ਕਰਨਾਲ— ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਮਧੂਬਨ ਨੇੜੇ ਆਵਰਧਨ ਨਹਿਰ ’ਚ ਨਹਾਉਣ ਗਏ ਨੌਜਵਾਨ ਮੁੰਡਿਆਂ ਦੀਪਕ ਅਤੇ ਹਿਮਾਂਸ਼ੂ ਦੀਆਂ ਲਾਸ਼ਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਬਰਾਮਦ ਕਰ ਲਈਆਂ ਗਈਆਂ ਹਨ। ਇਹ ਦੋਵੇਂ ਦੋਸਤ ਕਰਨਾਲ ਦੇ ਦਾਹ ਪਿੰਡ ਦੇ ਰਹਿਣ ਵਾਲੇ ਸਨ। ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 3:30 ਵਜੇ ਵਾਪਰਿਆ। ਦੋਵੇਂ ਮੁੰਡੇ ਆਪਣੇ 5 ਹੋਰ ਦੋਸਤਾਂ ਨਾਲ ਕ੍ਰਿਕਟ ਖੇਡਣ ਦੇ ਬਹਾਨੇ ਨਹਿਰ ’ਚ ਨਹਾਉਣ ਗਏ ਸਨ। ਬਾਕੀ 5 ਦੋਸਤਾਂ ਨੇ ਇਹ ਕਹਿ ਕੇ ਨਹਿਰ ’ਚ ਨਹਾਉਣ ਤੋਂ ਮਨਾ ਕਰ ਦਿੱਤਾ ਕਿ ਉਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ। ਨਹਾਉਣ ਲਈ ਮੁੰਡਿਆਂ ਨੇ ਇਕ ਪਾਈਪ ’ਤੇ ਰੱਸੀ ਬੰਨ੍ਹ ਲਈ ਅਤੇ ਨਹਿਰ ’ਚ ਉਤਰ ਗਏ ਸਨ। ਇਸ ਦੌਰਾਨ ਇਕ ਮੁੰਡੇ ਦੇ ਹੱਥ ’ਚੋਂ ਰੱਸੀ ਛੁੱਟ ਗਈ ਅਤੇ ਉਹ ਡੁੱਬਣ ਲੱਗਾ।
ਇਹ ਵੀ ਪੜ੍ਹੋ: ਨਹਿਰ ’ਚ ਨਹਾਉਣ ਗਏ ਦੋ ਨੌਜਵਾਨ ਮੁੰਡੇ ਡੁੱਬੇ, ਪੁਲਸ ਅਤੇ ਗੋਤਾਖ਼ੋਰ ਕਰ ਰਹੇ ਭਾਲ
ਆਪਣੇ ਦੋਸਤ ਨੂੰ ਬਚਾਉਣ ਲਈ ਨਹਿਰ ਵਿਚ ਗਿਆ ਦੂਜਾ ਮੁੰਡਾ ਵੀ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਮਧੂਬਨ ਪੁਲਸ ਮੌਕੇ ’ਤੇ ਪੁੱਜੀ, ਜੋ ਕਿ ਗੋਤਾਖ਼ੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨ ਮੁੰਡਿਆਂ ਦੀ ਦੋ ਦਿਨ ਤੋਂ ਭਾਲ ਕਰ ਰਹੀ ਸੀ। ਦੀਪਕ ਦੀ ਲਾਸ਼ ਬੁਢਨਪੁਰ ਪਿੰਡ ਨੇੜੇ ਨਹਿਰ ’ਚੋਂ ਮਿਲੀ, ਜਦਕਿ ਹਿਮਾਂਸ਼ੂ ਦੀ ਲਾਸ਼ ਸਿਰਸੀ ਕੋਲ ਨਹਿਰ ’ਚੋਂ ਬਰਾਮਦ ਕੀਤੀ ਗਈ। ਦੱਸ ਦੇਈਏ ਕਿ ਹਿਮਾਂਸ਼ੂ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਦਕਿ ਦੀਪਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਦੀਪਕ ਦੀ ਭੈਣ ਦਾ ਇਸੇ ਮਹੀਨੇ ਵਿਆਹ ਸੀ, ਆਪਣੇ ਭਰਾ ਦੀ ਲਾਸ਼ ਵੇਖ ਕੇ ਭੈਣ ਧਾਹਾਂ ਮਾਰ-ਮਾਰ ਕੇ ਰੋਣ ਲੱਗ ਪਈ। ਨੌਜਵਾਨਾਂ ਮੁੰਡਿਆਂ ਦੀ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।
CBSE ਨੇ ਲਾਂਚ ਕੀਤੀ ‘ਦੋਸਤ ਫਾਰ ਲਾਈਫ’ ਐਪ, ਵਿਦਿਆਰਥੀਆਂ ਨੂੰ ਮਿਲਣਗੀਆਂ ਇਹ ਖ਼ਾਸ ਸਹੂਲਤਾਂ
NEXT STORY