ਪੁਣੇ, (ਭਾਸ਼ਾ)- ਮਹਾਰਾਸ਼ਟਰ ਦੇ ਕੋਲ੍ਹਾਪੁਰ ’ਚ ਬੁੱਧਵਾਰ ਸਵੇਰੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਰਾਤ ਨੂੰ ਸਥਿਤੀ ਕਾਬੂ ਹੇਠ ਸੀ। ਕੁਝ ਹਿੰਦੂ ਸੰਗਠਨਾਂ ਨੇ ਇੱਥੇ ਬੰਦ ਦਾ ਸੱਦਾ ਦਿੱਤਾ ਸੀ। ਇਹ ਵਿਵਾਦ ਮੁਗਲ ਹੁਕਮਰਾਨ ਔਰੰਗਜ਼ੇਬ ਅਤੇ ਮੈਸੂਰ ਦੇ ਟੀਪੂ ਸੁਲਤਾਨ ਦੇ ਕਥਿਤ ਤੌਰ ’ਤੇ ‘ਸਟੇਟਸ’ ਲਾਉਣ ਨੂੰ ਲੈ ਕੇ ਸ਼ੁਰੂ ਹੋਇਆ।
ਇਤਰਾਜ਼ਯੋਗ ਆਡੀਓ ਸੰਦੇਸ਼ ਨੂੰ ਸੋਸ਼ਲ ਮੀਡੀਆ ’ਤੇ ਸਟੇਟਸ ਵਜੋਂ ਪੋਸਟ ਕਰਨ ਵਿਰੁੱਧ ਭੀੜ ਨੇ ਪਥਰਾਅ ਕੀਤਾ। ਲੋਕਾਂ ਨੂੰ ਉਥੋਂ ਹਟਾਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਪੁਲਸ ਇਲਾਕੇ ਵਿੱਚ ਇੰਟਰਨੈੱਟ ਬੰਦ ਕਰਨ ਦੀ ਤਿਆਰੀ ਕਰ ਰਹੀ ਸੀ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇੰਟਰਨੈੱਟ ਸੇਵਾਵਾਂ ਬੰਦ ਕਰਨ ਲਈ ਪ੍ਰਸ਼ਾਸਨ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਉਸ ’ਚ ਕਿਹਾ ਗਿਆ ਹੈ ਕਿ ਇੰਟਰਨੈੱਟ ਸੇਵਾਵਾਂ ਇਕ ਦਿਨ ਲਈ ਮੁਅੱਤਲ ਕੀਤੀਆਂ ਜਾਣ। ਸ਼ਹਿਰ ਵਿੱਚ ਸਟੇਟ ਰਿਜ਼ਰਵ ਪੁਲਸ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੁਲਸ ਨੇ ਗੁਆਂਢੀ ਸਤਾਰਾ ਜ਼ਿਲੇ ਤੋਂ ਹੋਰ ਪੁਲਸ ਮੰਗਵਾਈ ਹੈ।
ਅਧਿਕਾਰੀ ਨੇ ਦੱਸਿਆ ਕਿ ਧਾਰਾ 144 ਨੂੰ 19 ਜੂਨ ਤੱਕ ਲਾਗੂ ਕੀਤਾ ਗਿਆ ਹੈ। ਦੋ ਵਿਅਕਤੀਆਂ ਨੇ ਆਪਣੇ ਸੋਸ਼ਲ ਮੀਡੀਆ ਸਟੇਟਸ ’ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ 18ਵੀਂ ਸਦੀ ਦੇ ਮੈਸੂਰ ਦੇ ਹੁਕਮਰਾਨ ਟੀਪੂ ਸੁਲਤਾਨ ਦੀਆਂ ਤਸਵੀਰਾਂ ਦੇ ਨਾਲ ਆਡੀਓ ਸੰਦੇਸ਼ ਪੋਸਟ ਕੀਤਾ ਸੀ। ਇਸ ਤੋਂ ਬਾਅਦ ਮੰਗਲਵਾਰ ਉੱਥੇ ਤਣਾਅ ਪੈਦਾ ਹੋ ਗਿਆ ਸੀ।
ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਸੱਜੇ-ਪੱਖੀ ਕਾਰਕੁਨਾਂ ਦੇ ਇੱਕ ਗਰੁੱਪ ਵੱਲੋਂ ਦੋਵਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ। ਪ੍ਰਦਰਸ਼ਨਾਂ ਤੋਂ ਬਾਅਦ ਪੁਲਸ ਨੇ ਸ਼ਾਮ ਨੂੰ ਇਕ ਹੋਰ ਐੱਫ.ਆਈ.ਆਰ. ਦਰਜ ਕਰ ਕੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਬੁੱਧਵਾਰ ਫਿਰ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਆਏ। ਕੋਲ੍ਹਾਪੁਰ ਦੇ ਐੱਸ. ਪੀ. ਮਹਿੰਦਰ ਪੰਡਿਤ ਨੇ ਕਿਹਾ ਕਿ ਕੁਝ ਹਿੰਦੂ ਸੰਗਠਨਾਂ ਨੇ ਕੋਲ੍ਹਾਪੁਰ ਬੰਦ ਦਾ ਸੱਦਾ ਦਿੱਤਾ ਸੀ। ਉਨ੍ਹਾਂ ਦੇ ਵਰਕਰ ਸ਼ਿਵਾਜੀ ਚੌਕ ਵਿੱਚ ਇਕੱਠੇ ਹੋਏ। ਪ੍ਰਦਰਸ਼ਨ ਤੋਂ ਬਾਅਦ ਭੀੜ ਵਾਪਸ ਜਾ ਰਹੀ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪੁਲਸ ਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕਰਨੀ ਪਈ। ਕੁਝ ਘਰਾਂ ’ਤੇ ਪਥਰਾਅ ਕੀਤਾ ਗਿਆ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਉਸ ਤੋਂ ਬਾਅਦ ਹੀ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਪੁਲਸ ਨੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ 'ਚ ਇੰਦਰਾ ਗਾਂਧੀ ਦੇ ਕਤਲ ਸੰਬੰਧੀ ਝਾਕੀ 'ਤੇ ਭੜਕੀ ਕਾਂਗਰਸ, ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ
NEXT STORY