ਨਵੀਂ ਦਿੱਲੀ— ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਭਾਵੇਂ ਹੀ ਫਿੱਕਾ ਰਿਹਾ ਪਰ ਆਪਣੇ 'ਭਾਰਤੀ ਪਹਿਰਾਵੇ' ਵਿਚ ਉਨ੍ਹਾਂ ਨੇ ਸਾਰਿਆਂ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ। ਆਪਣੀ ਭਾਰਤ ਯਾਤਰਾ ਦੌਰਾਨ ਟਰੂਡੋ ਗੁਜਰਾਤ, ਆਗਰਾ, ਦਿੱਲੀ, ਮੁੰਬਈ ਅਤੇ ਅੰਮ੍ਰਿਤਸਰ ਗਏ। ਇਨ੍ਹਾਂ ਦੌਰਿਆਂ ਦੌਰਾਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਨੇ ਵੈਸਟਰਨ ਕੱਪੜਿਆਂ ਦੀ ਬਜਾਏ ਭਾਰਤੀ ਕੱਪੜਿਆਂ ਨੂੰ ਤਵੱਜੋਂ ਦਿੱਤੀ ਅਤੇ ਭਾਰਤੀ ਪਰੰਪਰਾ ਦੀ ਝਲਕ ਪੇਸ਼ ਕੀਤੀ।

ਟਰੂਡੋ ਨੇ ਭਾਰਤੀ ਸੱਭਿਆਚਾਰ ਅਤੇ ਇੱਥੋਂ ਦੇ ਲੋਕਾਂ ਨਾਲ ਜੁੜਨ ਦਾ ਇਕ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਇਹ ਗੱਲ ਸਾਫ ਹੋ ਗਈ ਹੈ ਕਿ ਟਰੂਡੋ ਦੀ ਭਾਰਤੀ ਰੰਗ ਵਿਚ ਰੰਗੀ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸੰਬੰਧਾਂ 'ਚ ਮਜ਼ਬੂਤੀ ਆਵੇਗੀ। ਟਰੂਡੋ ਦੀ ਭਾਰਤ ਯਾਤਰਾ ਨੂੰ ਕੈਨੇਡਾ ਵਿਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਕੈਨੇਡਾ ਵਿਚ ਸਾਲ 2019 'ਚ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਰਾਜਨੀਤਕ ਜਾਣਕਾਰਾਂ ਦਾ ਮੰਨਣਾ ਹੈ ਕਿ ਟਰੂਡੋ ਦਾ 'ਭਾਰਤੀ ਪਹਿਰਾਵਾ' ਕੈਨੇਡਾ 'ਚ ਵੱਸੇ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਹੈ।

ਕੈਨੇਡਾ ਵਿਚ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਹਨ। ਸਾਲ 2015 ਦੀਆਂ ਚੋਣਾਂ ਵਿਚ ਟਰੂਡੋ ਦੀ ਪਾਰਟੀ ਨੂੰ ਜ਼ਿਆਦਾਤਰ ਵੋਟਾਂ ਸਿੱਖ ਭਾਈਚਾਰੇ ਤੋਂ ਹੀ ਮਿਲੀਆਂ ਸਨ। ਅਜਿਹੇ 'ਚ ਇਹ ਸਾਫ ਹੈ ਕਿ 2019 ਦੀਆਂ ਚੋਣਾਂ ਵਿਚ ਸਿੱਖ ਭਾਈਚਾਰੇ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।

ਟਰੂਡੋ ਦੀ ਇਸ ਯਾਤਰਾ ਦਾ ਸਭ ਤੋਂ ਖਾਸ ਪਹਿਲੂ ਜੋ ਦੇਖਣ ਨੂੰ ਮਿਲਿਆ, ਉਹ ਸੀ ਭਾਰਤੀ ਕੱਪੜਿਆਂ 'ਚ ਭਾਰਤ ਦੇ ਸ਼ਹਿਰਾਂ ਦਾ ਦੌਰਾ ਕਰਨਾ, ਕੁੜਤੇ-ਪਜਾਮੇ ਪਹਿਨੇ ਟਰੂਡੋ ਦੇ ਬੇਟਿਆਂ ਅਤੇ ਸਲਵਾਰ ਕਮੀਜ ਪਹਿਨੀ ਬੇਟੀ ਦਾ ਹੱਥ ਜੋੜ ਕੇ ਨਮਸਕਾਰ ਕਰਨਾ ਚੋਣ ਰਣਨੀਤੀ ਦਾ ਹੀ ਇਕ ਹਿੱਸਾ ਹੈ।

ਦੱਸਣਯੋਗ ਹੈ ਕਿ ਕੈਨੇਡਾ 'ਚ ਸਾਲ 2015 ਦੀਆਂ ਆਮ ਚੋਣਾਂ ਤੋਂ ਬਾਅਦ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਬਹੁਮਤ ਨਾਲ ਸਰਕਾਰ ਬਣੀ ਸੀ। ਵਿਰੋਧੀ ਧਿਰ ਵਿਚ ਕੰਜ਼ਰਵੇਟਿਵ ਪਾਰਟੀ ਹੈ, ਜਦਕਿ ਨਿਊ ਡੈਮੋਕ੍ਰੇਟਸ ਪਾਰਟੀ (ਐੱਨ. ਡੀ. ਪੀ.) ਤੀਜੀ ਪਾਰਟੀ ਦੇ ਤੌਰ 'ਤੇ ਉਭਰੀ ਹੈ। ਟਰੂਡੋ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਹਨ।
ਹਾਈ ਕੋਰਟ ਦੀ ਬੈਂਕਾਂ ਨੂੰ ਫਟਕਾਰ- ਗਰੀਬਾਂ ਤੋਂ 100 ਸਵਾਲ, ਅਮੀਰਾਂ ਨੂੰ ਬਿਨਾਂ ਜਾਂਚੇ ਦਿੰਦੇ ਹੋ ਲੋਨ
NEXT STORY