ਨਵੀਂ ਦਿੱਲੀ (ਵਾਰਤਾ)- ਲੋਕ ਸਭਾ 'ਚ ਸੋਮਵਾਰ ਨੂੰ ਵੀ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ, ਜਿਸ ਕਾਰਨ ਸਦਨ 'ਚ ਕੋਈ ਕੰਮਕਾਰ ਨਹੀਂ ਹੋਇਆ ਅਤੇ ਪ੍ਰਧਾਨਗੀ ਅਧਿਕਾਰੀ ਰਾਜੇਂਦਰ ਅਗਰਵਾਲ ਨੂੰ ਸਦਨ ਦੀ ਕਾਰਵਾਈ ਬੁੱਧਵਾਰ ਯਾਨੀ 5 ਅਪ੍ਰੈਲ ਤੱਕ ਲਈ ਮੁਲਤਵੀ ਕਰਨੀ ਪਈ। ਰਾਜੇਂਦਰ ਅਗਰਵਾਲ ਨੇ ਇਕ ਵਾਰ ਦੀ ਮੁਲਤਵੀ ਤੋਂ ਬਾਅਦ 2 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਕੀਤੀ, ਕਾਲੇ ਕੱਪੜੇ ਪਹਿਨੇ ਕਾਂਗਰਸ ਅਤੇ ਦਰਮੁਕ ਦੇ ਮੈਂਬਰ ਸਦਨ ਦੇ ਵਿਚੋ-ਵਿਚ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਾਲੇ ਰੰਗ ਦਾ ਮਾਸਕ ਪਹਿਨ ਕੇ ਸਦਨ 'ਚ ਆਏ ਸਨ। ਪ੍ਰਧਾਨਗੀ ਅਧਿਕਾਰੀ ਨੇ ਜਿਵੇਂ ਹੀ ਨਿਯਮ 377 ਦੇ ਅਧੀਨ ਕਾਰਵਾਈ ਸ਼ੁਰੂ ਕੀਤੀ ਤਾਂ ਵਿਰੋਧੀ ਮੈਂਬਰਾਂ ਦਾ ਹੰਗਾਮਾ ਤੇਜ਼ ਹੋ ਗਿਆ। ਹੰਗਾਮੇ ਦਰਮਿਆਨ ਪ੍ਰਧਾਨਗੀ ਅਧਿਕਾਰੀ ਨੇ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲਗਾਤਾਰ ਸਦਨ ਨੂੰ ਰੋਕਣਾ ਉੱਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਲਗਭਗ ਸਮਾਪਤੀ 'ਤੇ ਹੈ ਅਤੇ ਜ਼ਰੂਰੀ ਬਿੱਸ ਕਰਵਾਉਣੇ ਹਨ, ਇਸ ਲਈ ਮੈਂਬਰ ਆਪਣੀਆਂ ਸੀਟਾਂ 'ਤੇ ਚੱਲੇ ਜਾਣ ਪਰ ਹੰਗਾਮਾ ਕਰ ਰਹੇ ਮੈਂਬਰਾਂ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਹੰਗਮਾ ਵਧਣ ਲੱਗਾ ਤਾਂ ਸ੍ਰੀ ਅਗਰਵਾਲ ਨੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ।
ਉੱਥੇ ਹੀ ਅਡਾਨੀ ਮਾਮਲੇ ਨੂੰ ਲੈ ਕੇ ਵਿਰੋਧੀ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਸੋਮਵਾਰ ਨੂੰ ਰਾਜ ਸਭਾ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਸਪੀਕਰ ਜਗਦੀਪ ਧਨਖੜ ਨੇ ਮੈਂਬਰਾਂ ਨੂੰ ਰਾਜ ਸਭਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮੈਂਬਰਾਂ ਨੂੰ ਸਦਨ ਨੂੰ ਸਹੀ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉੱਪਰੀ ਸਦਨ ਹੈ, ਜਿੱਥੇ ਮੁੱਦੇ 'ਤੇ ਵਿਚਾਰ ਵਟਾਂਦਰਾ ਅਤੇ ਚਰਚਾ ਹੋਣੀ ਚਾਹੀਦੀ ਹੈ। ਇਹ ਕੋਈ ਰੁਕਾਵਟ ਪੈਦਾ ਕਰਨ ਦਾ ਸਥਾਨ ਨਹੀਂ ਹੈ। ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੇ ਕਾਰਵਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਦੇ ਮੈਂਬਰ ਨਾਅਰੇਬਾਜ਼ੀ ਕਰਨ ਲੱਗੇ ਅਤੇ ਆਪਣੀਆਂ-ਆਪਣੀਆਂ ਸੀਟਾਂ ਤੋਂ ਉੱਠ ਕੇ ਆਸਨ ਵੱਲ ਆ ਗਏ। ਸਪੀਕਰ ਨੇ ਕਾਂਗਰਸ ਮੈਂਬਰਾਂ ਦੇ ਹੰਗਾਮੇ ਵਿਚਾਲੇ ਮੁਕਾਬਲਾ (ਸੋਧ) ਬਿੱਲ 2023 ਪਾਸ ਕਰਵਾਇਆ। ਇਸ ਬਿੱਲ ਨੂੰ ਬਿਨਾਂ ਕਿਸੇ ਚਰਚਾ ਦੇ ਆਵਾਜ਼ ਮਤ ਨਾਲ ਪਾਸ ਕਰਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ।
MP ਮੰਦਰ ਹਾਦਸਾ: 36 ਲੋਕਾਂ ਦੀ ਮੌਤ ਮਗਰੋਂ ਮੰਦਰ ਦਾ ਗੈਰ-ਕਾਨੂੰਨੀ ਨਿਰਮਾਣ ਢਾਹਿਆ, ਬਾਊਲੀ ਕੀਤੀ ਬੰਦ
NEXT STORY