ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿਚ ਪਟਵਾਰੀਆਂ (ਮਾਲ ਵਿਭਾਗ ਦੇ ਮੁਲਾਜ਼ਮਾਂ) ਦੀ ਭਰਤੀ ਵਿਚ ਘਪਲੇ ਦਾ ਦੋਸ਼ ਲਗਾਉਂਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਹ ‘ਵਿਆਪਮ ਘਪਲਾ 2.0’ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਚ ਇਸ ਵਿਸ਼ੇ ਨੂੰ ਲੈ ਕੇ ਕੀਤੇ ਗਏ ਇਕ ਵਿਰੋਧ ਪ੍ਰਦਰਸ਼ਨ ਦਾ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ-ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਨੌਜਵਾਨਾਂ ਨਾਲ ਸਿਰਫ ਧੋਖਾ ਕੀਤਾ ਹੈ। ਪਟਵਾਰੀ ਪ੍ਰੀਖਿਆ ਘਪਲਾ, ਵਿਆਪਮ ਘਪਲਾ 2.0 ਹੈ ਜੋ ਪ੍ਰਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ।
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪਹਿਲਾਂ ਭਾਜਪਾ ਨੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਖੋਹਿਆ, ਹੁਣ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਹੱਕ ਅਤੇ ਨੌਜਵਾਨਾਂ ਤੋਂ ਰੁਜ਼ਗਾਰ ਖੋਹ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਮੱਧ ਪ੍ਰਦੇਸ਼ ’ਚ ਭਾਜਪਾ ਦੇ ਸ਼ਾਸਨ ਦੌਰਾਨ ਘਪਲੇ ਤੋਂ ਬਾਅਦ ਘਪਲੇ ਹੋਏ ਹਨ ਅਤੇ ਹੁਣ ਵੀ ਹੋ ਰਹੇ ਹਨ। ਪਟਵਾਰੀ ਪ੍ਰੀਖਿਆ ਘਪਲਾ ਤਾਜ਼ਾ ਮਾਮਲਾ ਹੈ। ਹਰ ਜਨਸਭਾ ਵਿਚ ਭ੍ਰਿਸ਼ਟਾਚਾਰ ’ਤੇ ਭਾਸ਼ਣ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਇਸ ਘਪਲੇ ਦੀ ਜਾਂਚ ਕਰਵਾਉਣਗੇ।
ਮੱਧ ਪ੍ਰਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪਟਵਾਰੀਆਂ ਦੀ ਭਰਤੀ ਵਿਚ ਵੱਡੇ ਪੱਧਰ ’ਤੇ ਧਾਂਦਲੀ ਕੀਤੀ ਗਈ ਸੀ ਅਤੇ ਚੋਟੀ ਦੇ 10 ਚੁਣੇ ਗਏ ਉਮੀਦਵਾਰਾਂ ਵਿਚੋਂ 7 ਗਵਾਲੀਅਰ ਵਿਚ ਇਕ ਨਿੱਜੀ ਕਾਲਜ ਵਿਚ ਬਣਾਏ ਗਏ ਕੇਂਦਰ ਵਿਚ ਭਰਤੀ ਪ੍ਰੀਖਿਆ ਲਈ ਬੈਠੇ ਸਨ। ਕਾਂਗਰਸ ਦਾ ਦਾਅਵਾ ਹੈ ਕਿ ਇਹ ਕਾਲਜ ਸੱਤਾਧਾਰੀ ਭਾਜਪਾ ਦਾ ਇਕ ਵਿਧਾਇਕ ਚਲਾ ਰਿਹਾ ਹੈ। ਸੱਤਾਧਾਰੀ ਭਾਜਪਾ ਨੇ ਇਸ ਭਰਤੀ ਪ੍ਰੀਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਤੋਂ ਇਨਕਾਰ ਕੀਤਾ ਹੈ।
ਪੰਡਿਤ ਧੀਰੇਂਦਰ ਸ਼ਾਸਤਰੀ ਦੀ ਕਥਾ ’ਚ ਮਚੀ ਭਾਜੜ, 12 ਬੇਹੋਸ਼, ਕਈਆਂ ਨੂੰ ਲੱਗਿਆ ਕਰੰਟ
NEXT STORY