ਦਿੱਤਾ ਸੀ।
ਸੁਪਰੀਮ ਕੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਚਿੱਠੀ ਬੁੱਧਵਾਰ ਰਾਤ ਨੂੰ ਭੇਜੀ ਗਈ ਸੀ। ਚਿੱਠੀ ਵਿਚ ਜਸਟਿਸ ਚੇਲਾਮੇਸ਼ਵਰ ਨੇ ਕਿਹਾ ਕਿ ਉਹ ਜਸਟਿਸ ਜੋਸੇਫ ਨੂੰ ਸੁਪਰੀਮ ਕੋਰਟ ਵਿਚ ਜੱਜ ਵਜੋਂ ਨਿਯੁਕਤ ਕੀਤੇ ਜਾਣ ਦੇ ਆਪਣੇ ਫੈਸਲੇ 'ਤੇ ਜ਼ੋਰ ਦੇ ਰਹੇ ਹਨ ਕਿਉਂਕਿ ਹਾਲਾਤ ਵਿਚ ਕੋਈ ਤਬਦੀਲੀ ਨਹੀਂ ਹੋਈ, ਜਿਸ ਅਧੀਨ ਇਸ ਸਾਲ 10 ਜਨਵਰੀ ਨੂੰ ਕਾਲੇਜੀਅਮ ਨੇ ਉਨ੍ਹਾਂ ਦੇ ਨਾਂ ਦੀ ਸਰਕਾਰ ਕੋਲ ਸਿਫਾਰਿਸ਼ ਕੀਤੀ ਸੀ। ਜਸਟਿਸ ਚੇਲਾਮੇਸ਼ਵਰ ਖੁਦ 22 ਜੂਨ ਨੂੰ ਸੇਵਾ ਮੁਕਤ ਹੋ ਰਹੇ ਹਨ।
ਕਸ਼ਮੀਰ 'ਚ ਲਾਪਤਾ ਹਰਿਆਣੇ ਦਾ ਨੌਜਵਾਨ ਜੰਮੂ 'ਚ ਮਿਲਿਆ
NEXT STORY