ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਕੰਗਨਾ ਸਿਰਫ ਫ਼ਿਲਮਾਂ ਨੂੰ ਲੈ ਕੇ ਹੀ ਨਹੀਂ, ਸਗੋਂ ਸਮਾਜਿਕ ਤੇ ਰਾਜਨੀਤਕ ਮੁੱਦਿਆਂ ’ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੀ ਹੈ। ਦੇਸ਼ ਦੁਨੀਆ ’ਚ ਹੋ ਰਹੀਆਂ ਘਟਨਾਵਾਂ ’ਤੇ ਅਕਸਰ ਕੰਗਨਾ ਆਪਣੀ ਗੱਲ ਰੱਖਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਮੁੰਬਈ ਪੁਲਸ ਕਮਿਸ਼ਨਰ ਪਰਮਵੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਹੇਮੰਤ ਨਾਗਰਾਲੇ ਨੂੰ ਮੁੰਬਈ ਪੁਲਸ ਕਮਿਸ਼ਨਰ ਦਾ ਅਹੁਦਾ ਸੌਂਪਿਆ ਗਿਆ ਹੈ। ਇਸ ਨੂੰ ਲੈ ਕੇ ਕੰਗਨਾ ਰਣੌਤ ਨੇ ਸ਼ਿਵ ਸੈਨਾ ’ਤੇ ਨਿਸ਼ਾਨਾ ਵਿੰਨ੍ਹਿਆ ਹੈ।
ਕੰਗਨਾ ਨੇ ਪਰਮਵੀਰ ਸਿੰਘ ਦੇ ਤਬਾਦਲੇ ਦੀ ਖ਼ਬਰ ਨੂੰ ਲੈ ਕੇ ਟਵੀਟ ਕਰਦਿਆਂ ਲਿਖਿਆ, ‘ਇਹ ਉਹੀ ਵਿਅਕਤੀ ਹੈ, ਜਿਸ ਨੇ ਮੁੰਬਈ ਦੀਆਂ ਸੜਕਾਂ ’ਤੇ ਮੇਰੇ ਬਾਰੇ ਇਤਰਾਜ਼ਯੋਗ ਆਰਟ ਨੂੰ ਪ੍ਰੇਰਿਤ ਕੀਤਾ। ਜਦੋਂ ਮੈਂ ਬਦਲਾ ਲਿਆ ਤਾਂ ਸੋਨੀਆ ਸੈਨਾ ਵਲੋਂ ਉਸ ਦਾ ਬਚਾਅ ਕੀਤਾ ਗਿਆ ਤੇ ਉਸ ਨੇ ਬਦਲੇ ਲਈ ਮੇਰਾ ਘਰ ਤੋੜ ਦਿੱਤਾ। ਅੱਜ ਦੇਖੋ ਸ਼ਿਵ ਸੈਨਾ ਨੇ ਉਸ ਨੂੰ ਬਾਹਰ ਕੱਢ ਦਿੱਤਾ। ਇਹ ਸ਼ਿਵ ਸੈਨਾ ਦੇ ਅੰਤ ਦੀ ਸ਼ੁਰੂਆਤ ਹੈ।’
ਦੱਸਣਯੋਗ ਹੈ ਕਿ ਏਂਟੀਲੀਆ ਕੇਸ ’ਚ ਵੱਧਦੀ ਜਾਂਚ ਵਿਚਾਲੇ ਊਧਵ ਸਰਕਾਰ ਨੇ ਪਰਮਵੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਹੋਮਗਾਰਡ ਵਿਭਾਗ ’ਚ ਤਬਾਦਲੇ ਨੂੰ ਸਜ਼ਾ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਅਜਿਹੇ ’ਚ ਪਰਮਵੀਰ ਸਿੰਘ ਨੂੰ ਲੈ ਕੇ ਊਧਵ ਸਰਕਾਰ ਦਾ ਇਹ ਫ਼ੈਸਲਾ ਉਨ੍ਹਾਂ ਦੀ ਡਿਮੋਸ਼ਨ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਕੇਸ਼ ਅੰਬਾਨੀ ਦੇ ਘਰ ਏਂਟੀਲੀਆ ਕੋਲ ਵਿਸਫੋਟਕ ਸਮੱਗਰੀ ਨਾਲ ਭਰੀ ਗੱਡੀ ਮਿਲੀ ਸੀ, ਜਿਸ ਤੋਂ ਬਾਅਦ ਇਸ ਕੇਸ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਪਰਮਵੀਰ ਸਿੰਘ ਦੀ ਫਰਵਰੀ 2020 ’ਚ ਕਮਿਸ਼ਨਰ ਦੇ ਤੌਰ ’ਤੇ ਨਿਯੁਕਤੀ ਹੋਈ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਚਾਨਕ ਮੁੰਬਈ ਪੁਲਸ ਨਾਲ ਉਹ ਵੀ ਖੂਬ ਚਰਚਾ ’ਚ ਆਏ ਸਨ। ਇਸ ਤੋਂ ਪਹਿਲਾਂ ਉਹ ਮਾਲੇਗਾਂਵ ਬਲਾਸਟ ਨੂੰ ਲੈ ਕੇ ਵੀ ਸੁਰਖ਼ੀਆਂ ’ਚ ਰਹੇ ਸਨ। ਅਜਿਹੇ ’ਚ ਇਕ ਵਾਰ ਮੁੜ ਉਨ੍ਹਾਂ ਦੇ ਤਬਾਦਲੇ ਦੀ ਖ਼ਬਰ ਚਰਚਾ ਦਾ ਵਿਸ਼ਾ ਬਣ ਗਈ ਹੈ।
ਨੋਟ– ਕੰਗਨਾ ਰਣੌਤ ਦੇ ਇਸ ਟਵੀਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।
ਭਰੋਸੇ ਦੇ ਲਾਇਕ ਨਹੀਂ ਭਾਜਪਾ, ਲੰਬੇ ਸਮੇਂ ਤੱਕ ਚੱਲੇਗਾ ਕਿਸਾਨ ਅੰਦੋਲਨ : ਨਰੇਸ਼ ਟਿਕੈਤ
NEXT STORY