ਚੰਡੀਗੜ੍ਹ- ਹਰਿਆਣਾ ਦੀ ਵਿਧਾਇਕ ਕਿਰਨ ਚੌਧਰੀ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੂੰ ਭਾਜਪਾ ਵਲੋਂ ਰਾਜ ਸਭਾ ਜ਼ਿਮਨੀ ਚੋਣਾਂ ਵਿਚ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ। ਕਰੀਬ ਦੋ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਈ ਕਿਰਨ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਵਿਧਾਨ ਸਭਾ ਮੈਂਬਰ ਦੇ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ। ਸਪੀਕਰ ਗਿਆਨਚੰਦ ਗੁਪਤਾ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਦੱਸ ਦੇਈਏ ਕਿ ਕਿਰਨ ਹਰਿਆਣਾ ਦੇ ਤੋਸ਼ਾਮ ਹਲਕੇ ਤੋਂ ਪਹਿਲੀ ਵਾਰ 2004 ਵਿਚ ਹੋਈਆਂ ਜ਼ਿਮਨੀ ਚੋਣਾਂ ਜ਼ਰੀਏ ਵਿਧਾਨ ਸਭਾ ਪਹੁੰਚੀ ਸੀ। ਕਿਰਨ ਜੂਨ ਵਿਚ ਆਪਣੀ ਧੀ ਸ਼ਰੂਤੀ ਅਤੇ ਆਪਣੇ ਸਮਰਥਕਾਂ ਨਾਲ ਭਾਜਪਾ ਵਿਚ ਸ਼ਾਮਲ ਹੋ ਗਈ ਸੀ।
ਦੱਸ ਦੇਈਏ ਕਿ 9 ਸੂਬਿਆਂ ਵਿਚ ਰਾਜ ਸਭਾ ਦੀਆਂ 12 ਖਾਲੀ ਸੀਟਾਂ ਲਈ ਚੋਣਾਂ 3 ਸਤੰਬਰ ਨੂੰ ਹੋਣਗੀਆਂ। ਹਰਿਆਣਾ ਵਿਚ ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਦੇ ਰੋਹਤਕ ਤੋਂ ਲੋਕ ਸਭਾ ਲਈ ਚੁਣੇ ਜਾਣ ਮਗਰੋਂ ਰਾਜ ਸਭਾ ਲਈ ਇਕਲੌਤੀ ਸੀਟ 'ਤੇ ਜ਼ਿਮਨੀ ਚੋਣ ਕਰਾਉਣ ਦੀ ਲੋੜ ਪਈ ਹੈ। ਇਸ ਸੀਟ ਲਈ ਨਾਮਜ਼ਦਗੀ ਦਰਜ ਕਰਾਉਣ ਦੀ ਆਖ਼ਰੀ ਤਾਰੀਖ਼ ਦਿਨ ਬੁੱਧਵਾਰ ਹੈ। ਸੂਤਰਾਂ ਨੇ ਦੱਸਿਆ ਕਿ ਭਾਜਪਾ ਹਰਿਆਣਾ ਤੋਂ ਰਾਜ ਸਭਾ ਚੋਣਾਂ ਲਈ ਕਿਰਨ ਚੌਧਰੀ ਨੂੰ ਉਮੀਦਵਾਰ ਬਣਾ ਸਕਦੀ ਹੈ।
ਕਿਰਨ ਚੌਧਰੀ ਦੇ ਅਸਤੀਫ਼ੇ ਮਗਰੋਂ 90 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਮੈਂਬਰਾਂ ਦੀ ਗਿਣਤੀ 41 ਹੋ ਗਈ ਹੈ, ਜਦਕਿ ਕਾਂਗਰਸ ਦੇ 28 ਹੋਰ ਜਨਨਾਇਕ ਜਨਤਾ ਪਾਰਟੀ (JJP) ਦੇ 10 ਮੈਂਬਰ ਹਨ। ਵਿਧਾਨ ਸਭਾ ਵਿਚ 5 ਆਜ਼ਾਦ ਵਿਧਾਇਕ ਹਨ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਹਰਿਆਣਾ ਲੋਕ ਹਿੱਤ ਪਾਰਟੀ ਦੇ ਇਕ-ਇਕ ਮੈਂਬਰ ਹਨ ਅਤੇ 4 ਸੀਟਾਂ ਖਾਲੀ ਹਨ। ਭਾਜਪਾ ਕੋਲ ਆਜ਼ਾਦ ਵਿਧਾਇਕ ਨਯਨ ਪਾਲ ਰਾਵਤ ਅਤੇ ਹਰਿਆਣਾ ਲੋਕ ਹਿੱਤ ਵਿਧਾਇਕ ਗੋਪਾਲ ਕਾਂਡਾ ਦਾ ਵੀ ਸਮਰਥਨ ਹੈ।
ਸ਼ਰਮਨਾਕ! ਡਾਕਟਰ ਨੇ ਨਰਸ ਨੂੰ ਬੰਧਕ ਬਣਾ ਕੇ ਕੀਤਾ ਰੇਪ
NEXT STORY